MLA ਸਰਬਜੀਤ ਕੌਰ ਮਾਣੂਕੇ ਨੂੰ ਝਟਕਾ ! NRI ਮਾਤਾ ਨੂੰ ਮਿਲਿਆ ਕੋਠੀ ਦਾ ਕਬਜ਼ਾ : ਰਾਤ ਨੂੰ ਚੁੱਪ ਚਪੀਤੇ ਬਣੀ ਸਹਿਮਤੀ
NRI Family's house case : ਜਗਰਾਓਂ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਸਰਬਜੀਤ ਕੌਰ ਮਾਣੂਕੇ ਨੂੰ ਐਨਆਰਆਈ ਪਰਿਵਾਰ ਦੀ ਕੋਠੀ ਖਾਲੀ ਕਰਨੀ ਪਵੇਗੀ। ਦੇਰ ਰਾਤ ਦੋ ਧਿਰਾਂ ਵਿਚਾਲੇ ਸਹਿਮਤੀ ਬਣ ਗਈ ਹੈ ਜਿਸ ਤੋਂ ਬਾਅਦ ਹੁਣ ਇਸ ਕੋਠੀ ਵਿਚੋਂ..
ਲੁਧਿਆਣਾ : ਜਗਰਾਓਂ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਸਰਬਜੀਤ ਕੌਰ ਮਾਣੂਕੇ ਨੂੰ ਐਨਆਰਆਈ ਪਰਿਵਾਰ ਦੀ ਕੋਠੀ ਖਾਲੀ ਕਰਨੀ ਪਵੇਗੀ। ਦੇਰ ਰਾਤ ਦੋ ਧਿਰਾਂ ਵਿਚਾਲੇ ਸਹਿਮਤੀ ਬਣ ਗਈ ਹੈ ਜਿਸ ਤੋਂ ਬਾਅਦ ਹੁਣ ਇਸ ਕੋਠੀ ਵਿਚੋਂ ਵਿਧਾਇਕ ਸਰਬਜੀਤ ਕੌਰ ਮਾਣੂਕੇ ਨੂੰ ਜਾਣਾ ਹੀ ਪਵੇਗਾ।
ਕਾਫ਼ੀ ਜੱਦੋ ਜਹਿਦ ਅਤੇ ਲੰਬੇ ਗੇੜਿਆਂ ਤੋਂ ਬਾਅਦ ਆਖਰਕਾਰ ਜਗਰਾਓਂ ਵਾਲੀ ਕੋਠੀ ਵਿਵਾਦ ਦਾ ਮਸਲਾ ਹੱਲ ਹੋ ਗਿਆ ਹੈ। ਲੰਬੀ ਲੜਾਈ ਤੋਂ ਬਾਅਦ NRI ਬਜ਼ੁਰਗ ਮਾਤਾ ਅਮਰਜੀਤ ਕੌਰ ਨੂੰ ਜਗਰਾਓਂ ਦੇ ਹੀਰਾ ਬਾਗ ਸਥਿਤ ਉਹਨਾਂ ਦੀ ਕੋਠੀ ਮਿਲ ਹੀ ਗਈ ਹੈ। ਐੱਸ ਪੀ ਹਰਿੰਦਰ ਸਿੰਘ ਪਰਮਾਰ ਨੇ ਦਫ਼ਤਰ ਵਿੱਚ ਦੋਵੇਂ ਧਿਰਾਂ ਪਹੁੰਚੀਆਂ ਅਤੇ ਬੰਦ ਕਮਰਾ ਮੀਟਿੰਗ ਕੀਤੀ ਗਈ।
ਐੱਸਪੀ ਹਰਿੰਦਰ ਸਿੰਘ ਪਰਮਾਰ ਦੇ ਦਫ਼ਤਰ ਵਿੱਚ ਐੱਨਆਰਆਈ ਅਮਰਜੀਤ ਕੌਰ ਅਤੇ ਉਹਨਾ ਦੇ ਨਾਲ ਕੈਨੇਡਾ ਤੋਂ ਆਈ ਨੂੰਹ ਕੁਲਦੀਪ ਕੌਰ ਧਾਲੀਵਾਲ ਆਪਣੇ ਰਿਸ਼ਤੇਦਾਰਾਂ ਨਾਲ ਪਹੁੰਚੇ ਸਨ ਤਾਂ ਦੂਜੀ ਧਿਰ ਵਿਚੋਂ ਕੋਠੀ ਖਰੀਦਣ ਦਾ ਦਾਅਵਾ ਕਰਨ ਵਾਲੇ ਕਰਮ ਸਿੰਘ ਵੀ ਪਹੁੰਚੇ। ਐੱਸ ਪੀ ਹਰਿੰਦਰ ਸਿੰਘ ਪਰਮਾਰ ਦੀ ਹਾਜ਼ਰੀ ਵਿੱਚ ਦੋਵੇਂ ਧਿਰਾਂ ਵਿਚਾਲੇ ਸਹਿਮਤ ਬਣ ਗਈ ਅਤੇ ਕੋਠੀ ਐਨ ਆਰ ਆਈ ਬਜ਼ੁਰਗ ਮਾਤਾ ਨੂੰ ਵਾਪਸ ਦੇਣ ਦਾ ਫੈਸਲਾ ਹੋਇਆ।
ਇਸ ਤੋਂ ਬਾਅਦ ਕਰਮ ਸਿੰਘ ਵੱਲੋਂ ਬਕਾਇਦਾ ਤੌਰ 'ਤੇ ਇੱਕ ਹਲਫ਼ੀਆ ਬਿਆਨ ਵੀ ਲਿਖ ਕੇ ਦਿੱਤਾ ਗਿਆ। ਜਿਸ ਵਿੱਚ ਕਰਮ ਸਿੰਘ ਨੇ ਬਿਆਨ ਦਿੱਤਾ ਕਿ
- ਮੈਂ ਐਨਆਰਆਈ ਅਮਰਜੀਤ ਕੌਰ ਦੀ ਤਿੰਨ ਮੰਜਿਲਾ ਕੋਠੀ 11 ਮਈ 2023 ਨੁੰ ਫਰਜੀ ਰਜਿਸਟਰੀ ਕਰਵਾ ਕੇ ਆਪਣੇ ਨਾਮ ਕਰਵਾ ਲਈ ਸੀ।
- ਮੈਨੂੰ ਅਸ਼ੋਕ ਕੁਮਾਰ ਨੇ ਧੋਖੇ ਨਾਲ ਅਮਰਜੀਤ ਕੌਰ ਦੀ ਕੋਠੀ ਦੀ ਪਾਵਰ ਆਫ਼ ਅਟਾਰਨੀ ਆਪਣੇ ਨਾਮ ਦਿਖਾਈ ਜਿਸ ਤੋਂ ਬਾਅਦ ਮੈਂ ਰਜਿਸਟਰੀ ਕਰਵਾਈ ਸੀ।
- ਮੈਂ 21 ਜੂਨ 2023 ਨੂੰ ਅਸ਼ੋਕ ਕੁਮਾਰ ਵੱਲੋਂ ਤਿਆਰ ਕੀਤੀ ਫਰਜ਼ੀ ਪਾਵਰ ਆਫ਼ ਅਟਾਰਨੀ ਦੇ ਆਧਾਰ 'ਤੇ ਗਲਤ ਰਜਿਸਟਰੀ ਕਰਵਾਉਣ ਦੀ ਗਲਤੀ ਦਾ ਅਹਿਸਾਸ ਕਰਦਾ ਹਾਂ, ਮੈਂ ਹੁਣ ਇਸ ਕੋਠੀ ਦੇ ਸਾਰੇ ਮਾਲਕਾਨਾ ਹੱਕ ਹਕੂਕ ਅਮਰਜੀਤ ਕੌਰ ਨੂੰ ਦਿੰਦਾ ਹਾਂ।
- ਇਸ ਤੋਂ ਬਾਅਦ ਅਸ਼ੋਕ ਕੁਮਾਰ ਨੇ ਕਿਹਾ ਕਿ ਮੈਂ ਇਹ ਵੀ ਇਕਰਾਰ ਕਰਦਾ ਹਾਂ ਕਿ ਮੇਰੇ ਵੱਲੋਂ ਜੋ ਜਾਅਲੀ ਰਜਿਸਟਰੀ ਦੇ ਆਧਾਰ 'ਤੇ ਇੰਤਕਾਲ 35771 ਮਿਲੀ 9 ਜੂਨ 2023 ਨੂੰ ਕਰਵਾਇਆ ਸੀ ਇਸ ਨੂੰ ਨਾ ਮਨਜ਼ੂਰ ਕਰਨ ਲਈ ਮਾਲ ਮਹਿਕਮਾ ਵਿਭਾਗ ਨੂੰ ਲਿਖਾਂਗਾ।