Pilibhit Encounter: ਪੀਲੀਭੀਤ ਐਨਕਾਊਂਟਰ 'ਚ ਤਿੰਨ ਪੰਜਾਬੀਆਂ ਦੀ ਮੌਤ 'ਤੇ ਉੱਠੇ ਸਵਾਲ! 'ਆਪ' ਵਿਧਾਇਕ ਨੇ ਮੰਗੀ ਉੱਚ ਪੱਧਰੀ ਜਾਂਚ
Pilibhit Encounter Case: ਯੂਪੀ ਦੇ ਪੀਲੀਭੀਤ ਐਨਕਾਊਂਟਰ ਵਿੱਚ ਮਾਰੇ ਗਏ ਤਿੰਨ ਪੰਜਾਬੀ ਨੌਜਵਾਨਾਂ ਦੀ ਮੌਤ ਦਾ ਮਾਮਲਾ ਗਰਮਾ ਗਿਆ ਹੈ। ਸੋਸ਼ਲ ਮੀਡੀਆ ਉਪਰ ਇਸ ਐਨਕਾਉਂਟਰ ਨੂੰ ਫੇਕ ਦੱਸਿਆ ਜਾ ਰਿਹਾ ਹੈ। ਪਰਿਵਾਰਕ ਮੈਂਬਰਾਂ ਨੇ ਵੀ
Pilibhit Encounter Case: ਯੂਪੀ ਦੇ ਪੀਲੀਭੀਤ ਐਨਕਾਊਂਟਰ ਵਿੱਚ ਮਾਰੇ ਗਏ ਤਿੰਨ ਪੰਜਾਬੀ ਨੌਜਵਾਨਾਂ ਦੀ ਮੌਤ ਦਾ ਮਾਮਲਾ ਗਰਮਾ ਗਿਆ ਹੈ। ਸੋਸ਼ਲ ਮੀਡੀਆ ਉਪਰ ਇਸ ਐਨਕਾਉਂਟਰ ਨੂੰ ਫੇਕ ਦੱਸਿਆ ਜਾ ਰਿਹਾ ਹੈ। ਪਰਿਵਾਰਕ ਮੈਂਬਰਾਂ ਨੇ ਵੀ ਇਸ ਮੁਕਾਬਲੇ ਉੁਪਰ ਸਵਾਲ ਉਠਾਏ ਹਨ। ਹੁਣ ਇਸ ਮਾਮਲੇ ਨੂੰ ਲੈ ਕੇ ਪੰਜਾਬ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਪੱਤਰ ਲਿਖਿਆ ਹੈ।
ਵਿਧਾਇਕ ਗਿਆਸਪੁਰਾ ਨੇ ਕਿਹਾ ਹੈ ਕਿ ਯੂਪੀ ਸਰਕਾਰ ਨਾਲ ਸੰਪਰਕ ਕਰਕੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ, ਤਾਂ ਜੋ ਸਾਰੀ ਸੱਚਾਈ ਸਾਹਮਣੇ ਆ ਸਕੇ। ਦੂਜੇ ਪਾਸੇ ਯੂਪੀ ਵਿੱਚ ਇਸ ਮਾਮਲੇ ਦੀ ਜਾਂਚ ਸ਼ੁਰੂ ਹੋ ਗਈ ਹੈ। ਮਾਮਲੇ ਦੀ ਜਾਂਚ ਕਰ ਰਹੇ ਡੀਐਮ ਸੰਜੇ ਕੁਮਾਰ ਨੇ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ ਬਿਆਨ ਦਰਜ ਕਰਨ ਲਈ 15 ਦਿਨਾਂ ਦਾ ਸਮਾਂ ਦਿੱਤਾ ਹੈ। ਇਸ ਤੋਂ ਇਲਾਵਾ ਜੇਕਰ ਕਿਸੇ ਹੋਰ ਵਿਅਕਤੀ ਕੋਲ ਕੋਈ ਜਾਣਕਾਰੀ ਹੋਵੇ ਤਾਂ ਉਹ ਵੀ 3 ਜਨਵਰੀ ਤੱਕ ਆਪਣਾ ਬਿਆਨ ਦਰਜ ਕਰਵਾ ਸਕੇਗਾ।
ਦੱਸ ਦਈਏ ਕਿ ਪੰਜਾਬ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਮੁਕਾਬਲੇ 'ਚ ਮਾਰੇ ਗਏ ਤਿੰਨ ਨੌਜਵਾਨ ਗੁਰਦਾਸਪੁਰ 'ਚ ਪੁਲਿਸ ਚੌਕੀ 'ਤੇ ਹੋਏ ਗ੍ਰਨੇਡ ਹਮਲੇ 'ਚ ਸ਼ਾਮਲ ਸਨ। ਹਮਲੇ ਤੋਂ ਬਾਅਦ ਤਿੰਨੋਂ ਪੰਜਾਬ ਤੋਂ ਭੱਜ ਕੇ ਯੂਪੀ ਦੇ ਪੀਲੀਭੀਤ ਚਲੇ ਗਏ ਸਨ। ਪੰਜਾਬ ਪੁਲਿਸ ਨੇ ਪੀਲੀਭੀਤ ਪੁਲਿਸ ਨੂੰ ਸੂਚਿਤ ਕੀਤਾ ਸੀ ਕਿ ਇਹ ਮੁਲਜ਼ਮ ਜ਼ਿਲ੍ਹੇ ਵਿੱਚ ਲੁਕੇ ਹੋਏ ਹਨ। ਇਸ ਮੁਕਾਬਲੇ ਦੌਰਾਨ ਪੁਲਿਸ ਨੇ ਜਸਪ੍ਰੀਤ ਸਿੰਘ, ਗੁਰਵਿੰਦਰ ਸਿੰਘ ਤੇ ਵਰਿੰਦਰ ਸਿੰਘ ਨੂੰ ਮਾਰ ਮੁਕਾਇਆ ਸੀ। ਪੁਲਿਸ ਨੇ ਇਨ੍ਹਾਂ ਕੋਲੋਂ ਦੋ ਏਕੇ-47 ਰਾਈਫਲਾਂ ਤੇ ਦੋ ਵਿਦੇਸ਼ੀ ਪਿਸਤੌਲ ਬਰਾਮਦ ਕਰਨ ਦਾ ਦਾਅਵਾ ਕੀਤਾ ਸੀ।
ਹੁਣ ਯੂਪੀ ਪੁਲਿਸ ਐਨਕਾਊਂਟਰ ਮਾਮਲੇ ਦੀ ਜਾਂਚ ਕਰ ਰਹੀ ਹੈ। ਯੂਪੀ ਪੁਲਿਸ ਮੁਤਾਬਕ ਮੁਕਾਬਲੇ ਵਿੱਚ ਮਾਰੇ ਗਏ ਤਿੰਨੋਂ ਨੌਜਵਾਨ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਸਬੰਧਤ ਸਨ। ਖਾਲਿਸਤਾਨ ਪੱਖੀ ਤੱਤ ਵਿਦੇਸ਼ਾਂ ਤੋਂ ਉਨ੍ਹਾਂ ਦੀ ਮਦਦ ਕਰ ਰਹੇ ਸਨ। ਇਨ੍ਹਾਂ 'ਚੋਂ ਇੱਕ ਖਾਲਿਸਤਾਨੀ ਕੁਲਬੀਰ ਸਿੰਘ ਉਰਫ ਸਿੱਧੂ ਬੱਬਰ ਨੇ ਉਨ੍ਹਾਂ ਨੂੰ ਹੋਟਲ ਦਾ ਕਮਰਾ ਦਿਵਾਉਣ 'ਚ ਮਦਦ ਕੀਤੀ ਸੀ। ਪੁਲਿਸ ਨੇ ਕੁਲਬੀਰ ਸਿੰਘ ਉਰਫ ਸਿੱਧੂ, ਪਾਕਿਸਤਾਨ ਸਥਿਤ ਖਾਲਿਸਤਾਨੀ ਹਰਵਿੰਦਰ ਸਿੰਘ ਉਰਫ ਰਿੰਦਾ ਤੇ ਫਤਿਹ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਹੈ।