Ludhiana: ਥਾਣੇ ‘ਚ ਪੁਲਿਸ ਮੁਲਾਜ਼ਮ ਵੱਲੋਂ ਰਿਸ਼ਵਤ ਮੰਗਣ ਦਾ ਆਡੀਓ ਵਾਇਰਲ, ਮਹਿਕਮੇ 'ਚ ਮੱਚੀ ਤਰਥੱਲੀ; SHO ਬੋਲਿਆ ਗਲਤ ਨੇ ਇਲਜ਼ਾਮ, ਜਾਣੋ ਪੂਰਾ ਮਾਮਲਾ
ਲੁਧਿਆਣਾ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ। ਜਿੱਥੇ ਇੱਕ ਥਾਣੇ ਵਿੱਚ ਪੁਲਿਸ ਮੁਲਾਜ਼ਮ ਵੱਲੋਂ ਬਿਆਨ ਦੇਣ ਆਏ ਸ਼ਿਕਾਇਤਕਰਤਾਵਾਂ ਤੋਂ 500-500 ਰੁਪਏ ਰਿਸ਼ਵਤ ਮੰਗਣ ਦਾ ਇੱਕ ਆਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਿਆ ਹੈ।

ਲੁਧਿਆਣਾ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ। ਜਿੱਥੇ ਇੱਕ ਥਾਣੇ ਵਿੱਚ ਪੁਲਿਸ ਮੁਲਾਜ਼ਮ ਵੱਲੋਂ ਬਿਆਨ ਦੇਣ ਆਏ ਸ਼ਿਕਾਇਤਕਰਤਾਵਾਂ ਤੋਂ 500-500 ਰੁਪਏ ਰਿਸ਼ਵਤ ਮੰਗਣ ਦਾ ਇੱਕ ਆਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਿਆ ਹੈ। ਜਦੋਂ ਸ਼ਿਕਾਇਤਕਰਤਾਵਾਂ ਕੋਲ ਰਿਸ਼ਵਤ ਦੇਣ ਲਈ ਪੈਸੇ ਨਹੀਂ ਸਨ ਤਾਂ ਉਨ੍ਹਾਂ ਨੇ ਆਪਣੇ ਇਲਾਕੇ ਦੇ ਕੌਂਸਲਰ ਦੇ ਪਤੀ ਨੂੰ ਫ਼ੋਨ ਕੀਤਾ ਅਤੇ ਪੁਲਿਸ ਮੁਲਾਜ਼ਮ ਨਾਲ ਗੱਲ ਕਰਵਾਈ। ਕੌਂਸਲਰ ਪਤੀ ਨਾਲ ਵੀ ਉਸ ਪੁਲਿਸ ਵਾਲੇ ਨੇ 500 ਰੁਪਏ ਦਿਵਾਉਣ ਦੀ ਗੱਲ ਕਹੀ।
ਕੌਂਸਲਰ ਪਤੀ ਨੇ ਤੁਰੰਤ ਜਵਾਬ ਦਿੱਤਾ ਕਿ “ਇਨ੍ਹਾਂ ਤੋਂ ਪੈਸੇ ਨਾ ਲਓ, ਮੈਂ ਤੁਹਾਨੂੰ ਖ਼ੁਦ 500 ਰੁਪਏ ਭੇਜ ਦਿੰਦਾ ਹਾਂ”। ਇਸ ਆਡੀਓ ਤੋਂ ਬਾਅਦ ਪੁਲਿਸ ਵਿਭਾਗ ਵਿੱਚ ਕਾਫ਼ੀ ਹਲਚਲ ਮੱਚ ਗਈ ਹੈ ਅਤੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਹੁਣ ਤੱਕ ਉਸ ਪੁਲਿਸ ਮੁਲਾਜ਼ਮ ਵਿਰੁੱਧ ਕੋਈ ਅਧਿਕਾਰਤ ਕਾਰਵਾਈ ਦੀ ਖ਼ਬਰ ਨਹੀਂ ਆਈ, ਪਰ ਮਾਮਲਾ ਤੂਲ ਫੜ੍ਹਦਾ ਜਾ ਰਿਹਾ ਹੈ।
ਜਤਿੰਦਰ ਗੋਰਿਆਨ ਨੇ ਪੁਲਿਸਕਰਮੀ ਨਾਲ ਆਪਣੀ ਗੱਲਬਾਤ ਦਾ ਆਡੀਓ ਵਾਇਰਲ ਕਰ ਦਿੱਤਾ ਹੈ। ਉਸਦਾ ਦੋਸ਼ ਹੈ ਕਿ ਪੁਲਿਸਕਰਮੀ ਨੇ ਸ਼ਿਕਾਇਤ ਕਰਨ ਆਏ ਪਰਿਵਾਰ ਦੇ ਦੋ ਮੈਂਬਰਾਂ ਤੋਂ 500-500 ਰੁਪਏ ਮੰਗੇ। ਦੂਸਰੀ ਪਾਸੇ, SHO ਅਮਰਜੀਤ ਸਿੰਘ ਨੇ ਕਿਹਾ ਹੈ ਕਿ ਜੋ ਆਡੀਓ ਵਾਇਰਲ ਹੋਇਆ ਹੈ, ਉਹ ਕਾਂਟ-ਛਾਂਟ ਕਰਕੇ ਚਲਾਇਆ ਗਿਆ ਹੈ ਅਤੇ ਇਹ ਪੂਰਾ ਆਡੀਓ ਨਹੀਂ ਹੈ।
ਜਤਿੰਦਰ ਗੋਰਿਆਨ ਨੇ ਦੱਸਿਆ ਕਿ ਇੱਕ ਮਹਿਲਾ ਦੇ ਘਰ ਵਿੱਚ ਚੋਰੀ ਹੋ ਗਈ ਸੀ ਅਤੇ ਚੋਰ ਉਸਦਾ ਤੇ ਉਸਦੇ ਪੁੱਤਰ ਦਾ ਮੋਬਾਈਲ ਫੋਨ ਲੈ ਗਏ ਸਨ। ਟਿੱਬਾ ਥਾਣੇ ਦੀ ਪੁਲਿਸ ਨੇ ਚੋਰਾਂ ਨੂੰ ਕਾਬੂ ਕਰ ਲਿਆ। ਇਸ ਤੋਂ ਬਾਅਦ ਮਹਿਲਾ ਅਤੇ ਉਸਦਾ ਪੁੱਤਰ ਆਪਣੇ ਫੋਨ ਵਾਪਸ ਲੈਣ ਲਈ ਥਾਣੇ ਪਹੁੰਚੇ ਅਤੇ ਪੁਲਿਸ ਨੂੰ ਕਿਹਾ ਕਿ ਉਹ ਕੋਈ ਕਾਰਵਾਈ ਨਹੀਂ ਕਰਵਾਉਣਾ ਚਾਹੁੰਦੇ, ਸਿਰਫ਼ ਫੋਨ ਵਾਪਸ ਚਾਹੀਦੇ ਹਨ।
ਗੋਰਿਆਨ ਦੇ ਮੁਤਾਬਕ, ਪੁਲਿਸਕਰਮੀ ਨੇ ਦੋਹਾਂ ਤੋਂ ਆਪਣੇ-ਆਪਣੇ ਫੋਨਾਂ ਲਈ 500-500 ਰੁਪਏ ਰਿਸ਼ਵਤ ਮੰਗੀ। ਜਦੋਂ ਮਹਿਲਾ ਕੋਲ ਪੈਸੇ ਨਹੀਂ ਸਨ, ਤਾਂ ਉਸ ਨੇ ਪੁਲਿਸਕਰਮੀ ਦੀ ਗੱਲਬਾਤ ਗੋਰਿਆਨ ਨਾਲ ਕਰਵਾਈ। ਗੋਰਿਆਨ ਨੇ ਕਿਹਾ ਕਿ ਪੁਲਿਸਕਰਮੀ ਨੇ ਉਸਨੂੰ ਵੀ ਕਿਹਾ ਕਿ ਮਹਿਲਾ ਨੂੰ ਕਹੋ 500-500 ਰੁਪਏ ਦੇ ਦੇਵੇ।
ਇਸ 'ਤੇ ਗੋਰਿਆਨ ਨੇ ਪੁਲਿਸਕਰਮੀ ਨੂੰ ਦੱਸਿਆ ਕਿ ਉਸਦੀ ਪਤਨੀ ਕੌਂਸਲਰ ਹੈ ਤੇ ਉਹ ਆਪਣੇ ਦਫ਼ਤਰ ਤੋਂ ਹੀ ਪੈਸੇ ਭੇਜ ਦੇਣਗੇ। ਗੋਰਿਆਨ ਦੇ ਅਨੁਸਾਰ, ਇਸ ਗੱਲਬਾਤ ਤੋਂ ਬਾਅਦ ਹੀ ਪੁਲਿਸਕਰਮੀ ਨੇ ਮਹਿਲਾ ਅਤੇ ਉਸਦੇ ਪੁੱਤਰ ਨੂੰ ਫੋਨ ਵਾਪਸ ਕਰ ਦਿੱਤੇ।
ਆਡੀਓ ‘ਚ ਕੌਂਸਲਰ ਪਤੀ ਅਤੇ ਪੁਲਿਸਕਰਮੀ ਦੀ ਗੱਲਬਾਤ
ਆਡੀਓ ਵਿੱਚ ਸੁਣਿਆ ਗਿਆ ਕਿ ਪੁਲਿਸਕਰਮੀ ਕੌਸਲਰ ਪਤੀ ਨਾਲ ਕਹਿੰਦਾ ਹੈ, "ਸੇਵਾ ਪਾਣੀ ਮਰਹਮ-ਪੱਟੀ ਕਰ ਦਿਓ, ਤੇ ਕੀ ਕਿਹਾ ਇਨ੍ਹਾਂ ਨੂੰ... 500-500 ਰੁਪਏ ਤਾਂ ਦੇ ਹੀ ਸਕਦੇ ਨੇ।" ਇਸ ’ਤੇ ਕੌਸਲਰ ਪਤੀ ਜਵਾਬ ਦਿੰਦਾ ਹੈ, "500-500 ਰੁਪਏ ਤਾਂ ਮੈਨੂੰ ਹੀ ਦੇਣੇ ਪੈਣਗੇ। ਮੇਰੇ ਦਫ਼ਤਰ ਛੋਟਾ ਭੇਜ ਦਿਓ, ਮੈਂ ਦੇ ਦਿਆਂਗਾ।" ਪੁਲਿਸਕਰਮੀ ਫਿਰ ਕਹਿੰਦਾ ਹੈ, "ਕੋਈ ਗੱਲ ਨਹੀਂ।"
ਵੀਡੀਓ ਨੂੰ ਕਾਂਟ-ਛਾਂਟ ਕੇ ਕੀਤਾ ਵਾਇਰਲ
ਇਸ ਮਾਮਲੇ ਬਾਰੇ SHO ਟਿੱਬਾ ਅਮਰਜੀਤ ਸਿੰਘ ਨੇ ਕਿਹਾ ਕਿ ਜੋ ਆਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਉਹ ਪੂਰੀ ਨਹੀਂ ਹੈ। ਉਸਨੂੰ ਤੋੜ-ਮਰੋੜ ਕੇ ਵਾਇਰਲ ਕੀਤਾ ਗਿਆ ਹੈ। SHO ਦੇ ਮੁਤਾਬਕ, ਜਤਿੰਦਰ ਗੋਰਿਆਨ ਦੇ ਲੋਕਾਂ ਨੇ ਕੁਝ ਨੌਜਵਾਨਾਂ ਨਾਲ ਝਗੜਾ ਕੀਤਾ ਸੀ ਅਤੇ ਪੁਲਿਸਕਰਮੀ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਇਲਾਜ ਲਈ ਕਿਹਾ ਸੀ। ਫਿਰ ਵੀ, ਮਾਮਲੇ ਦੀ ਜਾਂਚ ਜਾਰੀ ਹੈ।






















