Ludhiana News: ਜ਼ਮੀਨ ਪਿੱਛੇ 24 ਸਾਲਾ ਪੋਤੇ ਵੱਲੋਂ 62 ਸਾਲਾ ਦਾਦੇ ਦਾ ਕਤਲ, ਜਾਇਦਾਦ ਦੀ ਵੰਡ ਤੋਂ ਸੀ ਪੋਤਾ ਔਖਾ
Ludhiana News: ਜ਼ਮੀਨ ਦੇ ਲਾਲਚ ਵਿੱਚ ਪੋਤੇ ਨੇ ਦਾਦੇ ਦਾ ਕਤਲ ਕਰ ਦਿੱਤਾ। ਇਹ ਦਿਲ ਕੰਬਾਊ ਖਬਰ ਬੱਸੀ ਪਠਾਣਾਂ ਨੇੜਲੇ ਪਿੰਡ ਰਸੂਲਪੁਰ ਦੀ ਹੈ।
Ludhiana News: ਜ਼ਮੀਨ ਦੇ ਲਾਲਚ ਵਿੱਚ ਪੋਤੇ ਨੇ ਦਾਦੇ ਦਾ ਕਤਲ ਕਰ ਦਿੱਤਾ। ਇਹ ਦਿਲ ਕੰਬਾਊ ਖਬਰ ਬੱਸੀ ਪਠਾਣਾਂ ਨੇੜਲੇ ਪਿੰਡ ਰਸੂਲਪੁਰ ਦੀ ਹੈ। ਇੱਥੇ ਜ਼ਮੀਨ ਦੀ ਵੰਡ ਤੋਂ ਨਾਰਾਜ਼ 24 ਸਾਲਾ ਪੋਤਰੇ ਵੱਲੋਂ ਆਪਣੇ ਦਾਦੇ ਦੀ ਹੱਤਿਆ ਕਰ ਦਿੱਤੀ ਗਈ। ਪੋਤਾ ਜ਼ਮੀਨ ਦੀ ਵੰਡ ਤੋਂ ਔਖਾ ਸੀ। ਉਸ ਨੇ ਕਿਰਪਾਨ ਨਾਲ ਦਾਦੇ ਦਾ ਕਤਲ ਕਰ ਦਿੱਤਾ।
ਇਸ ਬਾਰੇ ਡੀਐਸਪੀ ਬਸੀ ਪਠਾਣਾਂ ਅਮਰਪ੍ਰੀਤ ਸਿੰਘ ਨੇ ਦੱਸਿਆ ਕਿ ਪਿੰਡ ਰਸੂਲਪੁਰ ਵਿੱਚ ਉੱਥੋਂ ਦੇ ਵਸਨੀਕ ਜਸਵੰਤ ਸਿੰਘ (62) ਦੇ ਕਤਲ ਦੀ ਸੂਚਨਾ ਮਿਲੀ ਸੀ। ਥਾਣਾ ਬਡਾਲੀ ਆਲਾ ਸਿੰਘ ਦੇ ਐਸਐਚਓ ਸਬ-ਇੰਸਪੈਕਟਰ ਨਰਪਿੰਦਰ ਸਿੰਘ ਤੇ ਚੁੰਨੀ ਕਲਾਂ ਚੌਕੀ ਦੇ ਇੰਚਾਰਜ ਕਸ਼ਮੀਰੀ ਲਾਲ ਨੇ ਪੁਲਿਸ ਫੋਰਸ ਸਣੇ ਘਟਨਾ ਵਾਲੀ ਥਾਂ ’ਤੇ ਪਹੁੰਚ ਕੇ ਜਸਵੰਤ ਸਿੰਘ ਦੀ ਲਾਸ਼ ਕਬਜ਼ੇ ’ਚ ਲੈ ਕੇ ਕੇਸ ਦਰਜ ਕਰ ਲਿਆ ਹੈ।
ਮ੍ਰਿਤਕ ਦੇ ਲੜਕੇ ਮਨਦੀਪ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੇ ਪਿਤਾ ਦਾ ਕਤਲ ਉਸ ਦੇ ਭਤੀਜੇ ਬਲਜੀਤ ਸਿੰਘ (24) ਨੇ ਕੀਤਾ ਹੈ। ਪੁਲਿਸ ਨੇ ਕੁਝ ਹੀ ਘੰਟਿਆਂ ’ਚ ਬਲਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਮੁਤਾਬਕ ਬਲਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਦਾਦੇ ਜਸਵੰਤ ਸਿੰਘ ਕੋਲ ਕੁੱਲ ਨੌਂ ਏਕੜ ਜ਼ਮੀਨ ਸੀ। ਉਸ ਨੇ ਤਿੰਨ-ਤਿੰਨ ਏਕੜ ਜ਼ਮੀਨ ਆਪਣੇ ਦੋਵਾਂ ਪੁੱਤਰਾਂ ਨੂੰ ਵੰਡ ਕੇ ਦਿੱਤੀ ਹੋਈ ਸੀ ਤੇ ਤਿੰਨ ਏਕੜ ਜ਼ਮੀਨ ਆਪਣੇ ਕੋਲ ਰੱਖੀ ਹੋਈ ਸੀ।
ਬਲਜੀਤ ਨੇ ਦੱਸਿਆ ਕਿ ਉਸ ਦਾ ਦਾਦਾ ਆਪਣੇ ਹਿੱਸੇ ਦੀ ਤਿੰਨ ਏਕੜ ਜ਼ਮੀਨ ਆਪਣੀ ਇੱਕ ਨੂੰਹ ਦੇ ਨਾਂ ਕਰਵਾਉਣਾ ਚਾਹੁੰਦਾ ਸੀ, ਇਸ ਕਾਰਨ ਉਸ ਨੇ ਪਹਿਲਾਂ ਖ਼ੁਦਕੁਸ਼ੀ ਕਰਨ ਦੀ ਸੋਚੀ ਪਰ ਫਿਰ ਉਸ ਨੇ ਆਪਣੇ ਦਾਦੇ ਨੂੰ ਕਤਲ ਕਰਨ ਦੀ ਵਿਉਂਤ ਬਣਾਈ। ਉਹ ਸਵੇਰੇ ਪੰਜ ਵਜੇ ਹੀ ਖੇਤ ’ਚ ਲੁਕ ਕੇ ਬੈਠ ਗਿਆ ਤੇ ਜਦੋਂ ਉਸ ਦਾ ਦਾਦਾ ਖੇਤ ’ਚ ਆਇਆ ਤਾਂ ਉਸ ਨੇ ਕਿਰਪਾਨ ਮਾਰ ਕੇ ਕਤਲ ਕਰ ਦਿੱਤਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।