Ludhiana News: ਕੋਠੀ ’ਤੇ ਕਬਜ਼ੇ ਦੇ ਦੋਸ਼ਾਂ ਮਗਰੋਂ ਸੁਖਬੀਰ ਬਾਦਲ ਨੇ ਮੰਗੀ ‘ਆਪ’ ਵਿਧਾਇਕਾ ਮਾਣੂਕੇ ਖ਼ਿਲਾਫ਼ ਕਾਨੂੰਨੀ ਕਾਰਵਾਈ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਨਆਰਆਈ ਮਹਿਲਾ ਦੀ ਕੋਠੀ ’ਤੇ ਕਬਜ਼ਾ ਕਰਨ ਦੇ ਦੋਸ਼ ਹੇਠ ‘ਆਪ’ ਵਿਧਾਇਕਾ ਸਰਵਜੀਤ ਕੌਰ ਮਾਣੂਕੇ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।
Ludhiana News: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਨਆਰਆਈ ਮਹਿਲਾ ਦੀ ਕੋਠੀ ’ਤੇ ਕਬਜ਼ਾ ਕਰਨ ਦੇ ਦੋਸ਼ ਹੇਠ ‘ਆਪ’ ਵਿਧਾਇਕਾ ਸਰਵਜੀਤ ਕੌਰ ਮਾਣੂਕੇ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕਾਰਵਾਈ ਕਰਨ ਦੀ ਜਗ੍ਹਾ ਪੰਜਾਬ ਪੁਲਿਸ ਮਾਮਲੇ ਨੂੰ ਦੱਬ ਰਹੀ ਹੈ।
ਸੁਖਬੀਰ ਬਾਦਲ ਨੇ ਕਿਹਾ ਕਿ ਇਸ ਨਾਲ ਐਨਆਰਆਈ ਭਾਈਚਾਰੇ ਲਈ ਗਲਤ ਸੰਦੇਸ਼ ਜਾਂਦਾ ਹੈ ਕਿ ਪੰਜਾਬ ਵਿੱਚ ਪਰਵਾਸੀਆਂ ਦੀਆਂ ਜ਼ਮੀਨਾਂ ਸੁਰੱਖਿਅਤ ਨਹੀਂ ਹਨ। ਉਨ੍ਹਾਂ ਕਿਹਾ ਕਿ ਐਨਆਰਆਈ ਅਮਰਜੀਤ ਕੌਰ ਨੇ ਡੀਜੀਪੀ ਸਮੇਤ ਹੋਰ ਮੰਤਰੀਆਂ ਤੱਕ ਵੀ ਪਹੁੰਚ ਕੀਤੀ ਹੈ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ।
ਦੱਸ ਦਈਏ ਕਿ ਇੱਕ ਐਨਆਰਆਈ ਔਰਤ ਨੇ ਹਲਕਾ ਜਗਰਾਉਂ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ’ਤੇ ਸਥਾਨਕ ਹੀਰਾ ਬਾਗ ਸਥਿਤ ਉਸ ਦੀ ਕੋਠੀ ’ਤੇ ਕਬਜ਼ਾ ਕਰਨ ਦੇ ਦੋਸ਼ ਲਾਏ ਹਨ। ਉਸ ਨੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਸ਼ਿਕਾਇਤ ਦੇ ਕੇ ਵਿਧਾਇਕਾ ਖ਼ਿਲਾਫ਼ ਕਾਰਵਾਈ ਮੰਗੀ ਹੈ।
ਦੂਜੇ ਪਾਸੇ ਵਿਧਾਇਕਾ ਮਾਣੂੰਕੇ ਨੇ ਦੋਸ਼ ਨਕਾਰਦਿਆਂ ਕਿਹਾ ਕਿ ਉਨ੍ਹਾਂ ਦੀ ਸਿਆਸੀ ਸਾਖ਼ ਨੂੰ ਸੱਟ ਮਾਰਨ ਲਈ ਅਜਿਹਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਿਰਾਏ ਵਾਲੀ ਪੁਰਾਣੀ ਕੋਠੀ ਛੱਡ ਕੇ ਉਹ ਨਵੀਂ ਕੋਠੀ ’ਚ ਵੀ ਕਿਰਾਏ ’ਤੇ ਹੀ ਆਏ ਹਨ। ਇਸ ਦਾ ਬਾਕਾਇਦਾ ਕਿਰਾਏ ਸਬੰਧੀ ‘ਇਕਰਾਰ’ ਹੋਣ ਦਾ ਦਾਅਵਾ ਕਰਦਿਆਂ ਉਨ੍ਹਾਂ ਕਿਹਾ ਕਿ ਜੇ ਹੁਣ ਕੋਠੀ ਦੇ ਦੋ ਮਾਲਕ ਸਾਹਮਣੇ ਆ ਗਏ ਹਨ ਤਾਂ ਇਸ ਦੀ ਜਾਂਚ ਕਰਵਾਈ ਜਾਵੇ ਤੇ ਜਿਹੜਾ ਅਸਲ ਮਾਲਕ ਹੋਵੇਗਾ ਉਹ ਉਸ ਨੂੰ ਕੋਠੀ ਦੀਆਂ ਚਾਬੀਆਂ ਦੇਣ ਲਈ ਤਿਆਰ ਹਨ।
ਉਧਰ, ਜ਼ਿਲ੍ਹਾ ਪੁਲਿਸ ਮੁਖੀ ਨੇ ਇਹ ਸ਼ਿਕਾਇਤ ਜਾਂਚ ਲਈ ਅੱਗੇ ਐਸਪੀ (ਡੀ) ਨੂੰ ਭੇਜ ਦਿੱਤੀ ਹੈ। ਸ਼ਿਕਾਇਤਕਰਤਾ ਅਮਰਜੀਤ ਕੌਰ ਨੇ ਖੁਦ ਨੂੰ ਲੋਪੋਂ (ਮੋਗਾ) ਦੀ ਰਹਿਣ ਵਾਲੀ ਦੱਸਦਿਆਂ ਕਿਹਾ ਕਿ ਉਸ ਦੀ ਜਗਰਾਉਂ ਦੇ ਹੀਰਾ ਬਾਗ ਵਿੱਚ ਕੋਠੀ ਹੈ, ਜੋ ਕਈ ਸਾਲਾਂ ਤੋਂ ਖਾਲੀ ਪਈ ਸੀ। ਉਨ੍ਹਾਂ ਉਸ ਕੋਠੀ ’ਤੇ ਵਿਧਾਇਕਾ ਵੱਲੋਂ ਕਥਿਤ ਨਾਜਾਇਜ਼ ਕਬਜ਼ਾ ਕਰਨ ਤੇ ਉਸ ’ਚ ਦਾਖ਼ਲ ਨਾ ਹੋਣ ਦੇਣ ਦੇ ਦੋਸ਼ ਲਾਏ ਹਨ।
ਦੂਜੇ ਪਾਸੇ ਵਿਧਾਇਕਾ ਨੇ ਕਰਮ ਸਿੰਘ ਨਾਂ ਦੇ ਵਿਅਕਤੀ ਤੋਂ ਕੋਠੀ ਕਿਰਾਏ ’ਤੇ ਲੈਣ ਦਾ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਸ਼ਿਕਾਇਤ ਸਬੰਧੀ ਪਤਾ ਲੱਗਣ ’ਤੇ ਉਨ੍ਹਾਂ ਖੁਦ ਪੁਲੀਸ ਕੋਲ ਜਾ ਕੇ ਅਸਲ ਮਾਲਕ ਦਾ ਪਤਾ ਲਾਉਣ ਲਈ ਜਾਂਚ ਦੀ ਮੰਗ ਕੀਤੀ ਹੈ। ਸ਼ਿਕਾਇਤਕਰਤਾ ਵੱਲੋਂ ਇਸ ਸਬੰਧੀ ਮੁੱਖ ਮੰਤਰੀ ਦਫ਼ਤਰ ਤੋਂ ਲੈ ਕੇ ਵਿਧਾਨ ਸਭਾ ਦੇ ਸਪੀਕਰ ਤੇ ਹੋਰ ਮੰਤਰੀਆਂ ਨੂੰ ਵੀ ਸ਼ਿਕਾਇਤ ਕੀਤੀ ਗਈ ਹੈ।