Ludhiana News: ਹੁਣ ਬੈਂਸ ਭਰਾ ਵੀ ਫੜਨਗੇ ਬੀਜੇਪੀ ਦਾ ਪੱਲਾ, ਲੋਕ ਇਨਸਾਫ਼ ਪਾਰਟੀ ਨੇ ਕੋਰ ਕਮੇਟੀ ਦੀ ਮੀਟਿੰਗ ਬੁਲਾਈ
ਲੋਕ ਇਨਸਾਫ਼ ਪਾਰਟੀ ਵੀ ਬੀਜੇਪੀ ਵਿੱਚ ਸ਼ਾਮਲ ਹੋ ਸਕਦੀ ਹੈ। ਬੀਜੇਪੀ ਦੀ ਸੀਨੀਅਰ ਲੀਡਰ ਬੈਂਸ ਭਰਾਵਾਂ ਸਿਮਰਜੀਤ ਸਿੰਘ ਬੈਂਸ ਤੇ ਉਨ੍ਹਾਂ ਦੇ ਭਰਾ ਬਲਵਿੰਦਰ ਸਿੰਘ ਬੈਂਸ ਨਾਲ ਲਗਾਤਰ ਗੱਲਬਾਤ ਕਰ ਰਹੀ ਹੈ।
Ludhiana News: ਲੋਕ ਇਨਸਾਫ਼ ਪਾਰਟੀ ਵੀ ਬੀਜੇਪੀ ਵਿੱਚ ਸ਼ਾਮਲ ਹੋ ਸਕਦੀ ਹੈ। ਬੀਜੇਪੀ ਦੀ ਸੀਨੀਅਰ ਲੀਡਰ ਬੈਂਸ ਭਰਾਵਾਂ ਸਿਮਰਜੀਤ ਸਿੰਘ ਬੈਂਸ ਤੇ ਉਨ੍ਹਾਂ ਦੇ ਭਰਾ ਬਲਵਿੰਦਰ ਸਿੰਘ ਬੈਂਸ ਨਾਲ ਲਗਾਤਰ ਗੱਲਬਾਤ ਕਰ ਰਹੀ ਹੈ। ਬੇਸ਼ੱਕ ਇਹ ਚਰਚਾ ਪਹਿਲਾਂ ਵੀ ਛਿੜੀ ਸੀ ਪਰ ਇਸ ਵਾਰ ਬੈਂਸ ਭਰਾਵਾਂ ਨੇ ਖੁਦ ਇਸ ਦੀ ਪੁਸ਼ਟੀ ਕੀਤੀ ਹੈ ਕਿ ਬੀਜੇਪੀ ਲੀਡਰਸ਼ਿਪ ਨਾਲ ਗੱਲਬਾਤ ਜਾਰੀ ਹੈ। ਉਂਝ ਉਨ੍ਹਾਂ ਨੇ ਇਹ ਸਪਸ਼ਟ ਨਹੀਂ ਕੀਤਾ ਕਿ ਉਹ ਪਾਰਟੀ ਭੰਗ ਕਰਕੇ ਬੀਜੇਪੀ ਵਿੱਚ ਸ਼ਾਮਲ ਹੋਣਗੇ ਜਾਂ ਫਿਰ ਗੱਠਜੋੜ ਕਰਨਗੇ।
ਸੂਤਰਾਂ ਮੁਤਾਬਕ ਦੋਵੇਂ ਭਰਾ ਭਾਜਪਾ ਦੇ ਕੇਂਦਰੀ ਆਗੂਆਂ ਦੇ ਸੰਪਰਕ ’ਚ ਹਨ ਤੇ ਗੱਲਬਾਤ ਦਾ ਦੌਰ ਜਾਰੀ ਹੈ। ਆਉਣ ਵਾਲੀਆਂ ਨਿਗਮ ਚੋਣਾਂ ਤੇ ਲੋਕ ਸਭਾ ਚੋਣਾਂ ’ਚ ਦੋਵੇਂ ਭਾਜਪਾ ਦਾ ਪੱਲਾ ਫੜ ਕੇ ਚੋਣ ਲੜ ਸਕਦੇ ਹਨ। ਅਗਲੇ ਹਫ਼ਤੇ ਲੋਕ ਇਨਸਾਫ਼ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਹੋਣ ਜਾ ਰਹੀ ਹੈ ਜਿਸ ’ਚ ਇਸ ਸਬੰਧੀ ਐਲਾਨ ਹੋ ਸਕਦਾ ਹੈ।
ਇਸ ਬਾਰੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦਾ ਕਹਿਣਾ ਹੈ ਕਿ ਅਗਲੇ ਹਫ਼ਤੇ ਲੋਕ ਇਨਸਾਫ਼ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਹੈ। ਇਸ ਤੋਂ ਬਾਅਦ ਫ਼ੈਸਲਾ ਕੀਤਾ ਜਾਵੇਗਾ ਕਿ ਉਹ ਕਿਸ ਪੰਜਾਬ ਹਿਤੈਸ਼ੀ ਪਾਰਟੀ ਨਾਲ ਗੱਠਜੋੜ ਕਰਨਗੇ ਜਾਂ ਫਿਰ ਆਪਣਾ ਸਮਰਥਨ ਦੇਣਗੇ। ਉਹ ਕਈ ਵੱਡੀਆਂ ਪਾਰਟੀਆਂ ਦੇ ਆਗੂਆਂ ਨਾਲ ਸੰਪਰਕ ’ਚ ਹਨ।
ਦੱਸ ਦੇਈਏ ਕਿ ਸਾਬਕਾ ਵਿਧਾਇਕ ਤੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਸਭ ਤੋਂ ਪਹਿਲਾਂ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਨਾਲ ਰਾਜਸੀ ਸਫ਼ਰ ਸ਼ੁਰੂ ਕੀਤਾ ਸੀ, ਫਿਰ ਉਹ ਸੁਖਬੀਰ ਬਾਦਲ ਦੀ ਅਗਵਾਈ ’ਚ ਅਕਾਲੀ ਦਲ ’ਚ ਸ਼ਾਮਲ ਹੋ ਗਏ ਸਨ। ਸਾਲ 2012 ’ਚ ਅਕਾਲੀ ਦਲ ਵੱਲੋਂ ਚੋਣਾਂ ਦੌਰਾਨ ਟਿਕਟ ਨਾ ਮਿਲਣ ਤੋਂ ਨਾਰਾਜ਼ ਹੋ ਕੇ ਬੈਂਸ ਭਰਾਵਾਂ ਨੇ ਪਾਰਟੀ ਛੱਡ ਦਿੱਤੀ ਸੀ।
ਇਸ ਤੋਂ ਬਾਅਦ ਸਿਮਰਜੀਤ ਸਿੰਘ ਬੈਂਸ ਤੇ ਉਨ੍ਹਾਂ ਦੇ ਭਰਾ ਬਲਵਿੰਦਰ ਸਿੰਘ ਬੈਂਸ ਨੇ ਆਜ਼ਾਦ ਚੋਣ ਲੜੀ ਤੇ ਜਿੱਤ ਪ੍ਰਾਪਤ ਕੀਤੀ। ਬੈਂਸ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਲੋਕ ਇਨਸਾਫ਼ ਪਾਰਟੀ ਬਣਾਈ ਤੇ ਆਮ ਆਦਮੀ ਪਾਰਟੀ ਨਾਲ ਗੱਠਜੋੜ ਵੀ ਕੀਤਾ, ਪਰ ਉਹ ਸਿਰਫ਼ ਆਪਣੀਆਂ ਦੋ ਸੀਟਾਂ ਹੀ ਬਚਾ ਸਕੇ। ਇਸ ਵਾਰ 2022 ਦੀਆਂ ਚੋਣਾਂ ਉਹ ਇਕੱਲੇ ਲੜੇ ਸਨ ਪਰ ਝਾੜੂ ਦੀ ਲਹਿਰ ਅੱਗੇ ਟਿਕ ਨਹੀਂ ਸਕੇ ਤੇ ਸਾਰੀਆਂ ਸੀਟਾਂ ਹਾਰ ਗਏ।