Punjab News: ਜਾਗੋ ਸਮਾਗਮ ਦੌਰਾਨ ਜਵੈਲਰ ਦੀ ਗੋਲੀ ਮਾਰ ਕੇ ਹੱਤਿਆ, ਲੋਕਾਂ ਨੂੰ ਪਈਆਂ ਭਾਜੜਾਂ
ਲੁਧਿਆਣਾ ਵਿੱਚ ਕਸਬਾ ਜਗਰਾਓਂ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ , ਜਿੱਥੇ ਜਾਗੋ ਸਮਾਗਮ ਦੌਰਾਨ ਫਾਇਰਿੰਗ ਦੀ ਘਟਨਾ ਵਾਪਰੀ ਜਿਸ ਵਿੱਚ ਇੱਕ ਜਵੈਲਰ ਨੂੰ ਗੋਲੀ ਵੱਜ ਗਈ ਹੈ। ਜਦੋਂ ਉਸ ਨੂੰ ਹਸਪਤਾਲ ਲੈ ਕੇ ਗਿਆ ਤਾਂ ਡਾਕਟਰਾਂ ਨੇ ਉਸ..

ਪੰਜਾਬ ਦੇ ਲੁਧਿਆਣਾ ਵਿੱਚ ਕਸਬਾ ਜਗਰਾਓਂ ਦੇ ਪਿੰਡ ਮਲਕ ਵਿੱਚ ਦਿੱਲੀ ਰਾਤ ਜਾਗੋ ਸਮਾਗਮ ਦੌਰਾਨ ਫਾਇਰਿੰਗ ਦੀ ਘਟਨਾ ਸਾਹਮਣੇ ਆਈ ਹੈ। ਡੀ.ਜੇ. ’ਤੇ ਨੱਚ ਰਹੇ ਇਕ ਜਵੈਲਰ ਨੂੰ ਛਾਤੀ ਅਤੇ ਕਮਰ ਉਪਰ ਗੋਲੀ ਲੱਗੀ ਹੈ। ਹਾਲੇ ਤੱਕ ਪੁਲਿਸ ਨੂੰ ਇਹ ਨਹੀਂ ਪਤਾ ਲੱਗ ਸਕਿਆ ਕਿ ਗੋਲੀ ਕਿਸਨੇ ਚਲਾਈ। ਮਾਮਲਾ ਸ਼ੱਕੀ ਦੱਸਿਆ ਜਾ ਰਿਹਾ ਹੈ।
ਡੀ.ਜੇ ਦੀ ਧਮਕ ’ਚ ਦਬ ਗਈ ਗੋਲੀ ਦੀ ਆਵਾਜ਼
ਡੀ.ਜੇ ਦੀ ਉੱਚੀ ਆਵਾਜ਼ ਕਰਕੇ ਗੋਲੀ ਦੀ ਆਵਾਜ਼ ਕਿਸੇ ਨੂੰ ਸੁਣਾਈ ਨਹੀਂ ਦਿੱਤੀ। ਲੋਕਾਂ ਨੂੰ ਤਦ ਪਤਾ ਲੱਗਾ ਜਦ ਜਵੈਲਰ ਗੰਭੀਰ ਰੂਪ ਵਿੱਚ ਜ਼ਮੀਨ ’ਤੇ ਡਿੱਗ ਪਿਆ। ਖੂਨ ਨਾਲ ਲੱਥਪੱਥ ਉਸ ਨੂੰ ਤੁਰੰਤ ਨਿਜੀ ਹਸਪਤਾਲ ਲਿਜਾਇਆ ਗਿਆ, ਫਿਰ ਉੱਥੋਂ ਸਰਕਾਰੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਇਲਾਕੇ ’ਚ ਚਰਚਾ, 6 ਮਹੀਨੇ ਪਹਿਲਾਂ ਮਿਲੀ ਸੀ ਜਵੈਲਰ ਨੂੰ ਧਮਕੀ
ਜਵੈਲਰ ਦੀ ਪਹਿਚਾਣ ਪਰਮਿੰਦਰ ਸਿੰਘ ਉਰਫ ਲਵਲੀ ਵਜੋਂ ਹੋਈ ਹੈ। ਇਲਾਕੇ ਵਿੱਚ ਇਹ ਚਰਚਾ ਹੈ ਕਿ ਲਵਲੀ ਨੂੰ ਲਗਭਗ 6 ਮਹੀਨੇ ਪਹਿਲਾਂ ਕਿਸੇ ਵੱਲੋਂ ਧਮਕੀ ਮਿਲੀ ਸੀ। ਪੁਲਿਸ ਹੁਣ ਇਸ ਪੱਖ ਤੋਂ ਵੀ ਜਾਂਚ ਕਰ ਰਹੀ ਹੈ। ਜਾਗੋ ਸਮਾਗਮ ਵਿੱਚ ਸ਼ਾਮਲ ਲੋਕਾਂ ਤੋਂ ਵੀ ਪੁਲਿਸ ਪੁੱਛਗਿੱਛ ਕਰ ਰਹੀ ਹੈ। ਇਲਾਕੇ ’ਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਵੀ ਚੈੱਕ ਕੀਤੇ ਜਾ ਰਹੇ ਹਨ।
ਡਾਕਟਰ ਸ਼ੀਤਲ ਦੇ ਅਨੁਸਾਰ, ਇੱਕ ਗੋਲੀ ਲਵਲੀ ਦੀ ਛਾਤੀ ਦੇ ਖੱਬੇ ਪਾਸੇ ਅਤੇ ਦੂਜੀ ਗੋਲੀ ਪੇਟ ਦੇ ਹੇਠਲੇ ਹਿੱਸੇ ਵਿੱਚ ਲੱਗੀ ਸੀ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ।
ਲਵਲੀ ਕੋਲ ਸੀ ਨਿੱਜੀ ਸੁਰੱਖਿਆ
ਲਵਲੀ ਦੀ ਮੁੱਲਾਂਪੁਰ ਵਿੱਚ ਸਥਿਤ ਕੋਠੀ ’ਤੇ ਪਹਿਲਾਂ ਵੀ ਧਮਕੀ ਦੇਣ ਵਾਲਿਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਸਨ। ਮੁੱਲਾਂਪੁਰ ਡਾਖਾ ਪੁਲਿਸ ਨੇ ਮਾਮਲਾ ਦਰਜ ਕਰਕੇ ਇਸ ਕੇਸ ’ਚ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਸੀ। ਹਮਲਾਵਰ ਮੋਗਾ ਦਾ ਨਿਵਾਸੀ ਸੀ। ਕਾਫ਼ੀ ਸਮੇਂ ਤੱਕ ਪੁਲਿਸ ਵੱਲੋਂ ਲਵਲੀ ਨੂੰ ਸਰਕਾਰੀ ਸੁਰੱਖਿਆ ਵੀ ਦਿੱਤੀ ਗਈ, ਪਰ ਬਾਅਦ ਵਿੱਚ ਇਹ ਸੁਰੱਖਿਆ ਹਟਾ ਲਈ ਗਈ। ਇਸ ਤੋਂ ਬਾਅਦ ਲਵਲੀ ਨੇ ਆਪਣੀ ਨਿੱਜੀ ਸੁਰੱਖਿਆ ਰੱਖੀ ਹੋਈ ਸੀ।
ਪੁਲਿਸ ਕਰ ਰਹੀ ਜਾਂਚ
ਮੌਕੇ 'ਤੇ ਪੁੱਜੇ ਥਾਣਾ ਸਦਰ ਦੇ ਇੰਚਾਰਜ ਸੁਰਜੀਤ ਸਿੰਘ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਦੇ ਗਵਾਹ ਚੁੱਪੀ ਸਾਧੇ ਹੋਏ ਹਨ। ਕੋਈ ਵੀ ਵਿਅਕਤੀ ਪੁਲਿਸ ਨੂੰ ਇਹ ਦੱਸਣ ਨੂੰ ਤਿਆਰ ਨਹੀਂ ਕਿ ਗੋਲੀਆਂ ਅਚਾਨਕ ਚੱਲੀਆਂ ਜਾਂ ਕਿਸੇ ਨੇ ਜਾਣਬੁੱਝ ਕੇ ਚਲਾਈਆਂ। ਸੁਰਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਜਾਂਚ ਪੂਰੀ ਹੋਣ ਤੋਂ ਬਾਅਦ ਹੀ ਕੁਝ ਕਿਹਾ ਜਾ ਸਕੇਗਾ। ਸ਼ੁਰੂਆਤੀ ਜਾਂਚ ਤੋਂ ਲੱਗਦਾ ਹੈ ਕਿ ਇੱਕ ਗੋਲੀ ਲੱਗੀ ਹੈ, ਹਾਲਾਂਕਿ ਪੋਸਟਮਾਰਟਮ ਤੋਂ ਬਾਅਦ ਹੀ ਪੂਰੀ ਸੱਚਾਈ ਸਾਹਮਣੇ ਆਵੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















