Ludhiana: ਪਕੌੜਿਆਂ ਵਾਲਿਆਂ 'ਤੇ ਹੋਏਗਾ ਸਖਤ ਐਕਸ਼ਨ! ਵਾਇਰਲ ਵੀਡੀਓ ਤੋਂ ਬਾਅਦ ਇਸ ਦੁਕਾਨ 'ਤੇ ਡਿੱਗੀ ਗਾਜ, ਦੁਕਾਨ ਬੰਦ
ਸੋਸ਼ਲ ਮੀਡੀਆ ਉੱਤੇ ਇੱਕ ਇਕ ਪਕੌੜੇ ਬਣਾਉਣ ਵਾਲੇ ਵਿਅਕਤੀ ਨੂੰ ਫੂਡ ਬਲੌਗਰ ਅੱਗੇ ਸਟੰਟ ਕਰਨਾ ਮਹਿੰਗਾ ਪੈ ਗਿਆ ਹੈ। ਜਿਸ ਕਰਕੇ ਉਸ ਦੀ ਦੁਕਾਨ ਬੰਦ ਹੋ ਗਈ ਹੈ । ਇਸ ਵਿਅਕਤੀ ਖਿਲਾਫ ਸਿਹਤ ਵਿਭਾਗ ਵੱਲੋਂ ਸਖਤ ਐਕਸ਼ਨ ਲਿਆ ਗਿਆ...

Ludhiana News: ਲੁਧਿਆਣਾ ਦੇ ਗਿੱਲ ਚੌਂਕ ਦੇ ਨੇੜੇ ਇਕ ਪਕੌੜੇ ਬਣਾਉਣ ਵਾਲੇ ਵਿਅਕਤੀ ਨੂੰ ਫੂਡ ਬਲੌਗਰ ਅੱਗੇ ਸਟੰਟ ਕਰਨਾ ਮਹਿੰਗਾ ਪੈ ਗਿਆ ਹੈ। ਫੂਡ ਬਲੌਗਰ ਵੱਲੋਂ ਪਕੌੜੇ ਬਣਾਉਣ ਵਾਲੇ ਵਿਅਕਤੀ ਦੀ ਬਣਾਈ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੇ ਹੁਣ ਪਕੌੜੇ ਬਣਾਉਣ ਵਾਲੇ ਵਿਅਕਤੀ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ।
ਅਜਿਹਾ ਕਰਨਾ ਆਮ ਜਨਤਾ ਦੀ ਸਿਹਤ ਨਾਲ ਖਿਲਵਾੜ
ਪਕੌੜੇ ਬਣਾਉਣ ਵਾਲੇ ਵਿਅਕਤੀ ਨੇ ਫੂਡ ਬਲੌਗਰ ਅੱਗੇ ਸਟੰਟ ਕਰਦੇ ਹੋਏ ਗਰਮ ਤੇਲ ਦੀ ਕੜਾਹੀ ਵਿੱਚ ਰਿਫਾਈਂਡ ਤੇਲ ਦੇ ਪਲਾਸਟਿਕ ਪੈਕੇਟ ਸੁੱਟ ਦਿੱਤੇ। ਜਿਵੇਂ ਹੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ, ਸ਼ਹਿਰ ‘ਚ ਹੰਗਾਮਾ ਮਚ ਗਿਆ। ਲੋਕਾਂ ਨੇ ਇਸ ‘ਤੇ ਕੜੀ ਨਾਰਾਜ਼ਗੀ ਜਤਾਈ। ਉਨ੍ਹਾਂ ਦਾ ਕਹਿਣਾ ਸੀ ਕਿ ਖੌਲਦੇ ਤੇਲ ਵਿੱਚ ਪਲਾਸਟਿਕ ਦੇ ਪੈਕੇਟ ਸੁੱਟਣ ਨਾਲ ਪਲਾਸਟਿਕ ਦੇ ਅੰਸ਼ ਤੇਲ ਵਿੱਚ ਘੁੱਲ ਗਏ ਅਤੇ ਸਿੱਧੇ ਪਕੌੜਿਆਂ ਵਿੱਚ ਮਿਲ ਗਏ। ਇਸਦਾ ਮਤਲਬ ਹੈ ਕਿ ਪਕੌੜਿਆਂ ਵਿੱਚ ਮਾਈਕ੍ਰੋਪਲਾਸਟਿਕ ਪਹੁੰਚ ਗਿਆ, ਜੋ ਖਾਣ ਵਾਲਿਆਂ ਦੀ ਸਿਹਤ ਲਈ ਬਹੁਤ ਹੀ ਨੁਕਸਾਨਦਾਇਕ ਹੋ ਸਕਦਾ ਹੈ।
ਦੁਕਾਨ ਬੰਦ ਕਰਨ ਦੇ ਆਦੇਸ਼ ਜਾਰੀ
ਸੂਚਨਾ ਮਿਲਦੇ ਹੀ ਸਿਹਤ ਵਿਭਾਗ ਦੀ ਟੀਮ ਮੌਕੇ ‘ਤੇ ਪਹੁੰਚ ਗਈ। ਉੱਥੇ ਦੀ ਗੰਦਗੀ ਵੇਖ ਕੇ ਟੀਮ ਨੇ ਦੁਕਾਨਦਾਰ ਜਸਪਾਲ ਸਿੰਘ ਨੂੰ ਫਟਕਾਰ ਲਾਈ ਅਤੇ ਆਸ-ਪਾਸ ਸਫਾਈ ਰੱਖਣ ਦੇ ਹੁਕਮ ਦਿੱਤੇ। ਮੌਕੇ ‘ਤੇ ਟੀਮ ਨੇ ਚਟਨੀ, ਰਿਫਾਈਂਡ ਤੇਲ ਅਤੇ ਪਕੌੜਿਆਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜ ਦਿੱਤੇ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਜਸਪਾਲ ਸਿੰਘ ਕੋਲ ਫੂਡ ਲਾਇਸੈਂਸ ਵੀ ਨਹੀਂ ਸੀ, ਜਿਸ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਨੇ ਉਸਨੂੰ ਦੁਕਾਨ ਬੰਦ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ।
ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਅਮਰਜੀਤ ਕੌਰ ਨੇ ਦੱਸਿਆ ਕਿ ਫੂਡ ਸੈਂਪਲ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਦੁਕਾਨਦਾਰ ਨੂੰ ਪਹਿਲਾਂ ਫੂਡ ਲਾਇਸੈਂਸ ਬਣਵਾਉਣ ਅਤੇ ਹੋਰ ਲੋੜੀਂਦੀਆਂ ਕਾਰਵਾਈਆਂ ਪੂਰੀਆਂ ਕਰਨ ਤੋਂ ਬਾਅਦ ਹੀ ਦੁਕਾਨ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇਗੀ। ਉੱਥੇ ਹੀ, ਜਸਪਾਲ ਸਿੰਘ ਦਾ ਕਹਿਣਾ ਹੈ ਕਿ ਉਸ ਨੇ ਇਹ ਸਟੰਟ ਫੂਡ ਬਲੌਗਰ ਦੇ ਕਹਿਣ ‘ਤੇ ਕੀਤਾ ਸੀ। ਉਸਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕਿ ਇਸ ਨਾਲ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ। ਉਸ ਨੇ ਵਾਅਦਾ ਕੀਤਾ ਹੈ ਕਿ ਅੱਗੇ ਤੋਂ ਉਹ ਅਜਿਹਾ ਨਹੀਂ ਕਰੇਗਾ।
ਮਾਈਕ੍ਰੋਪਲਾਸਟਿਕ ਦੇ ਨੁਕਸਾਨ
ਚਿਕਿਤਸਕ ਮਾਹਿਰਾਂ ਅਨੁਸਾਰ, ਮਾਈਕ੍ਰੋਪਲਾਸਟਿਕ ਵਾਲੇ ਭੋਜਨ ਜਾਂ ਪੀਣ ਵਾਲੀਆਂ ਚੀਜ਼ਾਂ ਦੇ ਸੇਵਨ ਨਾਲ ਸਿਹਤ 'ਤੇ ਗੰਭੀਰ ਅਸਰ ਪੈ ਸਕਦੇ ਹਨ। ਇਸ ਨਾਲ ਰੋਗ ਪ੍ਰਤੀਰੋਧਕ ਸਮਰੱਥਾ ਕਮਜ਼ੋਰ ਹੋਣਾ, ਪੇਟ ਵਿੱਚ ਸੋਜਸ਼, ਸਾਹ ਸਬੰਧੀ ਸਮੱਸਿਆਵਾਂ, ਪਾਚਨ ਤੰਤਰ ਦੀਆਂ ਮੁਸ਼ਕਲਾਂ, ਹਾਰਮੋਨਲ ਅਸੰਤੁਲਨ ਅਤੇ ਕੈਂਸਰ ਦਾ ਖਤਰਾ ਵਧਣ ਵਰਗੇ ਨੁਕਸਾਨ ਹੋ ਸਕਦੇ ਹਨ। ਮਾਈਕ੍ਰੋਪਲਾਸਟਿਕ ਦੇ ਕਣ ਸਰੀਰ ਦੇ ਵੱਖ-ਵੱਖ ਅੰਗਾਂ ਵਿੱਚ ਜਮ੍ਹਾ ਹੋ ਕੇ ਲੰਬੇ ਸਮੇਂ ਤੱਕ ਸਿਹਤ ਸਮੱਸਿਆਵਾਂ ਪੈਦਾ ਕਰ ਸਕਦੇ ਹਨ।






















