Ludhiana News: ਕਣਕ ਦਾ ਸਰਕਾਰੀ ਰੇਟ 'ਤੇ ਕੱਟ ਤੋਂ ਭੜਕੇ ਆੜ੍ਹਤੀ, ਦੋ ਦਿਨ ਖਰੀਦ ਬੰਦ ਕਰਨ ਦਾ ਐਲਾਨ
Ludhiana News: ਬੇਮੌਸਮੀ ਬਾਰਸ਼ ਤੋਂ ਬਾਅਦ ਖ਼ਰਾਬ ਹੋਈ ਕਣਕ ਫਸਲ ਦੀ ਖਰੀਦ ਲਈ ਕੇਂਦਰ ਸਰਕਾਰ ਨੇ ਨਵੇਂ ਨਿਯਮਾਂ ਤਹਿਤ ਸਰਕਾਰੀ ਰੇਟ ਉਪਰ ਕੱਟ ਲਗਾਇਆ ਹੈ। ਇਸ ਦੇ ਵਿਰੋਧ ਵਿੱਚ ਮਾਛੀਵਾੜਾ ਅਨਾਜ ਮੰਡੀ ਦੇ ਆੜ੍ਹਤੀਆਂ ਵੱਲੋਂ ਦੋ ਦਿਨ ਦੀ ਖਰੀਦ...
Ludhiana News: ਬੇਮੌਸਮੀ ਬਾਰਸ਼ ਤੋਂ ਬਾਅਦ ਖ਼ਰਾਬ ਹੋਈ ਕਣਕ ਫਸਲ ਦੀ ਖਰੀਦ ਲਈ ਕੇਂਦਰ ਸਰਕਾਰ ਨੇ ਨਵੇਂ ਨਿਯਮਾਂ ਤਹਿਤ ਸਰਕਾਰੀ ਰੇਟ ਉਪਰ ਕੱਟ ਲਗਾਇਆ ਹੈ। ਇਸ ਦੇ ਵਿਰੋਧ ਵਿੱਚ ਮਾਛੀਵਾੜਾ ਅਨਾਜ ਮੰਡੀ ਦੇ ਆੜ੍ਹਤੀਆਂ ਵੱਲੋਂ ਦੋ ਦਿਨ ਦੀ ਖਰੀਦ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ।
ਅੱਜ ਮਾਛੀਵਾੜਾ ਦੇ ਆੜ੍ਹਤੀਆਂ ਦੀ ਇੱਕ ਮੀਟਿੰਗ ਮਾਰਕੀਟ ਕਮੇਟੀ ਦਫ਼ਤਰ ਵਿੱਚ ਹੋਈ ਜਿਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਤੇਜਿੰਦਰ ਸਿੰਘ ਕੂੰਨਰ ਤੇ ਹਰਜਿੰਦਰ ਸਿੰਘ ਖੇੜਾ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਪੱਤਰ ਜਾਰੀ ਕੀਤਾ ਗਿਆ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਬੇਮੌਸਮੀ ਬਾਰਸ਼ ਕਾਰਨ ਖ਼ਰਾਬ ਤੇ ਬਦਰੰਗ ਕਣਕ ਉੱਪਰ ਸਰਕਾਰੀ ਰੇਟ ਵਿੱਚ 5 ਤੋਂ ਲੈ ਕੇ 32 ਰੁਪਏ ਦਾ ਕੱਟ ਲਾ ਕੇ ਖਰੀਦਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਜੋ ਫਸਲ ਵੇਚਣ ਕਿਸਾਨ ਆਏ ਹਨ, ਉਹ ਸਰਕਾਰੀ ਰੇਟ 2125 ਰੁਪਏ ਤੋਂ ਘੱਟ ਫਸਲ ਨੂੰ ਤਿਆਰ ਨਹੀਂ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਜਿੱਥੇ ਇੱਕ ਪਾਸੇ ਪੱਤਰ ਜਾਰੀ ਕਰਕੇ ਇਸ ਨੂੰ ਕਣਕ ਦੀ ਖਰੀਦ ਵਿੱਚ ਛੋਟ ਦਾ ਐਲਾਨ ਕਰ ਰਹੀ ਹੈ ਜਦਕਿ ਭਾਅ ਵਿੱਚ ਕੱਟ ਲਾ ਕੇ ਕਿਸਾਨਾਂ ਦਾ ਆਰਥਿਕ ਸੋਸ਼ਣ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਸਮੂਹ ਆੜ੍ਹਤੀਆਂ ਵੱਲੋਂ ਫੈਸਲਾ ਕੀਤਾ ਗਿਆ ਕਿ ਫਿਲਹਾਲ ਮਾਛੀਵਾੜਾ ਅਨਾਜ ਮੰਡੀ ਵਿੱਚ ਦੋ ਦਿਨ ਫਸਲ ਖਰੀਦ ਦਾ ਕੰਮ ਠੱਪ ਰੱਖਿਆ ਜਾਵੇਗਾ। ਜੇਕਰ ਇਹ ਕੱਟ ਵਾਪਸ ਨਾ ਲਿਆ ਤਾਂ ਕਿਸਾਨ ਤੇ ਆੜ੍ਹਤੀ ਮਿਲ ਕੇ ਕੇਂਦਰ ਸਰਕਾਰ ਖਿਲਾਫ਼ ਸੰਘਰਸ਼ ਵਿੱਢਣਗੇ।
ਇਹ ਵੀ ਪੜ੍ਹੋ: Viral Video: ਜਦੋਂ ਇੱਕ ਕਾਰ 'ਤੇ ਚੜ੍ਹਿਆ ਫੌਜ ਦਾ ਟੈਂਕ ਤਾਂ ਸਕਿੰਟਾਂ 'ਚ ਪਾਪੜ ਬਣ ਗਈ ਕਾਰ! ਦੇਖੋ ਵੀਡੀਓ
ਦੂਸਰੇ ਪਾਸੇ ਮਾਛੀਵਾੜਾ ਅਨਾਜ ਮੰਡੀ ਵਿਚ ਫਸਲ ਵੇਚਣ ਆਏ ਕਿਸਾਨਾਂ ਨੇ ਦੱਸਿਆ ਕਿ ਪਹਿਲਾਂ ਹੀ ਬੇਮੌਸਮੀ ਬਾਰਸ਼ ਤੇ ਝੱਖੜ ਕਾਰਨ ਫਸਲ ਦਾ ਝਾੜ ਕਾਫ਼ੀ ਘਟ ਗਿਆ ਹੈ। ਇਸ ਨਾਲ ਉਨ੍ਹਾਂ ਦਾ ਕਾਫ਼ੀ ਆਰਥਿਕ ਨੁਕਸਾਨ ਹੋਇਆ ਹੈ। ਹੁਣ ਕੇਂਦਰ ਸਰਕਾਰ ਦੇ ਨਾਦਰਸ਼ਾਹੀ ਫੁਰਮਾਨ ਕਿ ਖ਼ਰਾਬ ਤੇ ਬਦਰੰਗ ਦਾਣੇ ’ਤੇ ਕੱਟ ਲਾਉਣਾ ਬਹੁਤ ਹੀ ਮੰਦਭਾਗਾ ਹੈ। ਕਿਸਾਨਾਂ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਨੂੰ ਤਾਂ ਕੁਦਰਤੀ ਕ੍ਰੋਪੀ ਕਾਰਨ ਹੋਏ ਨੁਕਸਾਨ ਦਾ ਪ੍ਰਤੀ ਏਕੜ ਬੋਨਸ ਦੇਣਾ ਬਣਦਾ ਸੀ ਜਦਕਿ ਇਹ ਕੱਟ ਲਾ ਕੇ ਉਨ੍ਹਾਂ ਨੂੰ ਵੱਡੀ ਢਾਹ ਲਗਾਈ ਹੈ।