Ludhiana News: ਲੁਧਿਆਣਾ ਡਕੈਤੀ ਦੇ ਖੁੱਲ੍ਹਣ ਲੱਗੇ ਰਾਜ! ਪੁਲਿਸ ਨੇ ਕੋਟਕਪੂਰਾ ਤੋਂ ਤਿੰਨ ਨੌਜਵਾਨ ਚੁੱਕੇ
Ludhiana News: ਲੁਧਿਆਣਾ ਪੁਲਿਸ ਨੇ ਫਰੀਦਕੋਟ ਦੇ ਕਸਬਾ ਕੋਟਕਪੂਰਾ ਦੇ ਪ੍ਰੇਮ ਨਗਰ ਵਿੱਚ ਇੱਕ ਘਰ ਵਿੱਚ ਲੁਕੇ ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਤਿੰਨਾਂ 'ਤੇ ਪੌਣੇ ਨੌਂ ਕਰੋੜ ਦੀ ਲੁਧਿਆਣਾ ਡਕੈਤੀ ਦੇ ਮਾਮਲੇ 'ਚ ਸ਼ਾਮਲ
Ludhiana News: ਲੁਧਿਆਣਾ ਪੁਲਿਸ ਨੇ ਫਰੀਦਕੋਟ ਦੇ ਕਸਬਾ ਕੋਟਕਪੂਰਾ ਦੇ ਪ੍ਰੇਮ ਨਗਰ ਵਿੱਚ ਇੱਕ ਘਰ ਵਿੱਚ ਲੁਕੇ ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਤਿੰਨਾਂ 'ਤੇ ਪੌਣੇ ਨੌਂ ਕਰੋੜ ਦੀ ਲੁਧਿਆਣਾ ਡਕੈਤੀ ਦੇ ਮਾਮਲੇ 'ਚ ਸ਼ਾਮਲ ਹੋਣ ਦਾ ਸ਼ੱਕ ਹੈ। ਮੁੱਲਾਪੁਰ ਟੋਲ ਪਲਾਜ਼ਾ ਤੋੜ ਕੇ ਭੱਜਣ ਤੋਂ ਬਾਅਦ ਲੁਧਿਆਣਾ ਪੁਲਿਸ ਵੱਲੋਂ ਇਨ੍ਹਾਂ ਦਾ ਪਿੱਛਾ ਕੀਤਾ ਜਾ ਰਿਹਾ ਸੀ। ਪੁਲਿਸ ਇਨ੍ਹਾਂ ਨੂੰ ਕੋਟਕਪੂਰਾ ਦੇ ਇੱਕ ਘਰ ਤੋਂ ਕਾਬੂ ਕਰਕੇ ਆਪਣੇ ਨਾਲ ਲੈ ਗਈ ਹੈ। ਹਾਲਾਂਕਿ ਅਜੇ ਤੱਕ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ।
ਲੁਧਿਆਣਾ ਵਿੱਚ ਏਟੀਐਮ ਮਸ਼ੀਨਾਂ ਵਿੱਚ ਨਕਦੀ ਵੰਡਣ ਵਾਲੀ ਸੀਐਮਐਸ ਕੰਪਨੀ ਦੇ ਦਫ਼ਤਰ ਵਿੱਚੋਂ ਪੌਣੇ ਨੌਂ ਕਰੋੜ ਰੁਪਏ ਲੁੱਟੇ ਗਏ। ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਦੋ ਵਾਹਨਾਂ, ਦੋ ਮੋਟਰਸਾਈਕਲਾਂ ਤੇ ਇੱਕ ਐਕਟਿਵਾ ’ਤੇ ਸਵਾਰ ਹੋ ਕੇ ਆਏ ਸਨ। ਕੁਝ ਵਿਅਕਤੀ ਵਾਹਨਾਂ ਕੋਲ ਖੜ੍ਹੇ ਹੋ ਗਏ, ਜਦੋਂ ਮੁਲਜ਼ਮ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਆਏ ਤਾਂ ਗੱਡੀਆਂ ਪਹਿਲਾਂ ਤੋਂ ਹੀ ਤਿਆਰ ਸਨ ਪਰ ਮੁਲਜ਼ਮ ਕੈਸ਼ ਵੈਨ ਹੀ ਉਡਾ ਕੇ ਲੈ ਗਏ।
ਦੱਸ ਦਈਏ ਕਿ ਨਿਊ ਰਾਜਗੁਰੂ ਨਗਰ ਵਿੱਚ ਏਟੀਐਮਜ਼ ਵਿੱਚ ਨਕਦੀ ਪਾਉਣ ਵਾਲੀ ਇੱਕ ਕੰਪਨੀ ਵਿੱਚ ਲੁੱਟ ਦੇ ਮਾਮਲੇ ਦੀ ਜਾਂਚ ਬੇਸ਼ੱਕ ਪੁਲਿਸ ਵੱਲੋਂ ਸਰਗਰਮੀ ਨਾਲ ਕੀਤੀ ਜਾ ਰਹੀ ਹੈ ਪਰ ਹਾਲੇ ਤੱਕ ਪੁਲਿਸ ਦੇ ਹੱਥ ਖਾਲੀ ਹਨ। ਪੁਲਿਸ ਕੋਲ ਦੋ ਥਾਵਾਂ ਦੀ ਸੀਸੀਟੀਵੀ ਫੁਟੇਜ ਤੋਂ ਬਿਨਾਂ ਹੋਰ ਕੋਈ ਸੁਰਾਗ ਨਹੀਂ ਹੈ। ਸੀਸੀਟੀਵੀ ਫੁਟੇਜ ਵਿੱਚ ਪੁਲਿਸ ਨੂੰ ਕੁਝ ਮੁੱਢਲੀ ਜਾਣਕਾਰੀ ਜ਼ਰੂਰ ਮਿਲੀ ਹੈ। ਪੁਲਿਸ ਨੂੰ ਹੁਣ ਤੱਕ ਕੀਤੀ ਗਈ ਜਾਂਚ ਪੜਤਾਲ ਦੌਰਾਨ ਪਤਾ ਲੱਗਾ ਹੈ ਕਿ ਲੁਟੇਰਿਆਂ ਨੇ ਵਾਰਦਾਤ ਤੋਂ ਪਹਿਲਾਂ ਕਈ ਦਿਨ ਲਗਾਤਾਰ ਕੰਪਨੀ ਦੇ ਦਫ਼ਤਰ ਦੀ ਰੇਕੀ ਕੀਤੀ ਸੀ।
ਉਨ੍ਹਾਂ ਨੂੰ ਪੂਰੀ ਜਾਣਕਾਰੀ ਸੀ ਕਿ ਕੰਪਨੀ ਵਿੱਚ ਕੈਮਰੇ ਕਿੱਥੇ ਲੱਗੇ ਹੋਏ ਹਨ ਤੇ ਸਕਿਉਰਿਟੀ ਸਿਸਟਮ ਤੇ ਸੈਂਸਰ ਸਾਇਰਨ ਕਿੱਥੇ-ਕਿੱਥੇ ਹਨ। ਉਨ੍ਹਾਂ ਵਾਰਦਾਤ ਤੋਂ ਪਹਿਲਾਂ ਸੈਂਸਰ ਸਾਇਰਨ ਦੀਆਂ ਤਾਰਾਂ ਕੱਟੀਆਂ ਤੇ ਡੀਵੀਆਰ ਬੰਦ ਕਰ ਕੇ ਆਪਣੇ ਕੋਲ ਰੱਖ ਲਿਆ। ਜਾਣਕਾਰੀ ਅਨੁਸਾਰ ਲੁਟੇਰੇ ਦੋ ਗੱਡੀਆਂ, ਦੋ ਮੋਟਰਸਾਈਕਲਾਂ ਅਤੇ ਇੱਕ ਸਕੂਟਰ ’ਤੇ ਸਵਾਰ ਹੋ ਕੇ ਆਏ ਸਨ। ਸ਼ੱਕ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਲੁਟੇਰਿਆਂ ਦੀ ਗਿਣਤੀ 10 ਤੋਂ ਜ਼ਿਆਦਾ ਹੋ ਸਕਦੀ ਹੈ।
ਹਾਸਲ ਜਾਣਕਾਰੀ ਅਨੁਸਾਰ ਵਾਰਦਾਤ ਸਮੇਂ ਕੰਪਨੀ ਦੇ ਦਫ਼ਤਰ ਵਿੱਚ ਕੁੱਲ ਪੰਜ ਜਣੇ ਸਨ, ਜਿਨ੍ਹਾਂ ਵਿੱਚ ਚਾਰ ਜਣੇ ਤਾਂ ਕੰਪਨੀ ਦੇ ਮੁਲਾਜ਼ਮ ਹੀ ਸਨ, ਜਦੋਂਕਿ ਪੰਜਵਾਂ ਵਿਅਕਤੀ ਬਾਹਰ ਦਾ ਸੀ, ਜੋ ਰੋਜ਼ ਹੀ ਕੰਪਨੀ ਦੇ ਦਫਤਰ ਵਿੱਚ ਸੌਂਦਾ ਸੀ। ਵਾਰਦਾਤ ਸਮੇਂ ਉਹ ਵੀ ਅੰਦਰ ਸੁੱਤਾ ਪਿਆ ਸੀ। ਪੁਲਿਸ ਵੱਲੋਂ ਉਸ ਤੋਂ ਵੀ ਬਰੀਕੀ ਨਾਲ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਪੁਲਿਸ ਇਸ ਮਾਮਲੇ ਵਿੱਚ ਕੰਪਨੀ ਛੱਡ ਚੁੱਕੇ ਮੁਲਾਜ਼ਮਾਂ ਕੋਲੋਂ ਪੁੱਛ-ਪੜਤਾਲ ਕਰ ਰਹੀ ਹੈ।