(Source: ECI/ABP News)
Ludhiana News: ਗ੍ਰਿਫ਼ਤਾਰੀ ਦਾ ਕੋਈ ਡਰ ਨਹੀਂ, ਅਜੇ ਹੋਰ ਸਰਕਾਰੀ ਦਫ਼ਤਰਾਂ ਨੂੰ ਲਾਵਾਂਗੇ ਜਿੰਦਾ-ਬਿੱਟੂ
ਨਗਰ ਨਿਗਮ ਨੂੰ ਜਿੰਦਾ ਲਾਉਣ ਦੇ ਸਬੰਧ ਵਿੱਚ ਪੁਲਿਸ ਵੱਲੋਂ ਸੰਸਦ ਮੈਂਬਰ ਬਿੱਟੂ, ਸਾਬਕਾ ਮੰਤਰੀ ਆਸ਼ੂ, ਜ਼ਿਲ੍ਹਾ ਪ੍ਰਧਾਨ ਤਲਵਾੜ, ਸਾਬਕਾ ਡਿਪਟੀ ਸ਼ਾਮ ਸੁੰਦਰ ਮਲਹੋਤਰਾ ਤੋਂ ਇਲਾਵਾ 60 ਦੇ ਕਰੀਬ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
![Ludhiana News: ਗ੍ਰਿਫ਼ਤਾਰੀ ਦਾ ਕੋਈ ਡਰ ਨਹੀਂ, ਅਜੇ ਹੋਰ ਸਰਕਾਰੀ ਦਫ਼ਤਰਾਂ ਨੂੰ ਲਾਵਾਂਗੇ ਜਿੰਦਾ-ਬਿੱਟੂ There is no fear of arrest says ravneet singh bittu Ludhiana News: ਗ੍ਰਿਫ਼ਤਾਰੀ ਦਾ ਕੋਈ ਡਰ ਨਹੀਂ, ਅਜੇ ਹੋਰ ਸਰਕਾਰੀ ਦਫ਼ਤਰਾਂ ਨੂੰ ਲਾਵਾਂਗੇ ਜਿੰਦਾ-ਬਿੱਟੂ](https://feeds.abplive.com/onecms/images/uploaded-images/2024/02/29/ce803cff55be83a2c11ec79abf8ebcab1709204979205674_original.jpg?impolicy=abp_cdn&imwidth=1200&height=675)
Ludhiana News: ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਲੁਧਿਆਣਾ ਸਥਿਤ ਆਪਣੀ ਰਿਹਾਇਸ਼ ’ਤੇ ਪ੍ਰੈਸ ਕਾਨਫਰੰਸ ਕਰਕੇ ਸਰਕਾਰ ਨੂੰ ਨਗਰ ਨਿਗਮ ਜ਼ੋਨ-ਏ ਦੇ ਦਫ਼ਤਰ ਨੂੰ ਤਾਲਾ ਲਾਉਣ ਲਈ ਕੇਸ ਦਰਜ ਕਰਨ ਦੀ ਚੁਣੌਤੀ ਦਿੱਤੀ ਹੈ। ਸੰਸਦ ਮੈਂਬਰ ਬਿੱਟੂ ਦੇ ਨਾਲ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾੜ ਵੀ ਮੌਜੂਦ ਸਨ।
ਵਰਨਣਯੋਗ ਹੈ ਕਿ ਇਸ ਸਬੰਧ ਵਿੱਚ ਪੁਲਿਸ ਵੱਲੋਂ ਸੰਸਦ ਮੈਂਬਰ ਬਿੱਟੂ, ਸਾਬਕਾ ਮੰਤਰੀ ਆਸ਼ੂ, ਜ਼ਿਲ੍ਹਾ ਪ੍ਰਧਾਨ ਤਲਵਾੜ, ਸਾਬਕਾ ਡਿਪਟੀ ਸ਼ਾਮ ਸੁੰਦਰ ਮਲਹੋਤਰਾ ਤੋਂ ਇਲਾਵਾ 60 ਦੇ ਕਰੀਬ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੰਸਦ ਮੈਂਬਰ ਬਿੱਟੂ ਨੇ ਦੋਸ਼ ਲਾਇਆ ਕਿ ਉਨ੍ਹਾਂ ਵੱਲੋਂ ਸਰਕਾਰ ਦੀ ਤਰਫੋਂ ਲੋਕਾਂ ਦੀਆਂ ਸਮੱਸਿਆਵਾਂ ਉਠਾਉਣ ਲਈ ਨਗਰ ਨਿਗਮ ਦਫ਼ਤਰ ਨੂੰ ਤਾਲਾ ਲਾਉਣ ਤੋਂ ਬਾਅਦ ਇਹ ਮਾਮਲਾ ਦਰਜ ਕੀਤਾ ਗਿਆ ਹੈ, ਪਰ ਉਹ ਗ੍ਰਿਫ਼ਤਾਰੀ ਤੋਂ ਡਰਦੇ ਨਹੀਂ ਹਨ। ਆਉਣ ਵਾਲੇ ਦਿਨਾਂ ਵਿੱਚ ਹੋਰ ਸਰਕਾਰੀ ਦਫ਼ਤਰਾਂ ਨੂੰ ਵੀ ਤਾਲੇ ਲਾਏ ਜਾਣਗੇ।
ਇਸ ਦੌਰਾਨ ਸੰਸਦ ਮੈਂਬਰ ਨੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ 'ਤੇ ਵੀ ਨਿਸ਼ਾਨਾ ਸਾਧਿਆ ਅਤੇ ਉਨ੍ਹਾਂ 'ਤੇ ਕਈ ਸਰਕਾਰੀ ਪ੍ਰੋਜੈਕਟਾਂ 'ਚ ਕਥਿਤ ਬੇਨਿਯਮੀਆਂ ਦੇ ਦੋਸ਼ ਲਾਏ। ਸੰਸਦ ਮੈਂਬਰ ਬਿੱਟੂ ਨੇ ਪੰਜਾਬ ਸਰਕਾਰ ਵੱਲੋਂ ਕਿਸਾਨ ਅੰਦੋਲਨ ਸਬੰਧੀ ਜ਼ੀਰੋ ਐਫਆਈਆਰ ਦਰਜ ਕਰਨ ’ਤੇ ਵੀ ਸਵਾਲ ਉਠਾਏ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਅਜਿਹੇ ਹੋਰ ਪ੍ਰਦਰਸ਼ਨ ਕੀਤੇ ਜਾਣਗੇ। ਉਹ ਗ੍ਰਿਫਤਾਰੀ ਤੋਂ ਨਹੀਂ ਡਰਦੇ।
ਜ਼ਿਕਰ ਕਰ ਦਈਏ ਕਿ ਪੰਜਾਬ ਦੇ ਲੁਧਿਆਣਾ ਦੇ ਥਾਣਾ ਕੋਤਵਾਲੀ ਪੁਲਿਸ ਨੇ ਨਗਰ ਨਿਗਮ ਦੇ ਕੰਮ ਵਿੱਚ ਵਿਘਨ ਪਾਉਣ ਦੇ ਦੋਸ਼ ਵਿੱਚ ਐਫਆਈਆਰ ਦਰਜ ਕੀਤੀ ਹੈ। ਇਸ ਕੇਸ ਵਿੱਚ ਸਾਂਸਦ ਰਵਨੀਤ ਸਿੰਘ ਬਿੱਟੂ, ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਲੁਧਿਆਣਾ ਕਾਂਗਰਸ ਦੇ ਪ੍ਰਧਾਨ ਸੰਜੇ ਤਲਵਾੜ, ਸਾਬਕਾ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ ਸਣੇ 60 ਕਾਂਗਰਸੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਫਿਲਹਾਲ ਲੁਧਿਆਣਾ ਪੁਲਿਸ ਦੇ ਅਧਿਕਾਰੀ ਇਸ ਮਾਮਲੇ ਵਿੱਚ ਚੁੱਪੀ ਵੱਟ ਰਹੇ ਹਨ।
ਪੁਲੀਸ ਨੂੰ ਦਿੱਤੇ ਆਪਣੇ ਬਿਆਨ ਵਿੱਚ ਅਮਿਤ ਕੁਮਾਰ ਵਾਸੀ ਸ਼ਾਹੀ ਮੁਹੱਲਾ ਲੁਧਿਆਣਾ ਨੇ ਦੱਸਿਆ ਕਿ 'ਮੈਂ ਨਗਰ ਨਿਗਮ ਜ਼ੋਨ-ਈ ਵਿੱਚ ਚੌਕੀਦਾਰ ਵਜੋਂ ਕੰਮ ਕਰਦਾ ਹਾਂ। ਬੀਤੇ ਮੰਗਲਵਾਰ ਸਵੇਰੇ ਸਾਢੇ 11 ਵਜੇ ਮੈਂ ਨਗਰ ਨਿਗਮ ਦੇ ਗੇਟ 'ਤੇ ਤਾਇਨਾਤ ਸੀ, ਇਸ ਦੌਰਾਨ ਕਾਂਗਰਸੀ ਆਗੂਆਂ ਨੇ ਨਿਗਮ ਦਫ਼ਤਰ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਅਤੇ ਮੇਰੀ ਕੁੱਟਮਾਰ ਕੀਤੀ। ਜਦੋਂ ਮੈਂ ਉਨ੍ਹਾਂ ਨੂੰ ਰੋਕਿਆ ਤਾਂ ਸਾਰਿਆਂ ਨੇ ਮੈਨੂੰ ਘੇਰ ਲਿਆ। ਜਿਸ ਤੋਂ ਬਾਅਦ ਕਾਂਗਰਸੀਆਂ ਵੱਲੋਂ ਦਫਤਰ ਨੂੰ ਤਾਲਾ ਲਗਾ ਦਿੱਤਾ ਗਿਆ। ਜਿਸ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।' ਪੁਲਿਸ ਨੇ ਚੌਕੀਦਾਰ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)