Ludhiana News: ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਦੇ ਛਾਪੇ ਨੇ ਪਾਈਆਂ ਭਾਜੜਾਂ, ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਪਈ ਝਾੜ
ਟਰਾਂਸਪੋਰਟ ਮੰਤਰੀ ਦੇ ਅਚਨਚੇਤ ਛਾਪੇ ਤੋਂ ਬਾਅਦ ਬੱਸ ਅੱਡੇ ਵਾਲਿਆਂ ਨੂੰ ਭਾਜੜਾਂ ਪੈ ਗਈਆਂ। ਇਸ ਮੌਕੇ ਮੰਤਰੀ ਨੇ ਲੋਕਾਂ ਦੀਆਂ ਪ੍ਰੇਸ਼ਾਨੀਆਂ ਸੁਣੀਆਂ। ਭੁੱਲਰ ਨੇ ਬੱਸ ਅੱਡੇ ’ਤੇ ਅਧਿਕਾਰੀਆਂ ਦੇ ਦਫ਼ਤਰ ’ਚ ਜਾ ਕੇ ਸਾਰਾ ਰਿਕਾਰਡ ਚੈੱਕ ਕੀਤਾ।
Ludhiana News: ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਅੱਜਕੱਲ੍ਹ ਕਾਫੀ ਸਰਗਰਮ ਹਨ। ਉਹ ਅਚਨਚੇਤ ਛਾਪੇ ਮਾਰ ਰਹੇ ਹਨ ਜਿਸ ਕਰਕੇ ਅਫਸਰਾਂ ਤੇ ਮੁਲਾਜ਼ਮਾਂ ਨੂੰ ਭਾਜੜਾਂ ਪਈਆਂ ਹੋਈਆਂ ਹਨ। ਬੁੱਧਵਾਰ ਉਨ੍ਹਾਂ ਪਟਿਆਲਾ ਵਿੱਚ ਛਾਪਾ ਮਾਰਿਆ ਸੀ ਤੇ ਵੀਰਵਾਰ ਨੂੰ ਉਹ ਲੁਧਿਆਣਾ ਦੇ ਬੱਸ ਅੱਡੇ ’ਤੇ ਪਹੁੰਚ ਗਏ।
ਹਾਸਲ ਜਾਣਕਾਰੀ ਮੁਤਾਬਕ ਟਰਾਂਸਪੋਰਟ ਮੰਤਰੀ ਦੇ ਅਚਨਚੇਤ ਛਾਪੇ ਤੋਂ ਬਾਅਦ ਬੱਸ ਅੱਡੇ ਵਾਲਿਆਂ ਨੂੰ ਭਾਜੜਾਂ ਪੈ ਗਈਆਂ। ਇਸ ਮੌਕੇ ਮੰਤਰੀ ਨੇ ਲੋਕਾਂ ਦੀਆਂ ਪ੍ਰੇਸ਼ਾਨੀਆਂ ਸੁਣੀਆਂ। ਭੁੱਲਰ ਨੇ ਬੱਸ ਅੱਡੇ ’ਤੇ ਅਧਿਕਾਰੀਆਂ ਦੇ ਦਫ਼ਤਰ ’ਚ ਜਾ ਕੇ ਸਾਰਾ ਰਿਕਾਰਡ ਚੈੱਕ ਕੀਤਾ। ਮੰਤਰੀ ਨੇ ਪੁੱਛਗਿੱਛ ਕੇਂਦਰ ’ਤੇ ਰਿਕਾਰਡ ਦੀ ਚੈਕਿੰਗ ਕਰਦਿਆਂ ਸਮੇਂ ’ਚ ਬਦਲਾਅ ਦੇਖਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਚੰਗੀ ਝਾੜ ਪਾਈ।
ਉਨ੍ਹਾਂ ਨੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਕਿ ਬੱਸਾਂ ਦਾ ਸਮਾਂ ਸਹੀ ਤਰੀਕੇ ਨਾਲ ਨੋਟ ਕੀਤਾ ਜਾਵੇ। ਮੰਤਰੀ ਨੇ ਖੁਦ ਵੀ ਪੁੱਛਗਿੱਛ ਕੇਂਦਰ ’ਚ ਲੋਕਾਂ ਵੱਲੋਂ ਆਉਣ ਵਾਲੇ ਫੋਨ ਸੁਣੇ ਅਤੇ ਔਰਤਾਂ ਤੇ ਬਜ਼ੁਰਗਾਂ ਨਾਲ ਗੱਲਬਾਤ ਕੀਤੀ। ਔਰਤਾਂ ਨੇ ਮੰਤਰੀ ਨੂੰ ਦੱਸਿਆ ਕਿ ਬੱਸ ਕਈ ਸਟਾਪ ’ਤੇ ਨਹੀਂ ਰੁੱਕਦੀ, ਜਿਸ ’ਤੇ ਭੁੱਲਰ ਨੇ ਡਰਾਈਵਰਾਂ ਨੂੰ ਹੁਕਮ ਦਿੱਤੇ ਕਿ ਔਰਤਾਂ ਤੇ ਬਜ਼ੁਰਗਾਂ ਦਾ ਖਾਸ ਧਿਆਨ ਰੱਖਿਆ ਜਾਵੇ।
ਟਰਾਂਸਪੋਰਟ ਮੰਤਰੀ ਨੇ ਦੱਸਿਆ ਹੈ ਕਿ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਟੈਕਸ ਭਰੇ ਬਿਨਾਂ ਚੱਲ ਰਹੀਆਂ ਸਾਰੀਆਂ ਬੱਸਾਂ ਜ਼ਬਤ ਕੀਤੀਆਂ ਜਾਣ ਤੇ ਚਲਾਨ ਕੱਟੇ ਜਾਣ। ਟਰਾਂਸਪੋਰਟ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਮੌਜੂਦਗੀ ’ਚ ਕੈਬਨਿਟ ਮੰਤਰੀ ਨੇ ਬੱਸ ਅੱਡੇ ਦੇ ਨੇੜੇ ਖੜ੍ਹੀ ਟੂਰਿਸਟ ਬੱਸਾਂ ਦੇ ਕਾਗਜ਼ਾਂ ਦੀ ਵੀ ਜਾਂਚ ਕੀਤੀ ਤੇ ਇਨ੍ਹਾਂ ’ਚੋਂ ਜ਼ਿਆਦਾ ਬੱਸਾਂ ਟੈਕਸ, ਪਰਮਿਟ, ਟੂਰ ਪ੍ਰੋਗਰਾਮ, ਯਾਤਰੀਆਂ ਦੀ ਸੂਚੀ ਤੇ ਹੋਰ ਕਾਗਜ਼ਾਂ ਦੇ ਬਿਨਾਂ ਪਾਈਆਂ ਗਈਆਂ।
ਉਨ੍ਹਾਂ ਪੁਲਿਸ ਤੇ ਟ੍ਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੂੰ ਜ਼ਰੂਰੀ ਕਾਗਜ਼ਾਂ ਦੇ ਬਿਨਾਂ ਮਿਲੀਆਂ ਬੱਸਾਂ ਦੇ ਚਲਾਨ ਕਰ ਕੇ ਜ਼ਬਤ ਕਰਨ ਦੇ ਹੁਕਮ ਦਿੱਤੇ। ਵਿਭਾਗ ’ਚ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆ ਮੰਤਰੀ ਭੁੱਲਰ ਨੇ ਕਿਹਾ ਕਿ ਜੋ ਬੱਸ ਆਪਰੇਟਰ ਟੈਕਸ ਨਹੀਂ ਭਰ ਰਹੇ, ਉਨ੍ਹਾਂ ਨੂੰ ਬਖਸ਼ਿਆਂ ਨਹੀਂ ਜਾਵੇਗਾ ਤੇ ਸਾਰੇ ਡਿਫਾਲਟਰਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਕੈਬਨਿਟ ਮੰਤਰੀ ਨੇ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਇੱਥੋਂ ਨਿਕਲਣ ਵਾਲੀ ਹਰੇਕ ਬੱਸ ਦਾ ਅੱਡਿਆਂ ’ਤੇ ਰੁਕਣਾ ਯਕੀਨੀ ਬਣਾਇਆ ਜਾਵੇ। ਇਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਲੋਕਾਂ ਨੂੰ ਪ੍ਰੇਸ਼ਾਨ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਬਾਅਦ ਲਾਲਜੀਤ ਭੁੱਲਰ ਨੇ ਰੋਡਵੇਜ਼ ਤੇ ਪੀਆਰਟੀਸੀ ਦੇ ਦਫ਼ਤਰਾਂ ’ਚ ਰਿਕਾਰਡ ਦੀ ਜਾਂਚ ਵੀ ਕੀਤੀ।