Patiala News: ਸੋਸ਼ਲ ਮੀਡੀਆ 'ਤੇ ਹਥਿਆਰਾਂ ਦੀ ਨੁਮਾਇਸ਼ ਕਰਨ ਵਾਲਿਆਂ 'ਤੇ ਸ਼ਿਕੰਜਾ, CM ਦੇ ਹੁਕਮਾਂ ਮਗਰੋਂ ਪੁਲਿਸ ਨੇ ਕੀਤੀ ਵੱਡੀ ਕਾਰਵਾਈ
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ‘ਗੰਨ ਕਲਚਰ’ ਨੂੰ ਠੱਲ੍ਹ ਪਾਉਣ ਲਈ ਜਾਰੀ ਕੀਤੇ ਗਏ ਹੁਕਮਾਂ ਦੇ ਚੱਲਦਿਆਂ ਪਟਿਆਲਾ ਪੁਲਿਸ ਨੇ ਹਥਿਆਰਾਂ ਦਾ ਪ੍ਰਦਰਸ਼ਨ ਕਰਨ ਵਾਲਿਆਂ ’ਤੇ ਸ਼ਿਕੰਜਾ ਕੱਸ ਦਿੱਤਾ ਹੈ। ਪੁਲਿਸ ਨੇ ਹਥਿਆਰਾਂ ਦਾ ਪ੍ਰਦਰਸ਼ਨ ਕਰਨ ਦੇ ਦੋਸ਼
Patiala News : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ‘ਗੰਨ ਕਲਚਰ’ ਨੂੰ ਠੱਲ੍ਹ ਪਾਉਣ ਲਈ ਜਾਰੀ ਕੀਤੇ ਗਏ ਹੁਕਮਾਂ ਦੇ ਚੱਲਦਿਆਂ ਪਟਿਆਲਾ ਪੁਲਿਸ ਨੇ ਹਥਿਆਰਾਂ ਦਾ ਪ੍ਰਦਰਸ਼ਨ ਕਰਨ ਵਾਲਿਆਂ ’ਤੇ ਸ਼ਿਕੰਜਾ ਕੱਸ ਦਿੱਤਾ ਹੈ। ਪੁਲਿਸ ਨੇ ਹਥਿਆਰਾਂ ਦਾ ਪ੍ਰਦਰਸ਼ਨ ਕਰਨ ਦੇ ਦੋਸ਼ ਹੇਠ ਦੋ ਮਾਮਲਿਆਂ ’ਚ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਹ ਕਾਰਵਾਈ ਸ਼ੋਸ਼ਲ ਮੀਡੀਆ ’ਤੇ ਪਾਈਆਂ ਪੋਸਟਾਂ ਤੋਂ ਬਾਅਦ ਕੀਤੀ ਹੈ।
ਇਨ੍ਹਾਂ ਵਿੱਚੋਂ ਇੱਕ ਕੇਸ ਥਾਣਾ ਅਰਬਨ ਅਸਟੇਟ ਵਿੱਚ ਅਮਰਿੰਦਰ ਸਿੰਘ ਪੁੱਤਰ ਜਗਰਾਜ ਸਿੰਘ ਖਿਲਾਫ਼ ਦਰਜ ਕੀਤਾ ਗਿਆ ਹੈ ਜਿਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ 12 ਬੋਰ ਗੰਨ ਤੇ ਪਿਸਟਲ ਨਾਲ ਫੋਟੋਆਂ ਪਾਈਆਂ ਸਨ ਜਿਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਥਾਣਾ ਅਰਬਨ ਅਸਟੇਟ ਦੇ ਮੁਖੀ ਅੰਮ੍ਰਿਤਬੀਰ ਸਿੰਘ ਚਹਿਲ ਨੇ ਗ੍ਰਿਫਤਾਰੀ ਦੀ ਪੁਸ਼ਟੀ ਵੀ ਕੀਤੀ ਹੈ।
ਸੂਤਰਾਂ ਮੁਤਾਬਕ ਇਸ ਵੱਲੋਂ ਸ਼ੋਸ਼ਲ ਮੀਡੀਆ ’ਤੇ ਵਿਖਾਏ ਗਏ ਹਥਿਆਰਾਂ ਵਿੱਚੋਂ ਇੱਕ ਹਥਿਆਰ ਉਸ ਦੇ ਇੱਕ ਦੋਸਤ ਦਾ ਹੈ ਤੇ ਪੁਲਿਸ ਵਲੋਂ ਇਸ ਦੇ ਦੋਸਤ ਨੂੰ ਵੀ ਨਾਮਜ਼ਦ ਕੀਤੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਧਰ ਡੀਐਸਪੀ ਸਿਟੀ 2 ਜਸਵਿੰਦਰ ਸਿੰਘ ਟਿਵਾਣਾ ਦਾ ਕਹਿਣਾ ਹੈ ਕਿ ਐਸਐਸਪੀ ਵਰੁਣ ਸ਼ਰਮਾ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਦੇ ਚੱਲਦਿਆਂ ਪੁਲਿਸ ਵੱਲੋਂ ਹਥਿਆਰਾਂ ਦਾ ਪ੍ਰਦਰਸ਼ਨ ਕਰਨ ਵਾਲ਼ਿਆਂ ’ਤੇ ਨਿਗ੍ਹਾ ਰੱਖੀ ਜਾ ਰਹੀ ਹੈ ਤਾਂ ਕਿ ਗੰਨ ਕਲਚਰ ਨੂੰ ਠੱਲ੍ਹ ਪਾਈ ਜਾ ਸਕੇ।
ਇੱਕ ਵੱਖਰੇ ਮਾਮਲੇ ਵਿਚ ਡੀਐਸਪੀ ਟਿਵਾਣਾ ਨੇ ਦੱਸਿਆ ਕਿ ਉਨ੍ਹਾਂ ਦੇ ਖੇਤਰ ਵਿਚਲੇ ਹੀ ਥਾਣਾ ਤ੍ਰਿਪੜੀ ਦੀ ਪੁਲਿਸ ਵੱਲੋਂ ਦੋ ਜਣਿਆਂ ਖਿਲਾਫ਼ ਸ਼ੋਸਲ ਮੀਡੀਆ ’ਤੇ ਹਥਿਆਰਾਂ ਦਾ ਪ੍ਰਦਰਸ਼ਨ ਕਰਨ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਦੌਰਾਨ ਸੁਖਦੀਪ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸ ਦਾ ਇੱਕ ਦਿਨ ਦਾ ਪੁਲਿਸ ਰਿਮਾਂਡ ਵੀ ਲਿਆ ਗਿਆ ਹੈ।
ਇਸ ਨੌਜਵਾਨ ਵੱਲੋਂ ਵੀ ਸ਼ੋਸ਼ਲ ਮੀਡੀਆ ’ਤੇ ਹਥਿਆਰਾਂ ਨਾਲ ਫਾਇਰਿੰਗ ਕਰਨ ਦੀ ਵੀਡੀਓ ਅਪਲੋਡ ਕੀਤੀ ਗਈ ਸੀ ਜਿਸ ਵਿੱਚ ਦੋਵੇਂ ਹਥਿਆਰ ਉਸ ਦੇ ਇੱਕ ਦੋਸਤ ਚਤਵਿੰਦਰ ਸਿੰਘ ਦੇ ਦੱਸੇ ਗਏ ਹਨ। ਡੀਐਸਪੀ ਦਾ ਕਹਿਣਾ ਸੀ ਕਿ ਜਾਂਚ ਕਰਨ ’ਤੇ ਪਤਾ ਲੱਗਿਆ ਕਿ ਇਹ ਦੋਵੇਂ ਹਥਿਆਰ ਭਾਵੇਂ ਲਾਇਸੈਂਸੀ ਹਨ ਪਰ ਚਤਵਿੰਦਰ ਸਿੰਘ ਨੇ ਲਾਇਸੈਂਸ ਰਿਨਿਊ ਨਹੀਂ ਕਰਵਾਇਆ ਸੀ ਜਿਸ ਦੇ ਚੱਲਦਿਆਂ ਦੋਵਾਂ ਖਿਲਾਫ਼ ਥਾਣਾ ਤ੍ਰਿਪੜੀ ਵਿੱਚ ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।