Patiala News: ਸੌਖਾ ਨਹੀਂ ਭ੍ਰਿਸ਼ਟਾਚਾਰ ਨੂੰ ਨੱਥ ਪਾਉਣਾ ! 22-22 ਲੱਖ 'ਚ ਹੋਇਆ ਨਾਇਬ ਤਹਿਸੀਲਦਾਰਾਂ ਦੀਆਂ ਨੌਕਰੀਆਂ ਦਾ ਸੌਦਾ
ਬੇਸ਼ੱਕ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਵਿੱਚ ਭ੍ਰਿਸ਼ਟਾਚਾਰ ਨੂੰ ਨਕੇਲ ਪਾਉਣ ਲਈ ਸਖਤੀ ਕੀਤੀ ਹੋਈ ਹੈ ਪਰ ਸਮਾਜ ਫੈਲਿਆ ਇਹ ਕੋਹੜ ਇੰਨੀ ਛੇਤੀ ਖਤਮ ਹੁੰਦਾ ਨਜ਼ਰ ਨਹੀਂ ਆ ਰਿਹਾ। ਤਾਜ਼ਾ ਮਾਮਲਾ ਨਾਇਬ ਤਹਿਸੀਲਦਾਰਾਂ ਦੀ
Patiala News : ਬੇਸ਼ੱਕ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਵਿੱਚ ਭ੍ਰਿਸ਼ਟਾਚਾਰ ਨੂੰ ਨਕੇਲ ਪਾਉਣ ਲਈ ਸਖਤੀ ਕੀਤੀ ਹੋਈ ਹੈ ਪਰ ਸਮਾਜ ਫੈਲਿਆ ਇਹ ਕੋਹੜ ਇੰਨੀ ਛੇਤੀ ਖਤਮ ਹੁੰਦਾ ਨਜ਼ਰ ਨਹੀਂ ਆ ਰਿਹਾ। ਤਾਜ਼ਾ ਮਾਮਲਾ ਨਾਇਬ ਤਹਿਸੀਲਦਾਰਾਂ ਦੀ ਭਰਤੀ ਦੇ ਘੁਟਾਲੇ ਦਾ ਹੈ ਜਿਸ ਵਿੱਚ 22 ਲੱਖ ਰੁਪਏ ’ਚ ਨੌਕਰੀ ਦਾ ਸੌਦਾ ਹੋਇਆ ਸੀ। ਇਹ ਖੁਲਾਸਾ ਹੁਣ ਪੁਲਿਸ ਨੇ ਕੀਤਾ ਹੈ।
ਦੱਸ ਦਈਏ ਕਿ ਨਤੀਜੇ ਤੋਂ ਤੁਰੰਤ ਬਾਅਦ ਚਰਚਾ ’ਚ ਆਇਆ ਨਾਇਬ ਤਹਿਸੀਲਦਾਰਾਂ ਦੀ ਭਰਤੀ ਦੇ ਘੁਟਾਲੇ ਦਾ ਮਾਮਲਾ ਹੁਣ ਸਪੱਸ਼ਟ ਹੋ ਗਿਆ ਹੈ। ਪੇਪਰ ਲੀਕ ਕਰਕੇ ਨਕਲ ਕਰਵਾਉਣ ਤੇ ਨਕਲ ਲਈ ਆਧੁਨਿਕ ਤਕਨੀਕ ਦੀ ਵਰਤੋਂ ਸਾਹਮਣੇ ਆਈ ਹੈ। ਇਸ ਲਈ ਵਾਇਰਲੈੱਸ ਕੈਮਰਿਆਂ ਤੇ ਮੋਬਾਈਲ ਫੋਨ ਦੇ ਸਿਮ ਕਾਰਡ ਦੇ ਅਕਾਰ ਦੀ ‘ਜੀਐਸਐਮ’ ਨਾਮਕ ਡਿਵਾਈਸ ਮੁੱਖ ਰੂਪ ’ਚ ਵਰਤੀ ਗਈ ਦੱਸੀ ਜਾ ਰਹੀ ਹੈ। ਪਟਿਆਲਾ ਦੇ ਆਈਜੀ ਮੁਖਵਿੰਦਰ ਸਿੰਘ ਛੀਨਾ, ਐਸਐਸਪੀ ਵਰੁਣ ਸ਼ਰਮਾ ਤੇ ਹੋਰ ਪੁਲੀਸ ਅਧਿਕਾਰੀਆਂ ਨੇ ਇਸ ਬਾਰੇ ਮੀਡੀਆ ਨੂੰ ਜਾਣਕਾਰੀ ਦਿੱਤੀ।
ਹਾਸਲ ਜਾਣਕਾਰੀ ਮੁਤਾਬਕ ਨਕਲ ਕਰਵਾ ਕੇ ਨਾਇਬ ਤਹਿਸੀਲਦਾਰ ਭਰਤੀ ਹੋਣ ਯੋਗ ਅੰਕ ਯਕੀਨੀ ਬਣਾਉਣ ਲਈ ਪ੍ਰਤੀ ਉਮੀਦਵਾਰ 22 ਲੱਖ ਰੁਪਏ ’ਚ ਸੌਦਾ ਕੀਤਾ ਗਿਆ ਸੀ। ਪਟਿਆਲਾ ਪੁਲਿਸ ਨੇ ਇਸ ਮਾਮਲੇ ਦੀ ਤਹਿ ਤੱਕ ਜਾਂਦਿਆਂ ਪੰਜ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਉਹ ਇਲੈਕਟ੍ਰੌਨਿਕ ਉਪਕਰਨ ਬਰਾਮਦ ਕਰ ਲਏ ਗਏ ਹਨ ਜੋ ਨਾਇਬ ਤਹਿਸੀਲਦਾਰਾਂ ਦੇ ਇਮਤਿਹਾਨ ਦੌਰਾਨ ਨਕਲ ਕਰਵਾਉਣ ਲਈ ਵਰਤੇ ਗਏ ਸਨ।
ਦੱਸ ਦਈਏ ਕਿ ‘ਆਪ’ ਸਰਕਾਰ ਵੱਲੋਂ ਸੱਤਾ ਸੰਭਾਲਦਿਆਂ ਹੀ ਨਾਇਬ ਤਹਿਸੀਲਦਾਰਾਂ ਦੀਆਂ 78 ਆਸਾਮੀਆਂ ਲਈ 22 ਮਈ 2022 ਨੂੰ ਪੰਜਾਬ ’ਚ ਵੱਖ-ਵੱਖ ਥਾਵਾਂ ’ਤੇ ਪ੍ਰੀਖਿਆ ਕੇਂਦਰ ਬਣਾ ਕੇ ਲਿਖਤੀ ਇਮਤਿਹਾਨ ਲਿਆ ਗਿਆ ਸੀ। ਇਸ ਦਾ ਨਤੀਜਾ 8 ਸਤੰਬਰ 2022 ਨੂੰ ਐਲਾਨਿਆ ਗਿਆ। ਇਸ ਮਾਮਲੇ ਦੀ ਜਾਂਚ ਕਈ ਜ਼ਿਲ੍ਹਿਆਂ ਦੀ ਪੁਲਿਸ ਵੱਲੋਂ ਕੀਤੀ ਗਈ ਸੀ।
ਪਟਿਆਲਾ ਪੁਲਿਸ ਤੇ ਕਾਊਂਟਰ ਇੰਟੈਲੀਜੈਂਸ ਵੱਲੋਂ ਇਸ ਮਾਮਲੇ ਨੂੰ ਬਾਰੀਕੀ ਨਾਲ਼ ਘੋਖਣ ਉਤੇ ਸਾਹਮਣੇ ਆਇਆ ਕਿ ਇਸ ਇਮਤਿਹਾਨ ਦੌਰਾਨ ਕੁਝ ਉਮੀਦਵਾਰਾਂ ਨੇ ਬੜੇ ਹੀ ਯੋਜਨਾਬੱਧ ਢੰਗ ਨਾਲ ਆਧੁਨਿਕ ਤਕਨੀਕ ਦੀ ਵਰਤੋਂ ਕਰਦਿਆਂ ਨਕਲ ਮਾਰ ਕੇ ਪੇਪਰ ਪਾਸ ਕੀਤਾ ਹੈ। ਅਜਿਹੇ ਉਮੀਦਵਾਰਾਂ ’ਚ ਪਹਿਲੇ ਦਸ ਨੰਬਰਾਂ ’ਤੇ ਆਉਣ ਵਾਲੇ ਕੁਝ ਉਮੀਦਵਾਰ ਵੀ ਸ਼ਾਮਲ ਦੱਸੇ ਗਏ ਹਨ। ਇਸ ਮਾਮਲੇ ਵਿਚ ਥਾਣਾ ਕੋਤਵਾਲੀ ਪਟਿਆਲਾ ’ਚ ਕੇਸ ਦਰਜ ਕੀਤਾ ਗਿਆ ਸੀ।