Punjab News: ISI ਏਜੰਟ ਨੂੰ ਭਾਰਤੀ ਫੌਜ ਦੀ ਖੁਫੀਆ ਜਾਣਕਾਰੀ ਭੇਜਦਾ ਸੀ ਨਸ਼ਾ ਤਸਕਰ, ਮੋਬਾਈਲ ਫੋਨ ਦੀ ਜਾਂਚ ਤੋਂ ਬਾਅਦ ਹੋਏ ਵੱਡੇ ਖੁਲਾਸੇ
Patiala News: ਇਸ ਗੱਲ ਦਾ ਖੁਲਾਸਾ ਪਟਿਆਲਾ ਜੇਲ੍ਹ ਵਿੱਚ ਕੀਤੀ ਪੁੱਛਗਿੱਛ ਅਤੇ ਮੁਲਜ਼ਮਾਂ ਕੋਲੋਂ ਮਿਲੇ ਮੋਬਾਈਲ ਫੋਨ ਦੀ ਸਕੈਨਿੰਗ ਕਰਨ ’ਤੇ ਹੋਇਆ ਹੈ। ਜੂਨ 2022 ਵਿੱਚ, 140 ਪੰਨਿਆਂ ਦੀ ਇੱਕ ਫਾਈਲ ਭੇਜੀ ਗਈ ਸੀ।
Patiala News: ਇਸ ਗੱਲ ਦਾ ਖੁਲਾਸਾ ਪਟਿਆਲਾ ਜੇਲ੍ਹ ਵਿੱਚ ਕੀਤੀ ਪੁੱਛਗਿੱਛ ਅਤੇ ਮੁਲਜ਼ਮਾਂ ਕੋਲੋਂ ਮਿਲੇ ਮੋਬਾਈਲ ਫੋਨ ਦੀ ਸਕੈਨਿੰਗ ਕਰਨ ’ਤੇ ਹੋਇਆ ਹੈ। ਜੂਨ 2022 ਵਿੱਚ, 140 ਪੰਨਿਆਂ ਦੀ ਇੱਕ ਫਾਈਲ ਭੇਜੀ ਗਈ ਸੀ। ਵਾਇਸ ਰਿਕਾਰਡਿੰਗ ਵੀ ਭੇਜੀ ਗਈ ਹੈ। ਪੰਜਾਬ ਦੇ ਪਟਿਆਲਾ ਤੋਂ 12 ਜੂਨ, 2022 ਨੂੰ ਗ੍ਰਿਫਤਾਰ ਕੀਤੇ ਗਏ ਇੱਕ ਨਸ਼ਾ ਤਸਕਰ ਤੋਂ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਉਹ ਲੰਬੇ ਸਮੇਂ ਤੋਂ ਪਾਕਿਸਤਾਨ ਦੀ ਖੁਫੀਆ ਏਜੰਸੀ ISI ਦੇ ਏਜੰਟ ਨੂੰ ਭਾਰਤੀ ਫੌਜ ਨਾਲ ਜੁੜੀਆਂ ਮਹੱਤਵਪੂਰਨ ਜਾਣਕਾਰੀਆਂ ਭੇਜ ਰਿਹਾ ਸੀ। ਅਮਰੀਕ ਸਿੰਘ ਮੂਲ ਤੌਰ 'ਤੇ ਪਟਿਆਲਾ ਦੇ ਪਿੰਡ ਦਧਾਣਾ ਦਾ ਰਹਿਣ ਵਾਲਾ ਸੀ ਅਤੇ ਗ੍ਰਿਫਤਾਰੀ ਦੇ ਸਮੇਂ ਬਸੰਤ ਵਿਹਾਰ, ਸਰਹਿੰਦ ਰੋਡ, ਪਟਿਆਲਾ ਵਿਖੇ ਰਹਿ ਰਿਹਾ ਸੀ।
ਭਾਰਤੀ ਫੌਜ ਦੀ ਖੁਫੀਆ ਜਾਣਕਾਰੀ ਦੇਣ ਲਈ ਕਰਦਾ ਸੀ ਵਿਦੇਸ਼ੀ ਸਿਮ ਦੀ ਵਰਤੋਂ
ਫਿਰ ਉਸ ਕੋਲੋਂ ਕਈ ਮੋਬਾਈਲ ਬਰਾਮਦ ਹੋਏ। ਪੁੱਛਗਿੱਛ ਦੌਰਾਨ ਉਸ ਨੇ ਮੰਨਿਆ ਕਿ ਇਨ੍ਹਾਂ ਵਿੱਚੋਂ ਇੱਕ ਮੋਬਾਈਲ ਵਿੱਚ ਵਿਦੇਸ਼ੀ ਸਿਮ ਪਾ ਕੇ ਉਸ ਨੇ 7 ਜੂਨ 2022 ਨੂੰ ਆਈਐਸਆਈ ਏਜੰਟ ਸ਼ੇਰ ਖ਼ਾਨ ਨੂੰ 140 ਪੰਨਿਆਂ ਦੀ ਫਾਈਲ ਭੇਜੀ ਸੀ, ਜਿਸ ਵਿੱਚ ਭਾਰਤੀ ਫ਼ੌਜ ਨਾਲ ਸਬੰਧਤ ਅਹਿਮ ਜਾਣਕਾਰੀਆਂ ਸਨ। ਇਸ ਤੋਂ ਇਲਾਵਾ ਉਸ ਨੇ ਵੱਖ-ਵੱਖ ਤਰੀਕਾਂ 'ਤੇ ਪਾਕਿ ਏਜੰਟ ਨੂੰ ਵਾਇਸ ਰਿਕਾਰਡਿੰਗ ਵੀ ਭੇਜੀ ਸੀ।
ਹੈਰੋਇਨ ਖੇਤ ਵਿੱਚ ਦੱਬੀ ਸੀ
16 ਮਈ 2022 ਨੂੰ ਪੁਲਿਸ ਨੇ ਪਟਿਆਲਾ ਦੇ ਪਿੰਡ ਡੇਧਨਾ ਵਿੱਚ ਰਜਵਾਹੇ ਦੀ ਪੱਤੀ ਵਿੱਚੋਂ ਅੱਠ ਕਿਲੋ 207 ਗ੍ਰਾਮ ਹੈਰੋਇਨ, ਇੱਕ ਅਮਰੀਕੀ ਪਿਸਤੌਲ ਅਤੇ 33 ਕਾਰਤੂਸ ਬਰਾਮਦ ਕੀਤੇ ਸਨ। ਅਮਰੀਕ ਸਿੰਘ ਨੇ ਇਹ ਸਾਰੀ ਖੇਪ ਜ਼ਮੀਨ ਵਿੱਚ ਦੱਬ ਕੇ ਰੱਖੀ ਹੋਈ ਸੀ। ਪੁੱਛਗਿੱਛ ਦੌਰਾਨ ਉਸ ਨੇ ਮੰਨਿਆ ਕਿ ਉਸ ਨੇ ਹੈਰੋਇਨ ਖੇਤ ਵਿੱਚ ਦੱਬੀ ਸੀ।
ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਹੈ, ਜਲਦ ਹੀ ਪ੍ਰੋਡਕਸ਼ਨ ਵਾਰੰਟ 'ਤੇ ਹੋਵੇਗੀ ਪੁੱਛਗਿੱਛ
23 ਜੂਨ 2022 ਨੂੰ ਪੁਲਿਸ ਨੇ ਅਮਰੀਕ ਸਿੰਘ ਕੋਲੋਂ ਮੋਬਾਈਲ ਫ਼ੋਨ ਬਰਾਮਦ ਕੀਤਾ ਸੀ। ਸਾਈਬਰ ਕ੍ਰਾਈਮ ਸੈੱਲ ਦੀ ਮਦਦ ਨਾਲ ਉਸ ਦੇ ਡੇਟਾ ਦੀ ਜਾਂਚ ਕੀਤੀ ਗਈ, ਜਿਸ ਤੋਂ ਪਤਾ ਲੱਗਾ ਕਿ ਉਹ ਆਈਐਸਆਈ ਏਜੰਟਾਂ ਦੇ ਸੰਪਰਕ ਵਿਚ ਸੀ। ਘੱਗਾ ਥਾਣੇ ਦੇ ਇੰਚਾਰਜ ਇੰਸਪੈਕਟਰ ਅਮਨਪਾਲ ਸਿੰਘ ਨੇ ਦੱਸਿਆ ਕਿ ਅਮਰੀਕ ਸਿੰਘ ਇਸ ਸਮੇਂ ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਹੈ। ਜਲਦੀ ਹੀ ਉਸ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਪੁੱਛਗਿੱਛ ਕੀਤੀ ਜਾਵੇਗੀ।
ਹੈਰੋਇਨ ਅਤੇ ਹਥਿਆਰ ਵੇਚ ਕੇ ਕਰਦਾ ਸੀ ਮੋਟੀ ਕਮਾਈ
ਆਈਐਸਆਈ ਏਜੰਟ ਸ਼ੇਰ ਖਾਨ ਨੇ ਅਮਰੀਕ ਸਿੰਘ ਨੂੰ ਦੋ ਏਕੇ-47 ਰਾਈਫਲਾਂ ਅਤੇ 250 ਕਾਰਤੂਸ ਵੀ ਭੇਜੇ ਸਨ। ਜਾਣਕਾਰੀ ਦੇ ਬਦਲੇ ਅਮਰੀਕ ਸਿੰਘ ਆਈਐਸਆਈ ਏਜੰਟਾਂ ਤੋਂ ਵੱਡੀ ਮਾਤਰਾ ਵਿੱਚ ਹੈਰੋਇਨ ਅਤੇ ਹਥਿਆਰ ਪ੍ਰਾਪਤ ਕਰਦਾ ਸੀ। ਉਹ ਅੱਗੇ ਵੇਚ ਕੇ ਮੋਟੀ ਕਮਾਈ ਕਰਦਾ ਸੀ। ਅਮਰੀਕ ਸਿੰਘ ਖ਼ਿਲਾਫ਼ ਨਸ਼ਾ ਤਸਕਰੀ ਦੇ ਕਰੀਬ 15 ਕੇਸ ਦਰਜ ਹਨ।
ਸਾਲ 2004 ਵਿੱਚ ਮੁਲਜ਼ਮ ਨੂੰ 280 ਕਿਲੋ ਭੁੱਕੀ ਸਮੇਤ ਫੜਿਆ ਗਿਆ ਸੀ। ਇਸ ਮਾਮਲੇ 'ਚ ਅਦਾਲਤ ਨੇ ਉਸ ਨੂੰ 10 ਸਾਲ ਦੀ ਸਜ਼ਾ ਸੁਣਾਈ ਸੀ ਪਰ ਜ਼ਮਾਨਤ 'ਤੇ ਬਾਹਰ ਆ ਕੇ ਉਹ ਮੁੜ ਨਸ਼ੇ ਦੇ ਕਾਰੋਬਾਰ 'ਚ ਸ਼ਾਮਲ ਹੋ ਗਿਆ। 2005 ਵਿੱਚ ਮੁਲਜ਼ਮ 380 ਕਿਲੋ ਭੁੱਕੀ ਸਮੇਤ ਫੜਿਆ ਗਿਆ ਸੀ। ਅਦਾਲਤ ਨੇ ਉਸ ਨੂੰ ਫਿਰ 10 ਸਾਲ ਦੀ ਸਜ਼ਾ ਸੁਣਾਈ, ਬਾਅਦ ਵਿਚ ਜੇਲ੍ਹ ਤੋਂ ਬਾਹਰ ਆ ਕੇ ਉਸ ਨੇ ਫਿਰ ਤਸਕਰੀ ਕਰਨੀ ਸ਼ੁਰੂ ਕਰ ਦਿੱਤੀ।