Patiala News: ਲੁਟੇਰਿਆਂ ਦਾ ਹੌਸਲੇ ਬੁਲੰਦ, ਪਟਿਆਲਾ ਨੇੜੇ ਦਿਨ-ਦਿਹਾੜੇ ਫਿਲਮੀ ਸਟਾਈਲ 'ਚ ਲੁੱਟਿਆ ਬੈਂਕ
Patiala News: ਪੰਜਾਬ ਅੰਦਰ ਲੁੱਟਾਂ-ਖੋਹਾਂ ਲਗਾਤਾਰ ਵਧ ਰਹੀਆਂ ਹਨ। ਸੋਮਵਾਰ ਨੂੰ ਤਿੰਨ ਹਥਿਆਰਬੰਦ ਲੁਟੇਰਿਆਂ ਨੇ ਪਟਿਆਲਾ ਜ਼ਿਲ੍ਹੇ ਦੇ ਕਸਬਾ ਘਨੌਰ ਦੇ ਯੂਕੋ ਬੈਂਕ ਵਿੱਚੋਂ ਫਿਲਮੀ ਸਟਾਈਲ ਵਿੱਚ 17 ਲੱਖ 85 ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈ।
Patiala News: ਪੰਜਾਬ ਅੰਦਰ ਲੁੱਟਾਂ-ਖੋਹਾਂ ਲਗਾਤਾਰ ਵਧ ਰਹੀਆਂ ਹਨ। ਸੋਮਵਾਰ ਨੂੰ ਤਿੰਨ ਹਥਿਆਰਬੰਦ ਲੁਟੇਰਿਆਂ ਨੇ ਪਟਿਆਲਾ ਜ਼ਿਲ੍ਹੇ ਦੇ ਕਸਬਾ ਘਨੌਰ ਦੇ ਯੂਕੋ ਬੈਂਕ ਵਿੱਚੋਂ ਫਿਲਮੀ ਸਟਾਈਲ ਵਿੱਚ 17 ਲੱਖ 85 ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈ। ਹੈਰਾਨੀ ਦੀ ਗੱਲ ਹੈ ਕਿ ਇਹ ਲੁੱਟ ਦੁਪਹਿਰ ਕਰੀਬ ਸਾਢੇ ਤਿੰਨ ਵਜੇ ਹੋਈ।
ਹਾਸਲ ਜਾਣਕਾਰੀ ਮੁਤਾਬਕ ਤਿੰਨ ਅਣਪਛਾਤੇ ਵਿਅਕਤੀ ਮੂੰਹ ਢੱਕ ਕੇ ਬੈਂਕ ਵਿੱਚ ਦਾਖਲ ਹੋਏ। ਇਨ੍ਹਾਂ ਵਿੱਚੋਂ ਇੱਕ ਦੇ ਹੱਥ ਵਿੱਚ ਪਿਸਤੌਲ ਫੜਿਆ ਹੋਇਆ ਸੀ। ਲੁਟੇਰਿਆਂ ਵਿੱਚੋਂ ਇੱਕ ਬੈਂਕ ਦੇ ਗੇਟ ’ਤੇ ਖੜ੍ਹ ਗਿਆ ਤੇ ਦੂਜੇ ਨੇ ਪਿਸਤੌਲ ਦਿਖਾ ਕੇ ਬੈਂਕ ਦੇ ਸਾਰੇ ਸਟਾਫ ਨੂੰ ਇੱਕ ਕੈਬਿਨ ਵਿੱਚ ਬੰਦ ਕਰ ਦਿੱਤਾ। ਇਸ ਦੌਰਾਨ ਤੀਜੇ ਲੁਟੇਰੇ ਨੇ ਖ਼ਜ਼ਾਨਚੀ ਕੋਲ ਜਾ ਕੇ ਸਾਰੀ ਨਕਦੀ ਆਪਣੇ ਕਬਜ਼ੇ ਵਿੱਚ ਲੈ ਲਈ।
ਉਸ ਵੇਲੇ ਨੇੜਲੇ ਪਿੰਡ ਮੰਜੌਲੀ ਦਾ ਸਰਪੰਚ ਚਮਕੌਰ ਸਿੰਘ ਵੀ ਬੈਂਕ ਵਿੱਚ ਜਮ੍ਹਾਂ ਕਰਵਾਉਣ ਲਈ ਲਿਆਂਦੀ 2 ਲੱਖ 20 ਹਜ਼ਾਰ ਦੀ ਨਕਦੀ ਲੈ ਕੇ ਕੈਸ਼ ਕਾਊਂਟਰ ’ਤੇ ਖੜ੍ਹਾ ਸੀ। ਲੁਟੇਰੇ ਇਹ ਰਾਸ਼ੀ ਵੀ ਆਪਣੇ ਨਾਲ ਲੈ ਗਏ। ਬੈਂਕ ’ਚ ਮੌਜੂਦ ਲੋਕਾਂ ਨੇ ਦੱਸਿਆ ਕਿ ਲੁਟੇਰੇ ਸਾਰੇ ਸਟਾਫ਼ ਨੂੰ ਕੈਬਿਨ ਵਿੱਚ ਬੰਦ ਛੱਡ ਕੇ ਜਾਂਦੇ ਹੋਏ ਇੱਕ ਖਾਤਾਧਾਰਕ ਤੋਂ ਚਾਬੀ ਖ਼ੋਹ ਕੇ ਉਸ ਦੇ ਬੁਲੇਟ ਮੋਟਰਸਾਈਕਲ ’ਤੇ ਫਰਾਰ ਹੋ ਗਏ।
ਗ਼ੌਰਤਲਬ ਹੈ ਕਿ ਇਸ ਬੈਂਕ ਵਿੱਚ ਕੋਈ ਸੁਰੱਖਿਆ ਗਾਰਡ ਤਾਇਨਾਤ ਨਹੀਂ ਹੈ ਤੇ ਲੁਟੇਰੇ ਜਾਂਦੇ ਹੋਏ ਬੈਂਕ ਵਿੱਚੋਂ ਸੀਸੀਟੀਵੀ ਕੈਮਰਿਆਂ ਦੀ ਡੀਵੀਆਰ ਵੀ ਨਾਲ ਲੈ ਗਏ ਹਨ। ਘਟਨਾ ਦੀ ਸੂਚਨਾ ਮਿਲਣ ’ਤੇ ਡੀਐਸਪੀ ਘਨੌਰ ਰਘਵੀਰ ਸਿੰਘ ਤੇ ਥਾਣਾ ਘਨੌਰ ਦੇ ਮੁਖੀ ਇੰਸਪੈਕਟਰ ਸਾਹਿਬ ਸਿੰਘ ਪੁਲੀਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ। ਇਸ ਮਗਰੋਂ ਐਸਐਸਪੀ ਵਰੁਣ ਸ਼ਰਮਾ ਦੀ ਹਦਾਇਤ ’ਤੇ ਜਲਦੀ ਹੀ ਪੁਲਿਸ ਵੱਲੋਂ ਪੰਜਾਬ ਤੇ ਹਰਿਆਣਾ ਦੀ ਹੱਦ ’ਤੇ ਪੈਂਦੇ ਛੋਟੇ-ਵੱਡੇ ਰਾਹ ਸੀਲ ਕਰ ਦਿੱਤੇ ਗਏ।
ਇਹ ਵੀ ਪੜ੍ਹੋ: Viral Video: ਕਈ ਫੁੱਟ ਲੰਬੇ ਸੱਪ ਨੂੰ ਜ਼ਿੰਦਾ ਨਿਗਲ ਗਿਆ ਕੋਬਰਾ, ਜਿਸ ਨੇ ਇਹ ਨਜ਼ਾਰਾ ਦੇਖਿਆ ਉਹ ਅੰਦਰ ਤੱਕ ਹਿੱਲ ਗਿਆ
ਇਸ ਸਬੰਧੀ ਡੀਐਸਪੀ ਰਘਵੀਰ ਸਿੰਘ ਨੇ ਦੱਸਿਆ ਕਿ ਥਾਣਾ ਘਨੌਰ ਦੀ ਪੁਲਿਸ ਨੇ ਬੈਂਕ ਮੈਨੇਜਰ ਅਮਿਤ ਥਮਣ ਦੇ ਬਿਆਨ ’ਤੇ ਤਿੰਨ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਘਟਨਾ ਦੀ ਜਾਂਚ ਆਰੰਭ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਸ ਮੋਟਰਸਾਈਕਲ ’ਤੇ ਲੁਟੇਰੇ ਫਰਾਰ ਹੋਏ ਸਨ, ਉਹ ਪੁਲਿਸ ਨੇ ਕੁਝ ਦੂਰੀ ਤੋਂ ਬਰਾਮਦ ਕਰ ਲਿਆ।