Sangrur News: ਵਿਦੇਸ਼ 'ਚ ਦਿਲ ਦੇ ਦੌਰੇ ਨਾਲ ਦੋ ਹੋਰ ਪੰਜਾਬੀ ਨੌਜਵਾਨਾਂ ਦੀ ਮੌਤ
Punjab News: ਹੁਣ ਸੰਗਰੂਰ ਤੇ ਫਰੀਦਕੋਟ ਜ਼ਿਲ੍ਹਿਆਂ ਨਾਲ ਸਬੰਧਤ ਦੋ ਨੌਜਵਾਨਾਂ ਦੀ ਕੈਨੇਡਾ ਤੇ ਸਾਈਪ੍ਰਸ ਵਿੱਚ ਦਿਲ ਦੇ ਦੌਰੇ ਨਾਲ ਮੌਤ ਦੀ ਖਬਰ ਆਈ ਹੈ।
Sangrur News: ਵਿਦੇਸ਼ਾਂ ਵਿੱਚ ਪੰਜਾਬੀ ਨੌਜਵਾਨਾਂ ਦੀ ਦਿਲ ਦੇ ਦੌਰੇ ਨਾਲ ਮੌਤ ਦੀਆਂ ਖਬਰਾਂ ਲਗਾਤਾਰ ਆ ਰਹੀਆਂ ਹਨ। ਹੁਣ ਸੰਗਰੂਰ ਤੇ ਫਰੀਦਕੋਟ ਜ਼ਿਲ੍ਹਿਆਂ ਨਾਲ ਸਬੰਧਤ ਦੋ ਨੌਜਵਾਨਾਂ ਦੀ ਕੈਨੇਡਾ ਤੇ ਸਾਈਪ੍ਰਸ ਵਿੱਚ ਦਿਲ ਦੇ ਦੌਰੇ ਨਾਲ ਮੌਤ ਦੀ ਖਬਰ ਆਈ ਹੈ।
ਹਾਸਲ ਜਾਣਕਾਰੀ ਮੁਤਾਬਕ ਕੈਨੇਡਾ (Canada) ’ਚ ਰਹਿੰਦੇ ਦਿੜ੍ਹਬਾ ਦੇ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮਨਪ੍ਰੀਤ ਸਿੰਘ (29) ਪੁੱਤਰ ਹਰਕੇਸ਼ ਸਿੰਘ ਵਾਸੀ ਦਿੜ੍ਹਬਾ ਕਈ ਸਾਲ ਪਹਿਲਾਂ ਕੈਨੇਡਾ ਗਿਆ ਸੀ ਤੇ ਆਪਣੀ ਪਤਨੀ ਸਮੇਤ ਉੱਥੇ ਰਹਿ ਰਿਹਾ ਸੀ।
ਮ੍ਰਿਤਕ ਦੇ ਪਿਤਾ ਹਰਕੇਸ਼ ਸਿੰਘ ਨੇ ਦੱਸਿਆ ਕਿ ਉਸ ਦਾ ਬੇਟਾ ਸਾਲ 2017 ਵਿੱਚ ਐਡਮੰਟਨ ਗਿਆ ਸੀ ਤੇ ਉਹ ਵੀ ਉਸ ਕੋਲ ਪੰਜ ਮਹੀਨੇ ਬਿਤਾਉਣ ਮਗਰੋਂ ਪਿਛਲੇ ਦਿਨੀਂ ਹੀ ਪਰਤਿਆ ਹੈ। ਹਰਕੇਸ਼ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਦਿੜ੍ਹਬਾ ਪੁੱਜਣ ਤੋਂ ਦੋ ਘੰਟੇ ਬਾਅਦ ਹੀ ਨੂੰਹ ਮਨਦੀਪ ਕੌਰ ਦਾ ਕੈਨੇਡਾ ਤੋਂ ਫੋਨ ਆਇਆ ਕਿ ਮਨਪ੍ਰੀਤ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਮਨਪ੍ਰੀਤ ਦੇ ਪਰਿਵਾਰ ’ਚ ਪਤਨੀ ਤੇ ਚਾਰ ਸਾਲਾਂ ਦਾ ਇੱਕ ਪੁੱਤਰ ਹੈ।
ਫਰੀਦਕੋਟ ਦੇ ਨੌਜਵਾਨ ਦੀ ਸਾਈਪ੍ਰਸ 'ਚ ਮੌਤ
ਇਸੇ ਤਰ੍ਹਾਂ ਫਰੀਦਕੋਟ ਜ਼ਿਲ੍ਹੇ ਨਾਲ ਸਬੰਧਤ ਇੱਕ ਨੌਜਵਾਨ ਦੀ ਵਿਦੇਸ਼ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਹ ਨੌਜਵਾਨ 10 ਦਿਨ ਪਹਿਲਾਂ ਆਪਣੀ ਪਤਨੀ ਨਾਲ ਸਾਈਪ੍ਰਸ ਗਿਆ ਸੀ, ਜਿੱਥੇ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਤੇ ਇਹ ਦਰਦਨਾਕ ਘਟਨਾ ਵਾਪਰ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਲਵਜੀਤ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਪਿੰਡ ਵਾਂਦਰ ਡੋਡ ਵਜੋਂ ਹੋਈ ਹੈ। ਇਸ ਘਟਨਾ ਤੋਂ ਪਿੰਡ ਦੇ ਲੋਕ ਦੁਖੀ ਹਨ।
ਮ੍ਰਿਤਕ ਦੇ ਰਿਸ਼ਤੇਦਾਰਾਂ ਅਨੁਸਾਰ ਲਵਜੀਤ ਦੀ ਪਤਨੀ ਸੁਖਜਿੰਦਰ ਕੌਰ ਕਰੀਬ 4 ਸਾਲ ਪਹਿਲਾਂ ਸਾਈਪ੍ਰਸ (Cyprus) ਗਈ ਸੀ। ਲਵਜੀਤ ਸਿੰਘ 19 ਨਵੰਬਰ ਨੂੰ ਆਪਣੀ ਪਤਨੀ ਨਾਲ ਸਾਈਪ੍ਰਸ ਗਿਆ ਸੀ, ਜਿੱਥੇ ਉਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਇੱਕ ਪੰਜ ਸਾਲ ਦੀ ਬੇਟੀ ਵੀ ਹੈ। ਰਿਸ਼ਤੇਦਾਰਾਂ ਨੇ ਲਵਜੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਕੇਂਦਰ ਤੇ ਸੂਬਾ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ।