Sangrur News: ਸਰਕਾਰ ਬਦਲੀ, ਸਿਸਟਮ ਨਹੀਂ! ਭਗਵੰਤ ਮਾਨ ਸਰਕਾਰ 'ਚ ਵੀ ਹੱਕ ਮੰਗਣ ਵਾਲਿਆਂ 'ਤੇ ਵਰ੍ਹ ਰਿਹਾ ਡੰਡਾ
ਪੰਜਾਬ ਅੰਦਰ ਸਰਕਾਰ ਬਦਲੀ ਨੂੰ ਇੱਕ ਸਾਲ ਹੋ ਗਿਆ ਹੈ ਪਰ ਹਾਲਾਤ ਅਜੇ ਤੱਕ ਨਹੀਂ ਬਦਲੇ। ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਆਉਣ 'ਤੇ ਕਿਸੇ ਨੂੰ ਧਰਨਾ-ਮੁਜ਼ਾਹਰਾ ਨਹੀਂ ਕਰਨਾ ਪਾਵੇਗਾ ਪਰ ਅੱਜ ਲੋਕ ਸੜਕਾਂ ਉੱਪਰ ਹਨ...
Sangrur News: ਪੰਜਾਬ ਅੰਦਰ ਸਰਕਾਰ ਬਦਲੀ ਨੂੰ ਇੱਕ ਸਾਲ ਹੋ ਗਿਆ ਹੈ ਪਰ ਹਾਲਾਤ ਅਜੇ ਤੱਕ ਨਹੀਂ ਬਦਲੇ। ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਆਉਣ 'ਤੇ ਕਿਸੇ ਨੂੰ ਧਰਨਾ-ਮੁਜ਼ਾਹਰਾ ਨਹੀਂ ਕਰਨਾ ਪਾਵੇਗਾ ਪਰ ਅੱਜ ਲੋਕ ਸੜਕਾਂ ਉੱਪਰ ਹਨ ਤੇ ਪੁਲਿਸ ਉਨ੍ਹਾਂ ਦੀ ਖਿੱਚ-ਧੂਹ ਕਰ ਰਹੀ ਹੈ। ਇਹ ਵਰਤਾਰਾ ਰੋਜ਼ਾਨਾ ਦਾ ਹੈ ਪਰ ਸਰਕਾਰ ਦੇ ਕੰਨ ਉੱਪਰ ਜੂੰਅ ਤੱਕ ਨਹੀਂ ਸਰਕ ਰਹੀ।
ਦਰਅਸਲ ਕਾਂਗਰਸ ਸਰਕਾਰ ਵੇਲੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਵਿੱਚ ਹੱਕ ਮੰਗਣ ਵਾਲੇ ਲੋਕਾਂ ਉੱਪਰ ਪੁਲਿਸ ਦਾ ਡੰਡਾ ਵਰ੍ਹਦਾ ਸੀ ਪਰ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਥ ਪੰਜਾਬ ਦੀ ਕਮਾਨ ਆਉਣ ਮਗਰੋਂ ਇਹ ਸਭ ਸੰਗਰੂਰ ਵਿੱਚ ਹੋ ਰਿਹਾ ਹੈ। ਸ਼ਨੀਵਾਰ ਨੂੰ ਸੰਗਰੂਰ ਸਥਿਤ ਮੁੱਖ ਮੰਤਰੀ ਦੀ ਕੋਠੀ ਅੱਗੇ 4161 ਮਾਸਟਰ ਕਾਡਰ ਅਧਿਆਪਕਾਂ ਤੇ ਪੁਲਿਸ ਵਿਚਕਾਰ ਜ਼ੋਰਦਾਰ ਧੱਕਾ-ਮੁੱਕੀ ਹੋਈ।
ਹਾਸਲ ਜਾਣਕਾਰੀ ਅਨੁਸਾਰ ਉਕਤ 4161 ਅਧਿਆਪਕਾਂ ਦੀ ਚੋਣ ਤਾਂ ਹੋ ਚੁੱਕੀ ਹੈ, ਪਰ ਹਾਲੇ ਤੱਕ ਇਨ੍ਹਾਂ ਨੂੰ ਸਟੇਸ਼ਨ ਅਲਾਟ ਨਹੀਂ ਕੀਤੇ ਗਏ। ਇਸੇ ਮੰਗ ਤਹਿਤ ਉਕਤ ਚੁਣੇ ਗਏ ਅਧਿਆਪਕ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਲਈ ਇੱਥੇ ਪਹੁੰਚੇ ਸਨ। ਇਸ ਮੌਕੇ ਪੁਲਿਸ ਵੱਲੋਂ ਕੀਤੀ ਗਈ ਨਾਕਾਬੰਦੀ ਤੇ ਲਾਏ ਬੈਰੀਕੇਡ ਲੰਘ ਕੇ ਜਦੋਂ ਪ੍ਰਦਰਸ਼ਨਕਾਰੀ ਮੁੱਖ ਮੰਤਰੀ ਦੀ ਕੋਠੀ ਵੱਲ ਵਧਣ ਲੱਗੇ ਤਾਂ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਦਾ ਯਤਨ ਕੀਤਾ। ਇਸ ਦੌਰਾਨ ਦੋਵੇਂ ਧਿਰਾਂ ਵਿਚਾਲੇ ਜ਼ਬਰਦਸਤ ਖਿੱਚ-ਧੂਹ ਹੋਈ।
ਹਾਸਲ ਜਾਣਕਾਰੀ ਅਨੁਸਾਰ ਪੰਜਾਬ ਭਰ ’ਚੋਂ ਚੁਣੇ ਗਏ 4161 ਮਾਸਟਰ ਕਾਡਰ ਅਧਿਆਪਕ ਪਹਿਲਾਂ ਸਥਾਨਕ ਮਿਲਕ ਪਲਾਂਟ ਨੇੜੇ ਇਕੱਠੇ ਹੋਏ, ਜਿਥੋਂ ਬਾਅਦ ਦੁਪਹਿਰ ਰੋਸ ਮਾਰਚ ਕਰਦੇ ਹੋਏ ਮੁੱਖ ਮੰਤਰੀ ਦੀ ਰਿਹਾਇਸ਼ੀ ਕਲੋਨੀ ਦੇ ਗੇਟ ਨੇੜੇ ਮੁੱਖ ਸੜਕ ’ਤੇ ਪੁੱਜੇ। ਪੁਲਿਸ ਤੇ ਪ੍ਰਦਰਸ਼ਨਕਾਰੀਆਂ ਵਿੱਚ ਹੋਈ ਧੱਕਾ-ਮੁੱਕੀ ਵਿੱਚ ਕਈ ਪ੍ਰਦਰਸ਼ਨਕਾਰੀਆਂ ਦੀਆਂ ਪੱਗਾਂ ਵੀ ਲੱਥ ਗਈਆਂ। ਇਸ ਮੌਕੇ ਮਹਿਲਾ ਅਧਿਆਪਕਾ ਗੁਰਜੀਤ ਕੌਰ ਸੰਗਰੂਰ ਅਤੇ ਅਲਕਾ ਫਗਵਾੜਾ ਸੜਕ ’ਤੇ ਡਿੱਗ ਪਈਆਂ।
ਇਸ ਮਗਰੋਂ ਪੁਲਿਸ ਮੁਲਾਜ਼ਮਾਂ ਨੇ ਡਾਗਾਂ ਦੇ ਜ਼ੋਰ ’ਤੇ ਪ੍ਰਦਰਸ਼ਨਕਾਰੀਆਂ ਨੂੰ ਉਥੋਂ ਖਦੇੜ ਦਿੱਤਾ। ਇਸ ਟਕਰਾਅ ਮਗਰੋਂ ਦਰਜਨਾਂ ਪ੍ਰਦਰਸ਼ਨਕਾਰੀ ਮੁੜ ਨਾਕਾਬੰਦੀ ਵਾਲੀ ਥਾਂ ’ਤੇ ਪਹੁੰਚੇ ਤੇ ਉਨ੍ਹਾਂ ਉਥੇ ਸੜਕ ’ਤੇ ਹੀ ਧਰਨਾ ਆਰੰਭ ਦਿੱਤਾ। ਸੂਬਾ ਕਮੇਟੀ ਮੈਂਬਰ ਸੰਦੀਪ ਗਿੱਲ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੀ 5 ਜਨਵਰੀ ਨੂੰ ਲੁਧਿਆਣਾ ਵਿੱਚ 4161 ਅਧਿਆਪਕਾਂ ਨੂੰ ਨਿਯੁਕਤੀ ਪੱਤਰ ਵੰਡੇ ਸਨ, ਪਰ ਸਵਾ ਦੋ ਮਹੀਨਿਆਂ ਬਾਅਦ ਵੀ ਹਾਲੇ ਤੱਕ ਉਨ੍ਹਾਂ ਨੂੰ ਸਟੇਸ਼ਨ ਅਲਾਟ ਨਹੀਂ ਕੀਤੇ ਗਏ।
ਇਸ ਮੌਕੇ ਪ੍ਰਸ਼ਾਸਨ ਵੱਲੋਂ ਪਹੁੰਚੇ ਡਿਊਟੀ ਮੈਜਿਸਟ੍ਰੇਟ ਨੇ ਪ੍ਰਦਰਸ਼ਨਕਾਰੀਆਂ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਵਲੋਂ ਦਸ ਦਿਨਾਂ ਦੇ ਅੰਦਰ ਸਟੇਸ਼ਨ ਅਲਾਟਮੈਂਟ ਲਈ ਪੋਰਟਲ ਖੋਲ੍ਹ ਦਿੱਤਾ ਜਾਵੇਗਾ, ਜਿਸ ਮਗਰੋਂ ਧਰਨਾ ਸਮਾਪਤ ਕਰ ਦਿੱਤਾ ਗਿਆ। ਯੂਨੀਅਨ ਆਗੂ ਸੰਦੀਪ ਗਿੱਲ ਨੇ ਕਿਹਾ ਕਿ ਜੇਕਰ ਪੋਰਟਲ ਨਾ ਖੋਲ੍ਹਿਆ ਗਿਆ ਤਾਂ 23 ਮਾਰਚ ਨੂੰ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਸ੍ਰੀ ਆਨੰਦਪੁਰ ਸਾਹਿਬ ਵਿੱਚ ਪੱਕਾ ਮੋਰਚਾ ਲਗਾਇਆ ਜਾਵੇਗਾ।