Rana Balachauria Murder Case: ਕਬੱਡੀ ਖਿਡਾਰੀ ਰਾਣਾ ਬਲਾਚੌਰੀਆ ਦੇ ਕਤਲ ਕੇਸ 'ਚ ਵੱਡਾ ਖੁਲਾਸਾ! ਪੁਰਤਗਾਲ ਤੋਂ ਹੋਈ ਪੂਰੀ ਪਲਾਨਿੰਗ
ਕਬੱਡੀ ਖਿਡਾਰੀ ਰਾਣਾ ਬਲਾਚੌਰੀਆ ਦੇ ਕਤਲ ਦੀਆਂ ਪਰਤਾਂ ਖੁੱਲ੍ਹਣੀਆਂ ਸ਼ੁਰੂ ਹੋ ਗਈਆਂ ਹਨ। ਮੰਗਲਵਾਰ ਨੂੰ ਇਸ ਕਤਲ ਬਾਰੇ ਕਈ ਖੁਲਾਸੇ ਕੀਤੇ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਜਲਦ ਹੀ ਕਾਤਲ ਪੁਲਿਸ ਦੀ ਗ੍ਰਿਫਤ...

Rana Balachauria Murder Case: ਕਬੱਡੀ ਖਿਡਾਰੀ ਰਾਣਾ ਬਲਾਚੌਰੀਆ ਦੇ ਕਤਲ ਦੀਆਂ ਪਰਤਾਂ ਖੁੱਲ੍ਹਣੀਆਂ ਸ਼ੁਰੂ ਹੋ ਗਈਆਂ ਹਨ। ਮੰਗਲਵਾਰ ਨੂੰ ਇਸ ਕਤਲ ਬਾਰੇ ਕਈ ਖੁਲਾਸੇ ਕੀਤੇ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਜਲਦ ਹੀ ਕਾਤਲ ਪੁਲਿਸ ਦੀ ਗ੍ਰਿਫਤ ਵਿੱਚ ਹੋਣਗੇ। ਉਧਰ, ਇਹ ਵੀ ਖੁਲਾਸਾ ਹੋਇਆ ਹੈ ਕਿ ਇਸ ਕਤਲ ਦੀ ਸਾਰੀ ਪਲਾਨਿੰਗ ਪੁਰਤਗਾਲ ਬੈਠੇ ਗੈਂਗਸਟਰ ਬਲਵਿੰਦਰ ਸਿੰਘ ਉਰਫ਼ ਡੋਨੀ ਬਲ ਨੇ ਕੀਤੀ ਸੀ। ਡੋਨੀ ਬਲ ਅੰਮ੍ਰਿਤਸਰ ਇਲਾਕੇ ਦਾ ਹੈ। ਇਸ ਲਈ ਉਸ ਨੇ ਰਾਣਾ ਬਲਾਚੌਰੀਆ ਦੇ ਕਤਲ ਲਈ ਉਸ ਖੇਤਰ ਦੇ ਗੈਂਗਸਟਰਾਂ ਨੂੰ ਹੀ ਵਰਤਿਆ।
ਸੂਤਰਾਂ ਮੁਤਾਬਕ ਕਾਤਲਾਂ ਦੀ ਪਛਾਣ ਹੋ ਗਈ ਹੈ ਤੇ ਪੁਲਿਸ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਅੰਮ੍ਰਿਤਸਰ ਤੇ ਬਟਾਲਾ ਖੇਤਰਾਂ ਵਿੱਚ ਸਰਗਰਮ ਹੈ। ਡੋਨੀ ਬਲ ਇਸ ਸਮੇਂ ਵਿਦੇਸ਼ਾਂ ਵਿੱਚ ਲੋਕਾਂ ਨੂੰ ਧਮਕੀਆਂ ਦੇ ਕੇ ਪੈਸੇ ਵਸੂਲਦਾ ਹੈ। ਉਸ ਵਿਰੁੱਧ ਕਈ ਮਾਮਲੇ ਦਰਜ ਕੀਤੇ ਗਏ ਹਨ, ਜਿਸ ਵਿੱਚ ਫਿਰੌਤੀ ਦੀ ਅਦਾਇਗੀ ਨਾ ਹੋਣ 'ਤੇ ਫਾਇਰਿੰਗ ਦੀਆਂ ਘਟਨਾਵਾਂ ਵੀ ਸ਼ਾਮਲ ਹਨ। ਉਸ ਦਾ ਨਿਸ਼ਾਨਾ ਹਮੇਸ਼ਾ ਕਾਰੋਬਾਰੀ ਤੇ ਸੰਗੀਤ ਉਦਯੋਗ ਨਾਲ ਜੁੜੇ ਲੋਕ ਰਹੇ ਹਨ। ਰਾਣਾ ਬਲਾਚੌਰੀਆ ਵੀ ਮੁਹਾਲੀ ਵਿੱਚ ਇੱਕ ਸੰਗੀਤ ਸਟੂਡੀਓ ਚਲਾਉਂਦਾ ਸੀ।
ਡੀਜੀਪੀ ਕਾਨੂੰਨ ਤੇ ਵਿਵਸਥਾ ਅਰਪਿਤ ਸ਼ੁਕਲਾ ਨੇ ਰਾਣਾ ਬਲਾਚੌਰੀਆ ਦੇ ਕਤਲ ਵਿੱਚ ਡੋਨੀ ਬਲ ਦੀ ਸ਼ਮੂਲੀਅਤ ਦਾ ਖੁਲਾਸਾ ਕੀਤਾ ਹੈ। ਹੁਣ ਤੱਕ ਦੀ ਪੁਲਿਸ ਜਾਂਚ ਤੋਂ ਪਤਾ ਲੱਗਾ ਹੈ ਕਿ ਪੁਰਤਗਾਲ ਦੇ ਗੈਂਗਸਟਰ ਬਲਵਿੰਦਰ ਸਿੰਘ ਉਰਫ਼ ਡੋਨੀ ਨੇ ਅੰਮ੍ਰਿਤਸਰ ਤੋਂ ਸ਼ੂਟਰ ਆਦਿੱਤਿਆ ਕਪੂਰ ਤੇ ਕਰਨ ਪਾਠਕ ਦਾ ਪ੍ਰਬੰਧ ਕੀਤਾ ਸੀ ਤੇ ਉਨ੍ਹਾਂ ਨੂੰ ਹਥਿਆਰ ਮੁਹੱਈਆ ਕਰਵਾਏ ਸਨ। ਪੁਲਿਸ ਇਸ ਅਪਰਾਧ ਦੇ ਦੋਸ਼ੀ ਦੀ ਭਾਲ ਕਰ ਰਹੀ ਹੈ, ਜੋ ਮੋਹਾਲੀ ਜਾਂ ਨੇੜੇ ਦਾ ਸਥਾਨਕ ਨਿਵਾਸੀ ਹੈ। ਐਸਐਸਪੀ ਹਰਮਨਦੀਪ ਸਿੰਘ ਹੰਸ ਅਨੁਸਾਰ ਇਸ ਮਾਮਲੇ ਵਿੱਚ ਇੱਕ ਸਥਾਨਕ ਵਿਅਕਤੀ ਦੀ ਵੀ ਪਛਾਣ ਕੀਤੀ ਗਈ ਹੈ, ਜਿਸ ਨੇ ਸ਼ੂਟਰਾਂ ਨੂੰ ਸਥਾਨਕ ਸਹਾਇਤਾ ਪ੍ਰਦਾਨ ਕੀਤੀ ਸੀ। ਪੁਲਿਸ ਉਸ ਦੀ ਨਿਗਰਾਨੀ ਕਰ ਰਹੀ ਹੈ ਤੇ ਉਸ ਦੀ ਸ਼ਮੂਲੀਅਤ ਦੇ ਸਬੂਤ ਇਕੱਠੇ ਕਰ ਰਹੀ ਹੈ।
ਪੁਲਿਸ ਸੂਤਰਾਂ ਮੁਤਾਬਕ ਬਲਵਿੰਦਰ ਸਿੰਘ ਡੋਨੀ ਬਲ ਵਿਰੁੱਧ ਕਈ ਅਪਰਾਧਿਕ ਮਾਮਲੇ ਦਰਜ ਹਨ, ਜਿਸ ਵਿੱਚ ਸ਼ੂਟਰਾਂ ਨੂੰ ਹਥਿਆਰ ਪ੍ਰਦਾਨ ਕਰਨਾ ਤੇ ਫਿਰੌਤੀ ਦੀਆਂ ਕਾਲਾਂ ਕਰਨਾ ਸ਼ਾਮਲ ਹੈ। ਉਹ ਕੁਝ ਸਾਲ ਪਹਿਲਾਂ ਜਾਅਲੀ ਦਸਤਾਵੇਜ਼ਾਂ ਤੇ ਪਾਸਪੋਰਟ ਦੀ ਵਰਤੋਂ ਕਰਕੇ ਪੁਰਤਗਾਲ ਭੱਜ ਗਿਆ ਸੀ ਤੇ ਉੱਥੋਂ ਪੰਜਾਬ ਵਿੱਚ ਆਪਣਾ ਨੈੱਟਵਰਕ ਚਲਾ ਰਿਹਾ ਹੈ। ਇਹ ਵੀ ਖੁਲਾਸਾ ਹੋਇਆ ਹੈ ਕਿ ਉਹ ਆਪਣੇ ਮਾਡਿਊਲ ਲਈ ਇੰਟਰਨੈੱਟ ਮੀਡੀਆ ਰਾਹੀਂ ਨੌਜਵਾਨਾਂ ਨੂੰ ਗੈਂਗਸਟਰਾਂ ਨਾਲ ਜੋੜਦਾ ਹੈ। ਉਹ ਉਨ੍ਹਾਂ ਨੂੰ ਹਥਿਆਰ ਤੇ ਪੈਸੇ ਪ੍ਰਦਾਨ ਕਰਦਾ ਹੈ।
ਪੁਲਿਸ ਮੁਤਾਬਕ ਅੰਮ੍ਰਿਤਸਰ ਤੇ ਬਟਾਲਾ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿੱਚ ਮੁਲਜ਼ਮਾਂ ਨੂੰ ਫੜਨ ਲਈ ਲਗਪਗ 12 ਟੀਮਾਂ ਬਣਾਈਆਂ ਗਈਆਂ ਹਨ। ਕੁਝ ਸਥਾਨਕ ਸਾਥੀਆਂ ਨੂੰ ਲੱਭਣ ਤੇ ਗ੍ਰਿਫ਼ਤਾਰ ਕਰਨ ਲਈ ਕੰਮ ਕਰ ਰਹੀਆਂ ਹਨ, ਜਦੋਂ ਕਿ ਕੁਝ ਸ਼ੂਟਰਾਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਪੁਲਿਸ ਸੂਤਰਾਂ ਅਨੁਸਾਰ ਦੋਵਾਂ ਸ਼ੂਟਰਾਂ ਦੇ ਕੁਝ ਨਜ਼ਦੀਕੀ ਸਾਥੀਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਹੈ ਤੇ ਸ਼ੂਟਰਾਂ ਨੂੰ ਪੁਲਿਸ ਸਾਹਮਣੇ ਪੇਸ਼ ਹੋਣ ਲਈ ਦਬਾਅ ਪਾਉਣ ਲਈ ਉਨ੍ਹਾਂ ਦੀ ਵਰਤੋਂ ਕਰ ਰਹੀ ਹੈ।






















