Punjab Election: 'ਆਪ' ਵਿਧਾਇਕ ਦੀ ਨਵੀਂ ਪਹਿਲ, ਸਿਰਫ ਇੱਕ ਰੁਪਏ ਤਨਖਾਹ, ਸੁਰੱਖਿਆ ਅਮਲੇ ਤੇ ਸਰਕਾਰੀ ਕਾਰ ਤੋਂ ਵੀ ਇਨਕਾਰ
Punjab Election: ਗੁਰਦੇਵ ਸਿੰਘ ਮਾਨ ਨੇ 52,371 ਵੋਟਾਂ ਦੇ ਵੱਡੇ ਫ਼ਰਕ ਨਾਲ ਚੋਣ ਜਿੱਤੀ ਹੈ। ਮਾਨ ਨੇ ਜਿਨ੍ਹਾਂ ਉਮੀਦਵਾਰਾਂ ਨੂੰ ਹਰਾਇਆ ਹੈ, ਉਨ੍ਹਾਂ ਵਿੱਚੋਂ ਪੰਜ ਵਾਰ ਦਾ ਵਿਧਾਇਕ ਤੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਵੀ ਇਕ ਹੈ।
Punjab Election: ਆਮ ਆਦਮੀ ਪਾਰਟੀ ਦੇ ਨਾਭਾ ਹਲਕੇ ਤੋਂ ਵਿਧਾਇਕ ਗੁਰਦੇਵ ਸਿੰਘ ਮਾਨ ਨੇ ਅਹਿਮ ਫੈਸਲਾ ਕੀਤਾ ਹੈ ਜਿਸ ਦੀ ਚੁਫੇਰਿਓਂ ਪ੍ਰਸੰਸਾ ਹੋ ਰਹੀ ਹੈ। ਗੁਰਦੇਵ ਸਿੰਘ ਮਾਨ ਬਤੌਰ ਵਿਧਾਇਕ ਮਿਲਣ ਵਾਲੀ ਤਨਖਾਹ ’ਚੋਂ ਸਿਰਫ਼ ਇੱਕ ਰੁਪਿਆ ਲੈਣਗੇ। ਉਨ੍ਹਾਂ ਕਿਹਾ ਹੈ ਕਿ ਉਹ ਵਾਅਦੇ ਮੁਤਾਬਕ ਸਿਰਫ਼ ਇੱਕ ਰੁਪਏ ਦੀ ਤਨਖਾਹ ’ਤੇ ਵਿਧਾਇਕ ਵਜੋਂ ਕੰਮ ਕਰਨਗੇ।
ਇਸ ਦੇ ਨਾਲ ਹੀ ਗੁਰਦੇਵ ਸਿੰਘ ਮਾਨ ਨੇ ਸੁਰੱਖਿਆ ਅਮਲਾ ਲੈਣ ਤੋਂ ਵੀ ਇਨਕਾਰ ਕਰ ਦਿੱਤਾ ਹੈ। ਮਾਨ ਨੇ ਕਿਹਾ ਕਿ ਉਸ ਨੇ ਆਪਣੇ ਸਿਆਸੀ ਸਫ਼ਰ ਦਾ ਆਗਾਜ਼ ਸਾਈਕਲ ’ਤੇ ਕੀਤਾ ਸੀ। ਉਹ ਅੱਗੋਂ ਵੀ ਸਾਈਕਲ ’ਤੇ ਨਾਭਾ ਹਲਕੇ ਦੀ ਗੇੜੀ ਲਾ ਕੇ ਵਿਕਾਸ ਕੰਮਾਂ ਦੇ ਜਾਇਜ਼ੇ ਤੋਂ ਇਲਾਵਾ ਲੋਕਾਂ ਦੀ ਸਾਰ ਲੈਂਦੇ ਰਹਿਣਗੇ।
ਮਾਨ ਨੇ ਕਿਹਾ, ‘‘ਮੈਂ ਚੋਣ ਪ੍ਰਚਾਰ ਵੀ ਸਾਈਕਲ ’ਤੇ ਹੀ ਕੀਤਾ ਸੀ। ਤੇ ਹੁਣ ਮੈਨੂੰ ਫੈਂਸੀ ਕਾਰਾਂ ਦੀ ਵੀ ਲੋੜ ਨਹੀਂ।’’ ਮਾਨ ਨੇ ਕਿਹਾ ਕਿ ਨਾਭਾ ਤੋਂ ਕਾਂਗਰਸੀ ਉਮੀਦਵਾਰ ਸਾਧੂ ਸਿੰਘ ਧਰਮਸੋਤ ਕਦੇ ਉਸ ਦੇ ਸਾਈਕਲ ਦਾ ਮਖੌਲ ਉਡਾਉਂਦਾ ਸੀ। ਉਨ੍ਹਾਂ ਕਿਹਾ, ‘‘ਚੋਣ ਪ੍ਰਚਾਰ ਦੌਰਾਨ ਧਰਮਸੋਤ ਅਕਸਰ ਇਹ ਕਹਿ ਕੇ ਮੇਰਾ ਮੌਜੂ ਉਡਾਉਂਦਾ ਸੀ ਕਿ ‘ਹੁਣ ਸਾਈਕਲ ਚਲਾਉਣ ਵਾਲੇ ਵੀ ਮੇਰੇ ਖਿਲਾਫ਼ ਉਮੀਦਾਰ ਖੜ ਕੇ ਚੋਣਾਂ ਲੜ ਰਹੇ ਹਨ। ਪਰ ਅੱਜ ਉਹੀ ਸਾਈਕਲ ਚਲਾਉਣ ਵਾਲਾ ਹਲਕੇ ਦੇ ਵੋਟਰਾਂ ਵੱਲੋਂ ਜਤਾਏ ਭਰੋਸੇ ਤੇ ਦਿੱਤੇ ਪਿਆਰ ਕਰਕੇ ਵਿਧਾਇਕ ਬਣ ਗਿਆ ਹੈ।’’
ਦੱਸ ਦੇਈਏ ਕਿ ਗੁਰਦੇਵ ਸਿੰਘ ਮਾਨ ਨੇ 52,371 ਵੋਟਾਂ ਦੇ ਵੱਡੇ ਫ਼ਰਕ ਨਾਲ ਚੋਣ ਜਿੱਤੀ ਹੈ। ਮਾਨ ਨੇ ਜਿਨ੍ਹਾਂ ਉਮੀਦਵਾਰਾਂ ਨੂੰ ਹਰਾਇਆ ਹੈ, ਉਨ੍ਹਾਂ ਵਿੱਚੋਂ ਪੰਜ ਵਾਰ ਦਾ ਵਿਧਾਇਕ ਤੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਵੀ ਇਕ ਹੈ। ਚੋਣ ਨਤੀਜੇ ਵਿੱਚ ਧਰਮਸੋਤ 18,251 ਵੋਟਾਂ ਨਾਲ ਤੀਜੀ ਥਾਵੇਂ ਰਿਹਾ ਸੀ ਤੇ ਉਸ ਦੀ ਜ਼ਮਾਨਤ ਤੱਕ ਜ਼ਬਤ ਹੋ ਗਈ ਸੀ।