Amar Singh Chamkila: ਅਮਰ ਸਿੰਘ ਚਮਕੀਲਾ ਦੀ ਅੱਜ ਬਰਸੀ, ਗਾਇਕ ਨੇ ਖਾੜਕੂਆਂ ਤੋਂ ਮੰਗੀ ਸੀ ਮੁਆਫੀ, ਫਿਰ ਕਿਉਂ ਉਤਾਰਿਆ ਗਿਆ ਸੀ ਮੌਤ ਦੇ ਘਾਟ, ਜਾਣੋ
Amar Singh Chamkila Death Anniversary: 80ਆਂ ਦੇ ਦਹਾਕੇ 'ਚ ਚਮਕੀਲੇ ਦੀ ਪੂਰੀ ਚੜ੍ਹਾਈ ਸੀ, ਪਰ ਉਸ ਦੇ ਗਾਣਿਆਂ ਨੂੰ ਖਾੜਕੂ ਪਸੰਦ ਨਹੀਂ ਕਰ ਰਹੇ ਸਨ। ਉਨ੍ਹਾਂ ਦਾ ਮੰਨਣਾ ਸੀ ਕਿ ਉਹ ਇਤਰਾਜ਼ਯੋਗ ਗਾਣੇ ਗਾਉਂਦਾ ਹੈ।
ਅਮੈਲੀਆ ਪੰਜਾਬੀ ਦੀ ਰਿਪੋਰਟ
Amar Singh Chamkila 36th Death Anniversary: ਅਮਰ ਸਿੰਘ ਚਮਕੀਲਾ ਉਹ ਨਾਮ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਸ ਦੇ ਗਾਏ ਗਾਣੇ ਅੱਜ ਤੱਕ ਸਦਾਬਹਾਰ ਹਨ ਅਤੇ ਲੋਕਾਂ ਦੀ ਜ਼ੁਬਾਨ 'ਤੇ ਹਨ। ਫਿਲਹਾਲ ਚਮਕੀਲਾ ਦਾ ਨਾਮ ਸੁਰਖੀਆਂ 'ਚ ਬਣਿਆ ਹੋਇਆ ਹੈ। ਇਸ ਦੀ ਵਜ੍ਹਾ ਹੈ 'ਚਮਕੀਲਾ' ਫਿਲਮ ਤੇ ਦੂਜੀ ਵਜ੍ਹਾ ਹੈ ਚਮਕੀਲੇ ਦੀ ਬਰਸੀ। ਅਮਰ ਸਿੰਘ ਚਮਕੀਲਾ ਚਮਕਦਾਰ ਸਿਤਾਰਾ ਸੀ, ਜਿਸ ਨੂੰ 8 ਮਾਰਚ 1988 ਨੂੰ ਖਾੜਕੂਆਂ ਨੇ ਸਦਾ ਲਈ ਬੁਝਾ ਦਿੱਤਾ ਸੀ। ਅੱਜ ਚਮਕੀਲੇ ਦੀ 36ਵੀਂ ਬਰਸੀ ਹੈ।
ਕਿਹਾ ਜਾਂਦਾ ਹੈ ਕਿ 80ਆਂ ਦੇ ਦਹਾਕੇ 'ਚ ਚਮਕੀਲੇ ਦੀ ਪੂਰੀ ਚੜ੍ਹਾਈ ਸੀ, ਪਰ ਉਸ ਦੇ ਗਾਏ ਕਈ ਗਾਣਿਆਂ ਨੂੰ ਖਾੜਕੂ ਪਸੰਦ ਨਹੀਂ ਕਰ ਰਹੇ ਸਨ। ਕਿਉਂਕਿ ਉਨ੍ਹਾਂ ਦਾ ਮੰਨਣਾ ਸੀ ਕਿ ਉਹ ਇਤਰਾਜ਼ਯੋਗ ਗਾਣੇ ਗਾਉਂਦਾ ਹੈ, ਜੋ ਕਿ ਸਮਾਜ 'ਚ ਗਲਤ ਸੰਦੇਸ਼ ਦਿੰਦੇ ਹਨ। ਜਦੋਂ ਚਮਕੀਲੇ ਨੂੰ ਬਾਰ ਬਾਰ ਖਾੜਕੂਆਂ ਤੋਂ ਧਮਕੀਆਂ ਮਿਲੀਆਂ ਤਾਂ ਉਹ ਖਾੜਕੂ ਸਿੰਘਾਂ ਤੋਂ ਮੁਆਫੀ ਮੰਗਣ ਪਹੁੰਚਿਆ ਸੀ। ਪਰ ਮੁਆਫੀ ਮੰਗਣ ਦੇ ਬਾਵਜੂਦ ਖਾੜਕੂਆਂ ਨੇ ਚਮਕੀਲੇ ਤੇ ਉਸ ਦੀ ਪਤਨੀ ਨੂੰ ਮੌਤ ਦ ਘਾਟ ਉਤਾਰ ਦਿੱਤਾ ਸੀ। ਜਾਣੋ ਕੀ ਹੈ ਇਸ ਦੀ ਵਜ੍ਹਾ:
ਇਤਰਾਜ਼ਯੋਗ ਗਾਣਿਆਂ ਲਈ ਖਾੜਕੂਆਂ ਨੇ ਭੇਜੀ ਸੀ ਧਮਕੀ ਭਰੀ ਚਿੱਠੀ
ਗੱਲ 80 ਦੇ ਦਹਾਕਿਆਂ ਦੀ ਹੈ, ਜਦੋਂ ਪੰਜਾਬ 'ਚ ਖਾੜਕੂਵਾਦ ਸਿਖਰਾਂ 'ਤੇ ਸੀ ਤੇ ਅਮਰ ਸਿੰਘ ਚਮਕੀਲਾ ਖਾੜਕੂਆਂ ਦੇ ਨਿਸ਼ਾਨੇ 'ਤੇ ਸੀ। ਕਿਉਂਕਿ ਉਸ ਨੇ ਕਈ ਇਤਰਾਜ਼ਯੋਗ ਗਾਣੇ ਗਾਏ ਸੀ, ਜਿਨ੍ਹਾਂ ਦੇ ਬੋਲ ਅਸ਼ਲੀਲ ਮੰਨੇ ਜਾਂਦੇ ਹਨ, ਜਿਵੇਂ 'ਸਿਖਰ ਦੁਪਹਿਰੇ ਨਹਾਉਂਦੀ' ਤੇ '7 ਦਿਨ ਸਹੁਰਿਆਂ ਦੇ ਲਾ ਕੇ ਆਈ' ਵਰਗੇ ਗਾਣੇ।
ਅਜਿਹੇ ਗਾਣਿਆਂ ਕਰਕੇ ਹੀ ਚਮਕੀਲਾ ਖਾੜਕੂਆਂ ਦੇ ਰਾਡਾਰ 'ਤੇ ਆ ਗਿਆ ਸੀ। ਇੱਕ ਦਿਨ ਚਮਕੀਲੇ ਨੂੰ ਖਾੜਕੂਆਂ ਨੇ ਚਿੱਠੀ ਭੇਜ ਕੇ ਧਮਕੀ ਦਿੱਤੀ ਕਿ ਉਹ ਸੱਭਿਆਚਾਰ ਨਾਲ ਜੁੜੇ ਸਾਫ ਸੁਥਰੇ ਗਾਣੇ ਗਾਇਆ ਕਰੇ, ਨਹੀਂ ਤਾਂ ਉਸ ਦਾ ਕਤਲ ਕਰ ਦਿੱਤਾ ਜਾਵੇਗਾ। ਇਸ ਤੋਂ ਬਾਅਦ ਚਮਕੀਲਾ ਮੁਆਫੀ ਮੰਗਣ ਲਈ ਖਾੜਕੂ ਸਿੰਘਾਂ ਦੀ ਪੰਜ ਮੈਂਬਰੀ ਕਮੇਟੀ ਸਾਹਮਣੇ ਪੇਸ਼ ਹੋਇਆ ਸੀ। ਹਾਲਾਂਕਿ ਖਾੜਕੂ ਸਿੰਘਾਂ ਨੇ ਚਮਕੀਲੇ ਨੂੰ ਮੁਆਫੀ ਦੇ ਦਿੱਤੀ ਸੀ, ਪਰ ਨਾਲ ਚੇਤਾਵਨੀ ਵੀ ਦਿੱਤੀ ਸੀ ਕਿ ਉਹ ਅੱਗੇ ਤੋਂ ਵਧੀਆ ਗਾਣੇ ਗਾਇਆ ਕਰੇ। ਇਸ 'ਤੇ ਚਮਕੀਲੇ ਨੇ ਭਰੋਸਾ ਦਿਵਾਇਆ ਸੀ ਕਿ ਉਹ ਅੱਗੇ ਤੋਂ ਇਤਰਾਜ਼ਯੋਗ ਗਾਣੇ ਨਹੀਂ ਗਾਵੇਗਾ।
ਦੂਜੇ ਪੰਜਾਬੀ ਕਲਾਕਾਰਾਂ ਨੇ ਖਾੜਕੂਆਂ ਨੂੰ ਲਾਈਆਂ ਸੀ ਉਂਗਲਾਂ, ਚਮਕੀਲੇ ਦੇ ਕਰੀਬੀ ਨੇ ਕੀਤਾ ਸੀ ਖੁਲਾਸਾ
ਗਾਇਕ ਰਣਜੀਤ ਮਨੀ ਨੇ ਚਮਕੀਲੇ ਦੀ ਮੌਤ ਤੋਂ ਬਾਅਦ ਦੇ ਭਿਆਨਕ ਮੰਜ਼ਰ ਬਾਰੇ ਕਈ ਗੱਲਾਂ ਦੱਸੀਆਂ ਸੀ। ਇਸ ਦੇ ਨਾਲ ਨਾਲ ਉਸ ਨੇ ਇਹ ਵੀ ਦੱਸਿਆ ਕਿ ਚਮਕੀਲੇ ਨੂੰ ਕਲਾਕਾਰਾਂ ਨੇ ਕਿਸ ਤਰ੍ਹਾਂ ਮਰਵਾਇਆ ਸੀ। ਰਣਜੀਤ ਮਨੀ ਨੇ ਕਿਹਾ, 'ਚਮਕੀਲਾ ਦੀ ਮੌਤ ਵਾਲਾ ਦਿਨ ਬੇਹੱਦ ਭਿਆਨਕ ਸੀ। ਕਈ ਕਲਾਕਾਰ ਪੰਜਾਬ ਛੱਡ ਕੇ ਭੱਜ ਗਏ ਸੀ। ਇਹੀ ਨਹੀਂ ਕਈ ਦਿੱਗਜ ਕਲਾਕਾਰ ਵੀ ਡਰਦੇ ਮਾਰੇ ਭੱਜ ਗਏ ਸੀ। ਜਿਹੜੇ ਕਲਾਕਾਰ ਪੰਜਾਬ 'ਚ ਸੀ, ਉਹ ਚਮਕੀਲੇ ਦੇ ਸਸਕਾਰ 'ਤੇ ਵੀ ਨਹੀਂ ਆਏ, ਜਿਹੜੇ ਕਲਾਕਾਰ ਆਏ ਉਨ੍ਹਾਂ ਨੇ ਆਪਣੇ ਮੂੰਹ ਢਕੇ ਹੋਏ ਸੀ ਕਿ ਕਿਤੇ ਉਨ੍ਹਾਂ ਨੂੰ ਕੋਈ ਪਛਾਣ ਨਾ ਲਵੇ।' ਇਸ ਦੇ ਨਾਲ ਨਾਲ ਮਨੀ ਨੇ ਇਹ ਵੀ ਦੱਸਿਆ ਕਿ ਦਿੱਗਜ ਕਲਾਕਾਰਾਂ ਦਾ ਚਮਕੀਲੇ ਦੀ ਮੌਤ 'ਚ ਕਿਵੇਂ ਹੱਥ ਸੀ। ਉਸ ਨੇ ਕਿਹਾ, 'ਕਿਸੇ ਵੀ ਕਲਾਕਾਰ ਦਾ ਚਮਕੀਲੇ ਨੂੰ ਮਰਵਾਉਣ 'ਚ ਸਿੱਧਾ ਹੱਥ ਨਹੀਂ ਸੀ। ਉਹ ਜਦੋਂ ਵੀ ਜਾਕੇ ਖਾੜਕੂਆਂ ਨਾਲ ਬੈਠਦੇ ਸੀ, ਤਾਂ ਹਮੇਸ਼ਾ ਉਨ੍ਹਾਂ ਨੂੰ ਇਹੀ ਕਹਿ ਕੇ ਭੜਕਾਉਂਦੇ ਸੀ ਕਿ ਤੁਸੀਂ ਉਸ ਨੂੰ ਕੁੱਝ ਕਹਿੰਦੇ ਕਿਉਂ ਨਹੀਂ।' ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਚਮਕੀਲਾ ਤੇ ਅਮਰਜੋਤ ਦੀ ਜੋੜੀ ਸਦਾਬਹਾਰ ਤੇ ਅਮਰ ਜੋੜੀ ਹੈ। ਇਸ ਜੋੜੀ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗਾਣੇ ਦਿੱਤੇ ਸੀ। ਚਮਕੀਲੇ ਤੇ ਉਸ ਦੀ ਪਤਨੀ ਅਮਰਜੋਤ ਨੂੰ 8 ਮਾਰਚ 1988 ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਚਮਕੀਲੇ ਤੇ ਅਮਰਜੋਤ ਦੀ ਪ੍ਰੇਮ ਕਹਾਣੀ ਤੇ ਉਨ੍ਹਾਂ ਦੇ ਸੰਗੀਤਕ ਸਫਰ 'ਤੇ ਫਿਲਮ 'ਚਮਕੀਲਾ' ਵੀ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ 'ਚ ਦਿਲਜੀਤ ਦੋਸਾਝ ਨੇ ਚਮਕੀਲੇ ਦਾ, ਜਦਕਿ ਪਰਿਣੀਤੀ ਚੋਪੜਾ ਨੇ ਅਮਰਜੋਤ ਕੌਰ ਦਾ ਕਿਰਦਾਰ ਨਿਭਾਇਆ ਹੈ। ਇਹ ਫਿਲਮ 12 ਅਪ੍ਰੈਲ ਨੂੰ ਨੈੱਟਫਲਿਕਸ 'ਤੇ ਸਟ੍ਰੀਮ ਕਰੇਗੀ।