ਹੜ੍ਹ ਸੰਕਟ ਨਾਲ ਜੂਝ ਰਹੇ ਪੰਜਾਬ ਦੇ ਦੁਖਦਾਈ ਹਾਲਤ ਵੇਖ ਕੇ ਟੁੱਟਿਆ ਕਪਿਲ ਸ਼ਰਮਾ ਦਾ ਦਿਲ, ਬੋਲੇ- 'ਹੌਸਲਾ ਬਣਾਈ ਰੱਖੋ, ਅਸੀਂ ਤੁਹਾਡੇ ਨਾਲ ਹਾਂ...'
ਪਹਾੜਾਂ ਦੇ ਵਿੱਚ ਪਏ ਤੇਜ਼ ਮੀਂਹ ਦੀ ਮਾਰ ਪੰਜਾਬ ਉੱਤੇ ਪਈ ਹੈ, ਉਪਰੋਂ ਪੰਜਾਬ ਦੇ ਵਿੱਚ ਵੀ ਬਹੁਤ ਤੇਜ਼ ਮੀਂਹ ਪੈ ਰਹੇ ਹਨ, ਜਿਸ ਕਰਕੇ ਸਥਿਤੀ ਹੋਰ ਜ਼ਿਆਦਾ ਗੰਭੀਰ ਹੁੰਦੀ ਜਾ ਰਹੀ ਹੈ। ਇਸ ਮੁਸ਼ਕਿਲ ਸਮੇਂ ਬਹੁਤ ਸਾਰੇ ਕਲਾਕਾਰ ਪੰਜਾਬ ਦੇ ਨਾਲ ਖੜ੍ਹੇ..

ਪੰਜਾਬ ਇਸ ਸਮੇਂ ਪਿਛਲੇ ਕਈ ਦਹਾਕਿਆਂ ਦੀ ਸਭ ਤੋਂ ਭਿਆਨਕ ਹੜ੍ਹ ਨਾਲ ਜੂਝ ਰਿਹਾ ਹੈ। ਸਤਲੁਜ, ਬਿਆਸ, ਰਾਵੀ ਅਤੇ ਕਈ ਛੋਟੀਆਂ ਨਦੀਆਂ ਦੇ ਉਫਾਨ ਨੇ ਸੂਬੇ ਵਿੱਚ ਭਾਰੀ ਤਬਾਹੀ ਮਚਾਈ ਹੋਈ ਹੈ। ਲਗਾਤਾਰ ਪੈ ਰਹੀ ਭਾਰੀ ਬਾਰਿਸ਼ ਕਾਰਨ ਕਈ ਇਲਾਕਿਆਂ ਵਿੱਚ ਲੋਕਾਂ ਦੀ ਰੋਜ਼ਮਰ੍ਹਾ ਜ਼ਿੰਦਗੀ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੀ ਹੈ। ਇਸ ਗੰਭੀਰ ਸਥਿਤੀ ਨੂੰ ਵੇਖਦੇ ਹੋਏ ਦੇਸ਼ ਦੇ ਕਈ ਕਲਾਕਾਰਾਂ ਨੇ ਆਪਣੀ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਵਿੱਚੋਂ ਹੀ ਇੱਕ ਹਨ ਮਸ਼ਹੂਰ ਕਮੇਡੀਅਨ ਅਤੇ ਅਦਾਕਾਰ ਕਪਿਲ ਸ਼ਰਮਾ, ਜਿਨ੍ਹਾਂ ਦਾ ਖੁਦ ਪੰਜਾਬ ਨਾਲ ਸਬੰਧ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਪੰਜਾਬ ਵਿੱਚ ਹੜ੍ਹ ਸੰਕਟ ‘ਤੇ ਦੁੱਖ ਜਤਾਇਆ ਹੈ। ਕਪਿਲ ਦਾ ਹੜ੍ਹ ਪੀੜਤਾਂ ਲਈ ਕੀਤਾ ਗਿਆ ਪੋਸਟ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਕਪਿਲ ਸ਼ਰਮਾ ਦੀ ਪੋਸਟ
ਕਪਿਲ ਨੇ ਆਪਣੇ ਇੰਸਟਾਗ੍ਰਾਮ ਪੋਸਟ ਵਿੱਚ ਲਿਖਿਆ: "ਮੇਰਾ ਦਿਲ ਟੁੱਟ ਗਿਆ ਹੈ ਆਪਣੇ ਪੰਜਾਬ ਨੂੰ ਇਸ ਤਰ੍ਹਾਂ ਹੜ੍ਹ ਨਾਲ ਪਰੇਸ਼ਾਨ ਹੁੰਦਾ ਵੇਖ ਕੇ। ਮੇਰੀਆਂ ਪ੍ਰਾਰਥਨਾਵਾਂ ਉਹਨਾਂ ਸਭ ਪਰਿਵਾਰਾਂ ਨਾਲ ਹਨ ਜੋ ਇਸ ਆਫ਼ਤ ਨਾਲ ਪ੍ਰਭਾਵਿਤ ਹਨ। ਅਸੀਂ ਹਮੇਸ਼ਾ ਮੁਸ਼ਕਲ ਸਮੇਂ ‘ਚ ਇਕੱਠੇ ਖੜ੍ਹੇ ਰਹੇ ਹਾਂ ਅਤੇ ਇਸ ਵਾਰ ਵੀ ਅਸੀਂ ਇਕ ਦੂਜੇ ਦਾ ਸਾਥ ਦੇ ਕੇ ਇਸ ਸਥਿਤੀ ਤੋਂ ਬਾਹਰ ਨਿਕਲ ਆਵਾਂਗੇ। ਹੌਸਲਾ ਬਣਾਈ ਰੱਖੋ, ਅਸੀਂ ਤੁਹਾਡੇ ਨਾਲ ਹਾਂ।"

ਦੱਸ ਦਈਏ ਕਿ ਇਸ ਹੜ੍ਹ ਨੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਤਬਾਹੀ ਮਚਾਈ ਹੈ। ਹਾਲਾਤ ਇੰਨੇ ਗੰਭੀਰ ਹਨ ਕਿ ਇਸਨੂੰ ਪਿਛਲੇ 40 ਸਾਲਾਂ ਦੀ ਸਭ ਤੋਂ ਵੱਡੀ ਹੜ੍ਹ ਕਿਹਾ ਜਾ ਰਿਹਾ ਹੈ। ਪ੍ਰਸ਼ਾਸਨ, ਐਨ.ਡੀ.ਆਰ.ਐਫ. ਅਤੇ ਸਥਾਨਕ ਲੋਕ ਰਾਹਤ ਕੰਮਾਂ ਵਿੱਚ ਜੁਟੇ ਹੋਏ ਹਨ। ਇਸਦੇ ਨਾਲ ਹੀ ਬਾਲੀਵੁੱਡ ਅਤੇ ਪੰਜਾਬੀ ਫਿਲਮ ਇੰਡਸਟਰੀ ਦੇ ਕਈ ਵੱਡੇ ਨਾਮ ਮਦਦ ਲਈ ਅੱਗੇ ਆਏ ਹਨ ਅਤੇ ਲੋਕਾਂ ਨੂੰ ਵੀ ਸਹਿਯੋਗ ਦੇਣ ਦੀ ਅਪੀਲ ਕਰ ਰਹੇ ਹਨ। ਬਹੁਤ ਸਾਰੇ ਪੰਜਾਬੀ ਕਲਾਕਾਰ ਤਾਂ ਗਰਾਊਂਡ ਜ਼ੀਰੋ ਉੱਤੇ ਜਾ ਕੇ ਖੁਦ ਲੋਕਾਂ ਦੀ ਸੇਵਾ ਕਰ ਰਹੇ ਹਨ। ਲੋਕਾਂ ਨੂੰ ਲੋੜੀਦਾਂ ਰਾਸ਼ਨ-ਪਾਣੀ ਅਤੇ ਦਵਾਈਆਂ ਮੁਹੱਈਆਂ ਕਰਵਾ ਰਹੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















