ਚੰਡੀਗੜ੍ਹ ਦੇ ਵਪਾਰੀ ਦੇ ਇਲਜ਼ਾਮਾਂ 'ਤੇ ਸਲਮਾਨ ਖਾਨ ਤੇ ਉਨ੍ਹਾਂ ਦੀ ਭੈਣ ਸਮੇਤ 9 ਲੋਕਾਂ ਨੂੰ ਨੋਟਿਸ
ਵਪਾਰੀ ਅਰੁਣ ਗੁਪਤਾ ਦੇ ਵਕੀਲ ਰਾਜਵਿੰਦਰ ਸਿੰਘ ਰਾਜਪੂਤ ਦਾ ਕਹਿਣਾ ਹੈ ਕਿ ਜੇਕਰ ਸਮਝੌਤੇ ਦੇ ਮੁਤਾਬਕ ਨੁਕਸਾਨ ਦੀ ਭਰਪਾਈ ਨਾ ਕੀਤੀ ਗਈ ਤਾਂ ਉਨ੍ਹਾਂ ਖਿਲਾਫ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਚੰਡੀਗੜ੍ਹ: ਬੀਇੰਗ ਹਿਊਮਨ ਕੰਪਨੀ ਦੀ ਫ੍ਰੈਂਚਾਇਜ਼ੀ ਲੈਣ 'ਚ ਕਰੋੜਾਂ ਦੀ ਧੋਖਾਧੜੀ ਦੇ ਮਾਮਲੇ 'ਚ ਵਪਾਰੀ ਦੇ ਵਕੀਲ ਨੇ ਅਦਾਕਾਰ ਸਲਮਾਨ ਖਾਨ ਤੇ ਉਨ੍ਹਾਂ ਦੀ ਭੈਣ ਅਲਵੀਰਾ ਸਮੇਤ 9 ਲੋਕਾਂ ਖਿਲਾਫ ਭਰਪਾਈ ਦਾ ਨੋਟਿਸ ਭੇਜਿਆ ਹੈ। ਨੋਟਿਸ 'ਚ 2 ਕਰੋੜ, 21 ਲੱਖ, 37 ਹਜ਼ਾਰ, 824 ਰੁਪਏ ਦੇ ਨੁਕਸਾਨ ਦੀ ਭਰਪਾਈ ਕਰਨ ਨੂੰ ਕਿਹਾ ਗਿਆ ਹੈ।
ਸ਼ਹਿਰ ਦੇ ਵਪਾਰੀ ਅਰੁਣ ਗੁਪਤਾ ਦੇ ਵਕੀਲ ਰਾਜਵਿੰਦਰ ਸਿੰਘ ਰਾਜਪੂਤ ਦਾ ਕਹਿਣਾ ਹੈ ਕਿ ਜੇਕਰ ਸਮਝੌਤੇ ਦੇ ਮੁਤਾਬਕ ਨੁਕਸਾਨ ਦੀ ਭਰਪਾਈ ਨਾ ਕੀਤੀ ਗਈ ਤਾਂ ਉਨ੍ਹਾਂ ਖਿਲਾਫ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਸ ਤੋਂ ਪਹਿਲਾਂ ਵਪਾਰੀ ਅਰੁਣ ਗੁਪਤਾ ਦੀ ਸ਼ਿਕਾਇਤ 'ਤੇ ਚੰਡੀਗੜ੍ਹ ਪੁਲਿਸ ਨੇ ਫਿਲਮ ਅਦਾਕਾਰ ਸਲਮਾਨ ਖਾਨ ਤੇ ਉਨ੍ਹਾਂ ਦੀ ਭੈਣ ਅਲਵੀਰਾ ਸਮੇਤ 9 ਲੋਕਾਂ ਨੂੰ ਸੰਮਨ ਜਾਰੀ ਕਰਕੇ ਜਵਾਬ ਮੰਗਿਆ ਸੀ। ਇਸ 'ਤੇ ਸਲਮਾਨ ਖਾਨ ਨੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਸੀ।
ਜ਼ਿਕਰਯੋਗ ਹੈ ਕਿ ਵਪਾਰੀ ਅਰੁਣ ਗੁਪਤਾ ਨੇ ਆਪਣੀ ਸ਼ਿਕਾਇਤ 'ਚ ਦੱਸਿਆ ਸੀ ਕਿ ਉਨ੍ਹਾਂ ਦੇ ਬੇਟੇ ਨੇ ਸੂਰਤ ਤੋਂ ਡਾਇਮੰਡ ਤੇ ਜਵੈਲਰੀ ਦਾ ਕੰਮ ਸਿੱਖਿਆ ਸੀ। ਇਸ ਤੋਂ ਬਾਅਦ ਉਨ੍ਹਾਂ ਬੇਟੇ ਲਈ ਫਿਲਮ ਅਦਾਕਾਰ ਸਲਮਾਨ ਖਾਨ ਦੀ ਕੰਪਨੀ ਬੀਇੰਗ ਹਿਊਮਨ ਦੇ ਸਟਾਇਲ ਕਿੰਕਟੇਟ ਜਵੈਲਰੀ ਪ੍ਰਾਈਵੇਟ ਲਿਮਿਟਡ ਦੀ ਫਰੈਂਚਾਇਜ਼ੀ ਸ਼ੋਅਰੂਮ ਐਨਏਸੀ ਮਾਰਕਿਟ, ਮਨੀਮਾਜਰਾ 'ਚ ਖੋਲ੍ਹਣ ਦਾ ਫੈਸਲਾ ਕੀਤਾ ਸੀ।
ਇਲਜ਼ਾਮ ਸੀ ਕਿ ਇਸ ਤੋਂ ਬਾਅਦ ਉਨ੍ਹਾਂ ਦੀ ਗੱਲਬਾਤ ਕੰਪਨੀ ਦੇ ਅਧਿਕਾਰੀ ਸੰਤੋਸ਼ ਸ੍ਰੀਵਾਸਤਵ ਤੇ ਪ੍ਰਸਾਦ ਕਾਪੜੇ ਨਾਲ ਹੋਈ। ਵਪਾਰੀ ਦੇ ਮੁਤਾਬਕ ਫਰੈਂਚਾਇਜ਼ੀ ਦੀ ਅਰਜ਼ੀ ਤੋਂ ਬਾਅਦ ਕੰਪਨੀ ਤੋਂ ਦੋ ਲੋਕ ਚੰਡੀਗੜ੍ਹ ਆਏ ਤੇ ਉਨ੍ਹਾਂ ਬਾਰੇ ਜਾਣਕਾਰੀ ਲਈ। ਦੋਵਾਂ ਨੇ ਦੱਸਿਆ ਕਿ ਕੰਪਨੀ ਦਾ ਸ਼ੋਅਰੂਮ ਖੋਲ੍ਹਣ ਲਈ ਇਕ ਕਰੋੜ ਰੁਪਏ ਦਾ ਮਾਲ ਕੰਪਨੀ ਤੋਂ ਖਰੀਦਣਾ ਜ਼ਰੂਰੀ ਹੈ।
ਉੱਥੇ ਹੀ ਸ਼ੋਅਰੂਮ ਦਾ ਉਦਘਾਟਨ ਤੇ ਬ੍ਰਾਂਡਿੰਗ ਖੁਦ ਅਦਾਕਾਰ ਸਲਮਾਨ ਖਾਨ ਕਰਨਗੇ। ਉਸ ਤੋਂ ਬਾਅਦ ਇਕ ਕਰੋੜ ਰੁਪਏ ਸ਼ੋਅਰੂਮ ਬਣਾਉਣ 'ਚ ਲੱਗ ਗਏ। ਇਸ ਸ਼ੋਅਰੂਮ ਦਾ ਉਦਘਾਟਨ ਸਲਮਾਨ ਖਾਨ ਨੇ ਕਰਨਾ ਸੀ ਪਰ ਉਹ ਹੁਣ ਤਕ ਚੰਡੀਗੜ੍ਹ ਨਹੀਂ ਆਏ। ਇਹੀ ਨਹੀਂ, ਕੰਪਨੀ ਵੱਲੋਂ ਉਨ੍ਹਾਂ ਨੂੰ ਵਾਰ-ਵਾਰ ਪਰੇਸ਼ਾਨ ਕੀਤਾ ਜਾ ਰਿਹਾ ਹੈ।