John Abraham On OTT: ਓਟੀਟੀ ਨੂੰ ਲੈਕੇ ਜੌਨ ਅਬਰਾਹਮ ਦਾ ਵੱਡਾ ਬਿਆਨ, ਕਿਹਾ ਮੈਂ ਵੱਡੇ ਪਰਦੇ ਦਾ ਹੀਰੋ, ਨਹੀਂ ਚਾਹੁੰਦਾ ਕੋਈ 299 ਜਾਂ 499 `ਚ ਦੇਖੇ
ਜੌਨ ਨੇ ਕਿਹਾ ਕਿ ਉਨ੍ਹਾਂ ਨੂੰ ਪਸੰਦ ਨਹੀਂ ਕਿ ਲੋਕ ਉਨ੍ਹਾਂ ਨੂੰ ਘਰ `ਚ ਸਕ੍ਰੀਨ `ਤੇ 299 ਜਾਂ 499 ਰੁੁੁਪਏ `ਚ ਦੇਖਣ। ਜੌਨ ਨੇ ਕਿਹਾ ਕਿ ਜੇ ਘਰ 'ਚ ਦੇਖਦੇ ਹੋਏ ਚਲਦੀ ਫ਼ਿਲਮ ਨੂੰ ਕੋਈ ਅੱਧ ਵਿਚਾਲੇ ਬੰਦ ਕਰ ਦੇਵੇ ਤਾਂ ਉਨ੍ਹਾਂ ਨੂੰ ਬੁਰਾ ਲਗੇਗਾ।
ਬਾਲੀਵੁੱਡ ਕਲਾਕਾਰ ਜੌਨ ਅਬਰਾਹਮ ਆਪਣੀ ਫ਼ਿਲਮ ਏਕ ਵਿਲੇਨ ਰਿਟਰਨਜ਼ ਨੂੰ ਲੈਕੇ ਚਰਚਾ ਵਿੱਚ ਹਨ। ਉਹ ਇਸ ਫ਼ਿਲਮ ਦਾ ਖ਼ੂਬ ਪ੍ਰਚਾਰ ਕਰ ਰਹੇ ਹਨ। ਦਸ ਦਈਏ ਕਿ ਫ਼ਿਲਮ `ਚ ਅਦਾਕਾਰਾ ਤਾਰਾ ਸੁਤਾਰੀਆ, ਅਰਜੁਨ ਕਪੂਰ ਤੇ ਦਿਸ਼ਾ ਪਟਾਨੀ ਵੀ ਨਜ਼ਰ ਆ ਰਹੇ ਹਨ। ਇਹ ਐਕਸ਼ਨ ਥ੍ਰਿਲਰ ਫ਼ਿਲਮ ਏਕਤਾ ਕਪੂਰ ਦੀ ਬਾਲਾਜੀ ਮੋਸ਼ਨ ਪਿਕਚਰਜ਼ ਤੇ ਭੂਸ਼ਣ ਕੁਮਾਰ ਦੀ ਟੀ ਸੀਰੀਜ਼ ਦੇ ਬੈਨਰ ਹੇਠ ਬਣੀ ਹੈ।
ਇੱਕ ਇੰਟਰਵਿਊ `ਚ ਜੌਨ, ਜਿਨ੍ਹਾਂ ਦੀ ਆਖ਼ਰੀ ਫ਼ਿਲਮ `ਅਟੈਕ ਪਾਰਟ-1` ਨੂੰ ਸਿਨੇਮਾਘਰਾਂ `ਚ ਰਿਲੀਜ਼ ਹੋਣ ਦੇ ਲਗਭਗ ਦੋ ਮਹੀਨਿਆਂ ਬਾਅਦ ਓਟੀਟੀ ਪਲੇਟਫ਼ਾਰਮ `ਤੇ ਰਿਲੀਜ਼ ਕੀਤਾ ਗਿਆ ਸੀ, ਨੇ ਦਸਿਆ ਕਿ ਉਹ ਇੱਕ ਕਲਾਕਾਰ ਦੇ ਰੂਪ `ਚ ਵੱਡੇ ਪਰਦੇ `ਤੇ ਕਿਉਂ ਰਹਿਣਾ ਚਾਹੁੰਦੇ ਸੀ। ਜੌਨ ਜੋ ਕਿ ਇੱਕ ਨਿਰਮਾਤਾ ਵੀ ਹਨ, ਨੇ ਦਸਿਆ ਕਿ ਉਨ੍ਹਾਂ ਨੂੰ ਓਟੀਟੀ ਸਪੇਸ ਪਸੰਦ ਸੀ, ਪਰ ਸਿਰਫ਼ ਉਦੋਂ ਜਦੋਂ ਉਹ ਨਿਰਮਾਤਾ ਸਨ, ਨਾ ਕਿ ਅਭਿਨੇਤਾ। ਉਨ੍ਹਾਂ ਦੀ ਪ੍ਰੋਡਕਸ਼ਨ ਕੰਪਨੀ, ਜੌਨ ਅਬਰਾਹਮ ਐਂਟਰਟੇਨਮੈਂਟ ਨੇ ਸ਼ੂਜੀਤ ਸਰਕਾਰ ਵੱਲੋਂ ਨਿਰਦੇਸ਼ਿਤ 2012 ਦੀ ਫ਼ਿਲਮ ਵਿੱਕੀ ਡੋਨਰ ਤੇ 2013 ਦੀ ਫ਼ਿਲਮ ਮਦਰਾਸ ਕੈਫ਼ੇ ਵਰਗੇ ਪ੍ਰੋਜੈਕਟਾਂ ਦਾ ਸਮਰਥਨ ਕੀਤਾ ਹੈ, ਜਿਸ ਵਿੱਚ ਜੌਨ ਨੇ ਵੀ ਐਕਟਿੰਗ ਕੀਤੀ ਸੀ।
ਉਨ੍ਹਾਂ ਨੇ ਈ ਟਾਈਮਜ਼ ਨੂੰ ਦਿਤੇ ਇੰਟਰਵਿਊ `ਚ ਦਸਿਆ ਕਿ ਇੱਕ ਨਿਰਮਾਤਾ ਦੇ ਰੂਪ ਵਿਚ ਮੈਨੂੰ ਓਟੀਟੀ ਪਲੇਟਫ਼ਾਰਮ ਪਸੰਦ ਹੈ। ਮੈਂ ਮਾਧਿਅਮ ਲਈ ਫ਼ਿਲਮਾਂ ਬਣਾਉਣਾ ਤੇ ਉਨ੍ਹਾਂ ਫ਼ਿਲਮਾਂ ਨੂੰ ਦਰਸ਼ਕਾਂ ਤੱਕ ਪਹੁੰਚਾਉਣਾ ਪਸੰਦ ਕਰਾਂਗਾ, ਪਰ ਅਭਿਨੇਤਾ ਦੇ ਰੂਪ `ਚ ਮੈਂ ਬਹੁਤ ਸਪੱਸ਼ਟ ਹਾਂ ਕਿ ਮੈਂ ਵੱਡੇ ਪਰਦੇ `ਤੇ ਹੀ ਆਉਣਾ ਚਾਹੁੰਦਾ ਹਾਂ।
ਇਸ ਦੇ ਨਾਲ ਹੀ ਜੌਨ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਵਿਚਾਰ ਪਸੰਦ ਨਹੀਂ ਆਇਆ ਕਿ ਲੋਕ ਉਨ੍ਹਾਂ ਨੂੰ ਘਰ `ਚ ਸਕ੍ਰੀਨ `ਤੇ 299 ਜਾਂ 499 ਰੁੁੁਪਏ `ਚ ਦੇਖਣ। ਇਸ ਦੇ ਨਾਲ ਹੀ ਜੌਨ ਨੇ ਕਿਹਾ ਕਿ ਜੇ ਘਰ ਵਿੱਚ ਦੇਖਦੇ ਹੋਏ ਚਲਦੀ ਫ਼ਿਲਮ ਨੂੰ ਕੋਈ ਅੱਧ ਵਿਚਾਲੇ ਬੰਦ ਜਾਂ ਪੌਜ਼ ਕਰ ਦੇਵੇ ਤਾਂ ਉਨ੍ਹਾਂ ਨੂੰ ਬਹੁਤ ਬੁਰਾ ਲਗੇਗਾ। ਇਸ ਲਈ ਉਹ ਚਾਹੁੰਦੇ ਹਨ ਉਨ੍ਹਾਂ ਦੀਆਂ ਫ਼ਿਲਮਾਂ ਨੂੰ ਸਿਰਫ਼ ਸਿਨੇਮਾਘਰਾਂ ਵਿੱਚ ਹੀ ਦੇਖਿਆ ਜਾਵੇ।
ਕਾਬਿਲੇਗ਼ੌਰ ਹੈ ਕਿ ਜੌਨ ਦੀ ਅਗਲੀ ਫ਼ਿਲਮ `ਏਕ ਵਿਲੇਨ ਰਿਟਰਨਜ਼` 29 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ 8 ਜੁਲਾਈ 2022 ਨੂੰ ਇਹ ਫ਼ਿਲਮ ਰਿਲੀਜ਼ ਹੋਣੀ ਸੀ। ਇਸ ਫ਼ਿਲਮ ਨੂੰ ਮੋਹਿਤ ਸੂਰੀ ਨੇ ਡਾਇਰੈਕਟ ਕੀਤਾ ਹੈ। ਜਿਨ੍ਹਾਂ ਨੇ 2014 `ਚ ਏਕ ਵਿਲੇਨ ਵੀ ਡਾਇਰੈਕਟ ਕੀਤੀ ਸੀ।