![ABP Premium](https://cdn.abplive.com/imagebank/Premium-ad-Icon.png)
Harnaaz Sandhu Profile: ਆਖਰ ਕੌਣ ਹੈ ਹਰਨਾਜ਼ ਕੌਰ ਸੰਧੂ ਜਿਸ ਨੇ ਮਿਸ ਯੂਨੀਵਰਸ ਦਾ ਖਿਤਾਬ ਜਿੱਤ ਰਚਿਆ ਇਤਹਾਸ
ਪੰਜਾਬੀ ਮੁਟਿਆਰ ਹਰਨਾਜ਼ ਕੌਰ ਸੰਧੂ ਮਿਸ ਯੂਨੀਵਰਸ 2021 ਬਣੀ ਹੈ। ਹਰਨਾਜ਼ ਕੌਰ ਸੰਧੂ ਦੁਨੀਆਂ ਲਈ ਉਹ ਨਾਮ ਬਣ ਗਈ ਹੈ, ਜੋ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ।
![Harnaaz Sandhu Profile: ਆਖਰ ਕੌਣ ਹੈ ਹਰਨਾਜ਼ ਕੌਰ ਸੰਧੂ ਜਿਸ ਨੇ ਮਿਸ ਯੂਨੀਵਰਸ ਦਾ ਖਿਤਾਬ ਜਿੱਤ ਰਚਿਆ ਇਤਹਾਸ Miss Universe Harnaaz Sandhu Profile, After all, who is Harnaz Kaur Sandhu who won the title of Miss Universe? Harnaaz Sandhu Profile: ਆਖਰ ਕੌਣ ਹੈ ਹਰਨਾਜ਼ ਕੌਰ ਸੰਧੂ ਜਿਸ ਨੇ ਮਿਸ ਯੂਨੀਵਰਸ ਦਾ ਖਿਤਾਬ ਜਿੱਤ ਰਚਿਆ ਇਤਹਾਸ](https://feeds.abplive.com/onecms/images/uploaded-images/2021/12/13/b43549d61b1606f4f85ac5502ee45a14_0.jpeg?impolicy=abp_cdn&imwidth=1200&height=675)
ਚੰਡੀਗੜ੍ਹ: ਪੰਜਾਬੀ ਮੁਟਿਆਰ ਹਰਨਾਜ਼ ਕੌਰ ਸੰਧੂ ਮਿਸ ਯੂਨੀਵਰਸ 2021 ਬਣੀ ਹੈ। ਹਰਨਾਜ਼ ਕੌਰ ਸੰਧੂ ਦੁਨੀਆਂ ਲਈ ਉਹ ਨਾਮ ਬਣ ਗਈ ਹੈ, ਜੋ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ। 21 ਸਾਲਾ ਹਰਨਾਜ਼ ਕੌਰ ਦਾ ਮਿਸ ਯੂਨੀਵਰਸ ਦੇ ਤਾਜ ਤੱਕ ਦਾ ਸਫਰ ਵੀ ਬਹੁਤ ਖਾਸ ਤੇ ਪ੍ਰੇਰਨਾ ਨਾਲ ਭਰਪੂਰ ਰਿਹਾ।
ਹਰਨਾਜ਼ ਕੌਰ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਕੋਹਾਲੀ ਦੀ ਰਹਿਣ ਵਾਲੀ ਹੈ, ਜਿਸ ਦੀ ਆਬਾਦੀ 1400 ਦੇ ਕਰੀਬ ਹੈ। ਇੰਨੀ ਛੋਟੀ ਅਬਾਦੀ ਵਿੱਚੋਂ ਬਾਹਰ ਆ ਕੇ ਪੂਰੀ ਦੁਨੀਆਂ ਵਿੱਚ ਆਪਣਾ ਨਾਂ ਰੌਸ਼ਨ ਕਰਨਾ ਆਪਣੇ ਆਪ ਵਿੱਚ ਇੱਕ ਵਿਸ਼ੇਸ਼ ਅਹਿਸਾਸ ਹੈ, ਜਿਸ ਨੂੰ ਹਰਨਾਜ਼ ਹੀ ਮਹਿਸੂਸ ਕਰ ਸਕਦੀ ਹੈ। ਹਰਨਾਜ਼ ਦਾ ਪਰਿਵਾਰ ਖੇਤੀ ਨਾਲ ਜੁੜਿਆ ਹੋਇਆ ਹੈ। ਇਨ੍ਹੀਂ ਦਿਨੀਂ ਉਨ੍ਹਾਂ ਦਾ ਪਰਿਵਾਰ ਮੁਹਾਲੀ ਵਿੱਚ ਸ਼ਿਵਾਲਿਕ ਸਿਟੀ ਅੰਦਰ ਰਹਿੰਦਾ ਹੈ। ਹਰਨਾਜ਼ ਦੀ ਮਾਤਾ ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ਵਿੱਚ ਗਾਇਨੀਕੋਲੋਜਿਸਟ ਹੈ।
ਹਰਨਾਜ਼ ਦੀ ਮਾਤਾ ਮੁਤਾਬਕ ਹਰਨਾਜ਼ ਜੱਜ ਬਣਨਾ ਚਾਹੁੰਦੀ ਹੈ। ਹਰਨਾਜ਼ ਸ਼ਿਵਾਲਿਕ ਪਬਲਿਕ ਸਕੂਲ, ਸੈਕਟਰ-40, ਚੰਡੀਗੜ੍ਹ ਦੀ ਵਿਦਿਆਰਥਣ ਸੀ। ਉਸ ਨੇ ਸੈਕਟਰ-35 ਖਾਲਸਾ ਸਕੂਲ ਤੋਂ 12ਵੀਂ ਕੀਤੀ ਹੈ। ਮੌਜੂਦਾ ਸਮੇਂ ਵਿੱਚ, ਹਰਨਾਜ਼ ਪੋਸਟ ਗ੍ਰੈਜੂਏਟ ਸਰਕਾਰੀ ਗਰਲਜ਼ ਕਾਲਜ (ਜੀਸੀਜੀ), ਸੈਕਟਰ-42 ਦੀ ਵਿਦਿਆਰਥਣ ਹੈ। ਹਰਨਾਜ਼ ਦੀ ਥੀਏਟਰ ਵਿੱਚ ਬਹੁਤ ਦਿਲਚਸਪੀ ਹੈ। ਉਸ ਨੂੰ ਜਾਨਵਰਾਂ ਨਾਲ ਵਿਸ਼ੇਸ਼ ਪਿਆਰ ਹੈ। ਸ਼ਾਂਤ ਸੁਭਾਅ ਵਾਲੀ ਹਰਨਾਜ਼ ਨੇ ਕਦੇ ਸਕੂਲ ਤੋਂ ਕਾਲਜ ਤੱਕ ਕੋਚਿੰਗ ਨਹੀਂ ਲਈ।
ਹਰਨਾਜ਼ ਕੌਰ ਸੰਧੂ ਮਿਸ ਇੰਡੀਆ 2019 ਦੇ ਫਾਈਨਲ ਵਿੱਚ ਪਹੁੰਚੀ ਤੇ ਹੁਣ ਉਸ ਨੇ ਮਿਸ ਯੂਨੀਵਰਸ ਦਾ 70ਵਾਂ ਤਾਜ ਜਿੱਤ ਲਿਆ ਹੈ। ਉਹ ਮਿਸ ਯੂਨੀਵਰਸ 2021 ਬਣ ਗਈ ਹੈ। ਭਾਰਤ ਨੂੰ 21 ਸਾਲ ਬਾਅਦ ਤਾਜ ਮਿਲਿਆ ਹੈ। ਇਸ ਤੋਂ ਪਹਿਲਾਂ ਇਹ ਖਿਤਾਬ 1994 ਵਿੱਚ ਸੁਸ਼ਮਿਤਾ ਸੇਨ ਤੇ 2000 ਵਿੱਚ ਲਾਰਾ ਦੱਤਾ ਨੇ ਜਿੱਤਿਆ ਸੀ। ਅਜਿਹੀ ਸਥਿਤੀ ਵਿੱਚ ਭਾਰਤ ਨੇ ਤੀਜੀ ਵਾਰ ਤਾਜ ਜਿੱਤਿਆ ਹੈ। ਮਿਸ ਯੂਨੀਵਰਸ 2021 ਦਾ ਫਾਈਨਲ 12 ਦਸੰਬਰ ਨੂੰ ਇਜ਼ਰਾਈਲ ਵਿੱਚ ਹੋਇਆ। ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਨੇ ਮੁਕਾਬਲੇ ਨੂੰ ਜੱਜ ਕੀਤਾ ਸੀ।
ਹਰਨਾਜ਼ ਕੌਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਮਾਡਲ ਵਜੋਂ ਕੀਤੀ ਸੀ। ਪੜ੍ਹਾਈ ਦੇ ਨਾਲ-ਨਾਲ ਉਹ ਐਕਟਿੰਗ ਵੀ ਕਰਦੀ ਹੈ। ਉਸਨੇ ਕਈ ਫਿਲਮਾਂ ਵਿੱਚ ਕੰਮ ਕੀਤਾ ਹੈ। ਉਹ 'ਯਾਰਾ ਦੀਆਂ ਪੌਂ ਬਾਰਾਂ' ਤੇ 'ਬਾਈ ਜੀ ਕੁੱਟਣਗੇ' ਫਿਲਮਾਂ 'ਚ ਨਜ਼ਰ ਆ ਸਕਦੀ ਹੈ। ਹਾਲਾਂਕਿ ਉਹ ਜੱਜ ਬਣਨਾ ਚਾਹੁੰਦੀ ਹੈ ਅਤੇ ਇਸ ਸਮੇਂ ਆਪਣੀ ਪੜ੍ਹਾਈ ਕਰ ਰਹੀ ਹੈ, ਉਸਦੀ ਮਾਂ ਦਾ ਕਹਿਣਾ ਹੈ ਕਿ ਜੇਕਰ ਉਹ ਚਾਹੇ, ਤਾਂ ਉਹ ਫਿਲਮਾਂ ਵਿੱਚ ਵੀ ਆਪਣਾ ਕਰੀਅਰ ਬਣਾ ਸਕਦੀ ਹੈ। ਉਹ ਬਾਲੀਵੁੱਡ ਵੱਲ ਮੁੜ ਸਕਦੀ ਹੈ। ਇਹ ਉਸ ਦਾ ਫੈਸਲਾ ਹੋਵੇਗਾ।
ਮਿਸ ਯੂਨੀਵਰਸ ਬਣਨ ਤੋਂ ਪਹਿਲਾਂ ਹਰਨਾਜ਼ ਕਈ ਖ਼ਿਤਾਬ ਜਿੱਤ ਚੁੱਕੀ ਹੈ। ਹਰਨਾਜ਼ ਨੇ ਸਾਲ 2017 ਵਿੱਚ ਟਾਈਮਜ਼ ਫਰੈਸ਼ ਫੇਸ ਮਿਸ ਚੰਡੀਗੜ੍ਹ, ਸਾਲ 2018 ਵਿੱਚ ਮਿਸ ਮੈਕਸ ਐਮਰਜਿੰਗ ਸਟਾਰ, ਸਾਲ 2019 ਵਿੱਚ ਫੈਮਿਨਾ ਮਿਸ ਇੰਡੀਆ ਪੰਜਾਬ ਦਾ ਖਿਤਾਬ ਜਿੱਤਿਆ ਤੇ ਹੁਣ ਮਿਸ ਯੂਨੀਵਰਸ ਇੰਡੀਆ ਦਾ ਖਿਤਾਬ ਜਿੱਤ ਕੇ ਪਰਿਵਾਰ ਅਤੇ ਦੇਸ਼ ਦਾ ਮਾਣ ਵਧਾਇਆ ਹੈ। ਸਾਲ 2021 ਵਿੱਚ ਹੀ ਕਾਲਜ ਦੇ ਸਾਲਾਨਾ ਇਨਾਮ ਵੰਡ ਸਮਾਰੋਹ ਵਿੱਚ ਹਰਨਾਜ਼ ਨੂੰ ਦੀਵਾ ਆਫ਼ ਕਾਲਜ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)