Bell Bottom Review: ਅਕਸ਼ੈ ਤੇ ਲਾਰਾ ਦੀ ਅਦਾਕਾਰੀ ਨੇ ਐਕਸ਼ਨ-ਡ੍ਰਾਮਾ ਫ਼ਿਲਮ ਨੂੰ ਬਣਾਇਆ ਰੌਚਕ
ਫ਼ਿਲਮ ਦੀ ਨਿਰਦੇਸ਼ਨਾ ਵਧੀਆ ਹੈ, ਪਰ ਕੁਝ ਦ੍ਰਿਸ਼ ਅਜਿਹੇ ਹਨ, ਜੋ ਅਸਲ ਜ਼ਿੰਦਗੀ ਵਿੱਚ ਝੂਠੇ ਸਾਬਤ ਹੋਣਗੇ, ਜਿਵੇਂ ਕਿ ਅਕਸ਼ੈ ਕੁਮਾਰ ਦਾ ਇੱਕ ਹੱਥ ਨਾਲ ਹਵਾਈ ਜਹਾਜ਼ ਰੋਕ ਦੇਣਾ।
Bell Bottom Review: ਕੋਰੋਨਾ ਕਾਲ ਮਗਰੋਂ ਬਾਲੀਵੁੱਡ ਦੀ ਐਕਸ਼ਨ ਡ੍ਰਾਮਾ ਫ਼ਿਲਮ ਬੈੱਲ ਬੌਟਮ ਸੁਰਖੀਆਂ ਵਿੱਚ ਛਾਈ ਹੋਈ ਹੈ। ਕਹਾਣੀ ਤੋਂ ਵੱਧ ਲਾਰਾ ਦੱਤ ਦੀ ਲੁੱਕ ਨੇ ਚਰਚਾ ਕਰਵਾਈ ਹੈ। ਕੋਰੋਨਾ ਮਹਾਮਾਰੀ ਕਾਰਨ ਸਿਨੇਮਾ ਕਾਫੀ ਸਮੇਂ ਬੰਦ ਰਹੇ ਇਸ ਲਈ ਮਨੋਰੰਜਨ ਪਰੋਸਣ ਦੀ ਜ਼ਿੰਮੇਵਾਰੀ ਕਾਫੀ ਵੱਧ ਜਾਂਦੀ ਹੈ, ਜਿਸ ਨੂੰ ਫ਼ਿਲਮ ਮੇਕਰਜ਼ ਨੇ ਵਧੀਆ ਤਰੀਕੇ ਨਾਲ ਨਿਭਾਇਆ ਹੈ।
ਫ਼ਿਲਮ ਬੈੱਲ ਬੌਟਮ ਨੂੰ ਸੱਚੀ ਘਟਨਾ 'ਤੇ ਆਧਾਰਤ ਨਹੀਂ ਕਿਹਾ ਜਾ ਸਕਦਾ, ਪਰ ਇਹ ਫ਼ਿਲਮ ਸੱਚੀ ਘਟਨਾ ਤੋਂ ਪ੍ਰੇਰਿਤ ਆਖੀ ਜਾ ਸਕਦੀ ਹੈ। ਫ਼ਿਲਮ ਦੀ ਕਹਾਣੀ ਸ਼ੁਰੂ ਹੁੰਦੀ ਹੈ ਉਨ੍ਹਾਂ 210 ਮੁਸਾਫਰਾਂ ਦੀਆਂ ਚੀਕਾਂ ਤੇ ਦਰਦਨਾਕ ਆਵਾਜ਼ਾਂ ਨਾਲ, ਜਿਨ੍ਹਾਂ ਦੀ ਫਲਾਈਟ ਨੂੰ ਅੱਤਵਾਦੀ ਅਗ਼ਵਾ ਕਰ ਲੈਂਦੇ ਹਨ। ਹਾਈਜੈਕਿੰਗ ਮਗਰੋਂ ਜਹਾਜ਼ ਨੂੰ ਅੰਮ੍ਰਿਤਸਰ ਵਿੱਚ ਉਤਾਰਿਆ ਜਾਂਦਾ ਹੈ। ਹਾਲਾਤ ਕਾਬੂ ਕਰਨ ਲਈ ਪ੍ਰਧਾਨ ਮੰਤਰੀ ਇੰਦਰਾ ਗਾਂਧੀ (ਲਾਰਾ ਦੱਤਾ) ਤੁਰੰਤ ਉੱਚ ਪੱਧਰੀ ਬੈਠਕ ਸੱਦਦੀ ਹੈ।
ਫ਼ਿਲਮ ਵਿੱਚ ਅਕਸ਼ੈ ਕੁਮਾਰ, ਵਾਣੀ ਕਪੂਰ ਤੋਂ ਇਲਾਵਾ ਲਾਰਾ ਦੱਤਾ, ਹੁਮਾ ਕੁਰੈਸ਼ੀ ਤੇ ਆਦਿਲ ਹੁਸੈਨ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਅਕਸ਼ੈ ਕੁਮਾਰ ਨੇ ਰਾਅ ਏਜੰਟ ਅੰਸ਼ੁਲ ਦੀ ਭੂਮਿਕਾ ਨਿਭਾਈ ਹੈ। ਫ਼ਿਲਮ ਵਿੱਚ ਦੋ ਕਹਾਣੀਆਂ ਨਾਲੋ-ਨਾਲ ਚੱਲਦੀਆਂ ਹਨ, ਇੱਕ ਜਹਾਜ਼ ਅਗ਼ਵਾ ਅਤੇ ਦੂਜਾ ਅੰਸ਼ੁਲ ਦੀ ਪ੍ਰੇਮ ਕਹਾਣੀ ਤੇ ਉਸ ਦੇ ਆਪਣੀ ਮਾਂ ਨਾਲ ਮਜ਼ਬੂਤ ਰਿਸ਼ਤੇ ਦੀ ਕਹਾਣੀ।
ਫ਼ਿਲਮ ਦੇ ਤਕਰੀਬਨ ਹਰ ਕਲਾਕਾਰ ਨੇ ਵਧੀਆ ਅਦਾਕਾਰੀ ਦਾ ਮੁਜ਼ਾਹਰਾ ਕੀਤਾ ਹੈ ਅਤੇ ਸਾਬਕਾ ਬ੍ਰਹਿਮੰਡ ਸੁੰਦਰੀ ਲਾਰਾ ਦੱਤਾ ਨੇ ਆਪਣੀ ਅਦਾਕਾਰੀ ਦਾ ਲੋਹਾ ਵੀ ਮਨਵਾਇਆ ਹੈ। ਅੰਸ਼ੁਲ ਦੇ ਕਿਰਦਾਰ ਵਿੱਚ ਅਕਸ਼ੈ ਕੁਮਾਰ ਨੇ ਆਪਣੇ ਐਕਸ਼ਨ ਦ੍ਰਿਸ਼ ਬਾਖ਼ੂਬੀ ਨਿਭਾਏ ਹਨ। ਆਦਿਲ ਹੁਸੈਨ, ਅਨਿਰੁੱਧ ਦਵੇਵਾਣੀ ਤੇ ਹੁਮਾ ਕੁਰੈਸ਼ੀ ਨੇ ਵੀ ਚੰਗੀ ਅਦਾਕਾਰੀ ਕੀਤੀ ਹੈ। ਅਦਾਕਾਰੀ ਤੋਂ ਇਲਾਵਾ ਰੰਜੀਤ ਐਮ. ਤਿਵਾਰੀ ਨੇ ਫ਼ਿਲਮ ਦੀ ਨਿਰਦੇਸ਼ਨਾ ਵਧੀਆ ਹੈ, ਪਰ ਕੁਝ ਦ੍ਰਿਸ਼ ਅਜਿਹੇ ਹਨ, ਜੋ ਅਸਲ ਜ਼ਿੰਦਗੀ ਵਿੱਚ ਝੂਠੇ ਸਾਬਤ ਹੋਣਗੇ, ਜਿਵੇਂ ਕਿ ਅਕਸ਼ੈ ਕੁਮਾਰ ਦਾ ਇੱਕ ਹੱਥ ਨਾਲ ਹਵਾਈ ਜਹਾਜ਼ ਰੋਕ ਦੇਣਾ। ਅਜਿਹੇ ਦ੍ਰਿਸ਼ਾਂ 'ਤੇ ਭਰੋਸਾ ਜ਼ਰਾ ਮੁਸ਼ਕਿਲ ਨਾਲ ਹੀ ਹੁੰਦਾ ਹੈ।
ਫ਼ਿਲਮ ਦਾ ਸਭ ਤੋਂ ਖ਼ਾਸ ਪੱਖ ਹੈ ਲਾਰਾ ਦੱਤਾ ਦਾ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵਜੋਂ ਮੇਕਓਵਰ। ਇਹ ਇੰਨਾ ਵਧੀਆ ਹੈ ਕਿ ਕਿਸੇ ਨੂੰ ਅਜਿਹਾ ਨਹੀਂ ਲੱਗੇਗਾ ਕਿ ਉਹ ਲਾਰਾ ਦੱਤਾ ਨੂੰ ਦੇਖ ਰਿਹਾ ਹੈ। ਫ਼ਿਲਮ ਦਾ ਕਲਾਈਮੈਕਸ ਛੋਟਾ ਹੈ, ਪਰ ਰੁਮਾਂਚਕ ਹੈ। ਬੈੱਲ ਬੌਟਮ ਨੂੰ ਐਕਸ਼ਨ ਤੇ ਦੇਸ਼ ਭਗਤੀ ਦਾ ਪਰਫੈਕਟ ਡੋਜ਼ ਆਖਿਆ ਜਾ ਸਕਦਾ ਹੈ। ਕੋਰੋਨਾ ਕਾਲ ਦੀ ਲੰਮੀ ਉਦਾਸੀ ਮਗਰੋਂ ਆਈ ਇਸ ਫ਼ਿਲਮ ਨੂੰ ਇੱਕ ਵਾਰ ਦੇਖਿਆ ਜਾ ਸਕਦਾ ਹੈ।