Chup Movie Review: ਸੰਨੀ ਦਿਓਲ ਦੀ `ਚੁੱਪ` ਫ਼ਿਲਮ ਰਿਲੀਜ਼, ਲੰਬੇ ਸਮੇਂ ਬਾਅਦ ਬਾਲੀਵੁੱਡ `ਚ ਬਣੀ ਸ਼ਾਨਦਾਰ ਫ਼ਿਲਮ, ਦੇਖੋ ਫ਼ਿਲਮ ਰਿਵਿਊ
Chup Film Review: ਸੰਨੀ ਦਿਓਲ ਅਤੇ ਦੁਲਕਰ ਸਲਮਾਨ ਦੀ ਫਿਲਮ ਚੁਪ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਗਈ ਹੈ। ਜਾਣੋ ਕਿਵੇਂ ਹੈ ਇਹ ਫਿਲਮ
Chup Movie Review: ਕਿਸੇ ਫਿਲਮ ਦਾ ਰਿਵਿਊ ਲਿਖਦੇ ਸਮੇਂ ਕਦੇ ਇਹ ਮਹਿਸੂਸ ਨਹੀਂ ਹੋਇਆ ਕਿ ਜੇਕਰ ਕਿਸੇ ਨੂੰ ਰਿਵਿਊ ਪਸੰਦ ਨਹੀਂ ਆਉਂਦਾ ਤਾਂ ਉਹ ਇਸ ਦੇ ਲਈ ਕਿਸੇ ਦੀ ਜਾਨ ਵੀ ਲੈ ਸਕਦਾ ਹੈ, ਪਰ ਇਸ ਫਿਲਮ ਦਾ ਰਿਵਿਊ ਲਿਖਦੇ ਸਮੇਂ ਅਜਿਹਾ ਲੱਗਦਾ ਹੈ ਅਤੇ ਇਸ ਦਾ ਕਾਰਨ ਕੁਝ ਹੋਰ ਹੈ, ਇਹ ਫਿਲਮ ਦੀ ਕਹਾਣੀ ਹੈ ਜੋ ਤੁਹਾਨੂੰ ਹਿਲਾ ਦਿੰਦੀ ਹੈ। ਸੰਨੀ ਦਿਓਲ, ਦੁਲਕਰ ਸਲਮਾਨ, ਪੂਜਾ ਭੱਟ ਅਤੇ ਸ਼੍ਰੇਆ ਧਨਵੰਤਰੀ ਦੀ ਫਿਲਮ ਚੁਪ ਅੱਜ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਗਈ ਹੈ।
ਕਹਾਣੀ
ਇਹ ਇੱਕ ਸੀਰੀਅਲ ਕਿਲਰ ਦੀ ਕਹਾਣੀ ਹੈ ਜੋ ਫਿਲਮ ਦੀ ਸਮੀਖਿਆ ਕਰਨ ਵਾਲੇ ਆਲੋਚਕਾਂ ਨੂੰ ਮਾਰ ਰਿਹਾ ਹੈ ਅਤੇ ਇਹ ਕਤਲ ਵੀ ਬਹੁਤ ਬੇਰਹਿਮੀ ਦੇ ਨਾਲ ਕਰਦਾ ਹੈ। ਇਹ ਕ੍ਰਿਮੀਨਲ ਆਪਣੇ ਸ਼ਿਕਾਰ ਦੇ ਸਰੀਰ ਤੇ ਅਣਗਿਣਤ ਜ਼ਖ਼ਮ ਦਿੰਦਾ ਹੈ। ਕਈ ਵਾਰ ਇਹ ਸਾਈਕੋ ਕਿੱਲਰ ਲਾਸ਼ ਦੇ ਟੁਕੜੇ ਟੁਕੜੇ ਕਰਕੇ ਸਟੇਡੀਅਮ ਜਾਂ ਕਿਤੇ ਵੀ ਖਲਾਰ ਦਿੰਦਾ ਹੈ। ਪਰ ਸੋਚਣ ਵਾਲੀ ਗੱਲ ਇਹ ਹੈ ਕਿ ਇਹ ਅਪਰਾਧੀ ਇੰਜ ਕਿਉਂ ਕਰ ਰਿਹਾ ਹੈ? ਕੀ ਉਹ ਇਸ ਕਰਕੇ ਕ੍ਰਾਈਮ ਕਰ ਰਿਹਾ ਹੈ ਕਿਉਂਕਿ ਕਿਸੇ ਉਸ ਦੀ ਫ਼ਿਲਮ ਦਾ ਰਿਵਿਊ ਖਰਾਬ ਦਿਤਾ ਹੈ? ਪਰ ਉਹ ਉਨ੍ਹਾਂ ਨੂੰ ਵੀ ਮਾਰ ਰਿਹਾ ਹੈ ਜਿਹੜੇ ਫ਼ਿਲਮਾਂ ਨੂੰ ਚੰਗਾ ਰਿਵਿਊ ਦੇ ਰਹੇ ਹਨ। ਅਜਿਹਾ ਕਿਉਂ ਹੋ ਰਿਹਾ ਹੈ? ਇਹੀ ਫ਼ਿਲਮ ਦੀ ਕਹਾਣੀ ਹੈ ਤੇ ਇਹੀ ਫ਼ਿਲਮ ਦਾ ਸਸਪੈਂਸ ਵੀ ਹੈ।
ਸੰਨੀ ਦਿਓਲ ਇਸ ਫ਼ਿਲਮ `ਚ ਪੁਲਿਸ ਅਫ਼ਸਰ ਦੀ ਭੂਮਿਕਾ ਨਿਭਾ ਰਹੇ ਹਨ ਅਤੇ ਉਨ੍ਹਾਂ ਨੂੰ ਇਸ ਕਾਤਲ ਨੂੰ ਫੜਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਫ਼ਿਲਮ `ਚ ਸਾਊਥ ਸੁਪਰਸਟਾਰ ਦੁਲਕਰ ਸਲਮਾਨ ਫੁੱਲ ਵੇਚਣ ਵਾਲੇ ਦੀ ਭੂਮਿਕਾ ਨਿਭਾ ਰਹੇ ਹਨ। ਸ਼ਰੇਆ ਧਨਵੰਤਰੀ ਇੱਕ ਮਨੋਰੰਜਨ ਪੱਤਰਕਾਰ ਹੈ। ਪੂਜਾ ਭੱਟ ਇੱਕ ਖਾਸ ਕਿਰਦਾਰ ਵਿੱਚ ਹੈ।
ਇਹ ਫ਼ਿਲਮ ਆਰ ਬਾਲਕੀ ਨੇ ਡਾਇਰੈਕਟ ਕੀਤੀ ਹੈ, ਇੱਕ ਵਾਰ ਫ਼ਿਰ ਤੋਂ ਆਰ ਬਾਲਕੀ ਨੇ ਸਾਬਤ ਕਰ ਦਿਤਾ ਹੈ ੳੇੁਹ ਬੇਹਤਰੀਨ ਡਾਇਰੈਕਟਰ ਹਨ। ਫ਼ਿਲਮ ਦੀ ਕਹਾਣੀ ਪੂਰੀ ਤਰ੍ਹਾਂ ਗੁੰਦਵੀਂ ਹੈ ਅਤੇ ਦਰਸ਼ਕਾਂ ਨੂੰ ਲਗਾਤਾਰ ਨਾਲ ਜੋੜ ਕੇ ਰੱਖਦੀ ਹੈ। ਫ਼ਿਲਮ `ਚ ਸਸਪੈਂਸ ਭਰ ਭਰ ਕੇ ਹੈ। ਤੁਸੀਂ ਆਪਣੀਆਂ ਕੁਰਸੀਆਂ ਫੜ ਕੇ ਇੰਤਜ਼ਾਰ ਕਰਦੇ ਰਹਿੰਦੇ ਹੋ ਕਿ ਹੁਣ ਕੀ ਹੋਵੇਗਾ?
ਇਹ ਕਹਾਣੀ ਬਿਲਕੁਲ ਹੀ ਵੱਖਰੀ ਹੈ। ਇਸ ਤਰ੍ਹਾਂ ਦੇ ਕਾਨਸੈਪਟ ਤੇ ਕਿਸੇ ਵੀ ਫ਼ਿਲਮ ਇੰਡਸਟਰੀ `ਚ ਅੱਜ ਤੱਕ ਕੋਈ ਫ਼ਿਲਮ ਨਹੀਂ ਬਣਾਈ ਗਈ ਹੈ। ਡਾਇਰੈਕਟਰ ਤੇ ਕਲਾਕਾਰਾਂ ਦੀ ਮੇਹਨਤ ਫ਼ਿਲਮ `ਚ ਸਾਫ਼ ਦਿਖਾਈ ਦਿੰਦੀ ਹੈ।
ਐਕਟਿੰਗ
ਇਸ ਫਿਲਮ 'ਚ ਦੁਲਕਰ ਸਲਮਾਨ ਸਾਰਿਆਂ ਤੇ ਹਾਵੀ ਹਨ। ਐਕਟਰ ਨੇ ਕਮਾਲ ਦੀ ਅਦਾਕਾਰੀ ਕੀਤੀ ਹੈ। ਫ਼ਿਲਮ `ਚ ਪਤਾ ਹੀ ਲੱਗਦਾ ਕਿ ਕਦੋਂ ਉਸ ਦਾ ਕਿਰਦਾਰ ਕਿਹੜਾ ਰੂਪ ਲੈ ਲੈਂਦਾ ਹੈ। ਫ਼ਿਲਮ ਦੇਖ ਕੇ ਇੱਕ ਗੱਲ ਤਾਂ ਸਮਝ ਲਗਦੀ ਹੈ ਕਿ ਇਸ ਕਿਰਦਾਰ ਨੂੰ ਸਲਮਾਨ ਤੋਂ ਇਲਾਵਾ ਹੋਰ ਕੋਈ ਨਹੀਂ ਕਰ ਸਕਦਾ ਸੀ। ਸੰਨੀ ਦਿਓਲ ਦੀ ਐਕਟਿੰਗ ਹਮੇਸ਼ਾ ਦੀ ਤਰ੍ਹਾਂ ਬੇਹਤਰੀਨ ਹਨ। ਪਰ ਇਸ ਵਾਰ ਇਹ ਕਿਹਾ ਜਾ ਸਕਦਾ ਹੈ ਕਿ ਸੰਨੀ ਦਿਓਲ ਨੂੰ ਸ਼ਾਨਦਾਰ ਕੰਮਬੈਕ ਲਈ ਇਹੀ ਫ਼ਿਲਮ ਚਾਹੀਦੀ ਸੀ। ਇਸ ਦੇ ਨਾਲ ਨਾਲ ਕਿਸੇ ਹਿੰਦੀ ਫ਼ਿਲਮ `ਚ ਇਹ ਘੱਟ ਦੇਖਣ ਨੂੰ ਮਿਲਦਾ ਹੈ ਕਿ 55 ਸਾਲ ਦਾ ਹੀਰੋ 25 ਦੀ ਕੁੜੀ ਨਾਲ ਰੋਮਾਂਸ ਨਾ ਕਰੇ। ਬਾਲੀਵੁੱਡ ਦੇ ਸੀਨੀਅਰ ਐਕਟਰਾਂ ਨੂੰ ਸੰਨੀ ਤੋਂ ਇਹ ਗੱਲ ਸਿੱਖਣੀ ਚਾਹੀਦੀ ਹੈ ਕਿ ਬਿਨਾਂ ਗਲੈਮਰ ਤੇ ਰੋਮਾਂਸ ਦਾ ਤੜਕਾ ਲਾਏ ਵੀ ਇੱਕ ਬੇਹਤਰੀਨ ਫ਼ਿਲਮ ਬਣਾਈ ਜਾ ਸਕਦੀ ਹੈ। ਸੰਨੀ ਦਿਓਲ ਨੇ ਆਪਣੀ ਉਮਰ ਦੇ ਹਿਸਾਬ ਨਾਲ ਕਿਰਦਾਰ ਨਿਭਾਇਆ ਹੈ। ਉਨ੍ਹਾਂ ਨੇ ਫ਼ਿਲਮ `ਚ ਆਪਣੀ ਚਿੱਟੀ ਦਾੜੀ ਤੇ ਵਾਲਾਂ ਨੂੰ ਲੁਕਾਉਣ ਦੀ ਕੋਸ਼ਿਸ਼ ਨਹੀਂ ਕੀਤੀ ਹੈ, ਇਸ ਕਰਕੇ ਉਹ ਅਸਲੀ ਲੱਗਦੇ ਹਨ।ਸੰਨੀ ਦਿਓਲ ਆਪਣੇ ਕਿਰਦਾਰ ਤੇ ਐਕਟਿੰਗ ਨਾਲ ਦਰਸ਼ਕਾਂ ਦਾ ਦਿਲ ਜਿੱਤਣ `ਚ ਕਾਮਯਾਬ ਹੋ ਗਏ ਹਨ। ਸ਼੍ਰੇਆ ਧਨਵੰਤਰੀ ਦਾ ਕੰਮ ਵੀ ਲਾਜਵਾਬ ਹੈ। ਉਸ ਨੇ ਪੱਤਰਕਾਰ ਦਾ ਰੋਲ ਬਹੁਤ ਵਧੀਆ ਢੰਗ ਨਾਲ ਨਿਭਾਇਆ ਹੈ। ਪੂਜਾ ਭੱਟ ਨੂੰ ਪਰਦੇ 'ਤੇ ਦੇਖਣਾ ਬਹੁਤ ਚੰਗਾ ਲੱਗਾ। ਕੁੱਲ ਮਿਲਾ ਕੇ ਫਿਲਮ ਐਕਟਿੰਗ ਦੇ ਲਿਹਾਜ਼ ਨਾਲ ਚੰਗੀ ਹੈ।
ਫਿਲਮ ਦਾ ਪਹਿਲਾ ਅੱਧ ਯਾਨਿ ਕਿ ਫ਼ਰਸਟ ਹਾਫ਼ ਕਮਾਲ ਦਾ ਹੈ ਪਰ ਫਿਰ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਕਤਲ ਕੌਣ ਕਰ ਰਿਹਾ ਹੈ। ਇਸ ਤੋਂ ਬਾਅਦ ਦਰਸ਼ਕਾਂ ਦੂ ਰੂਚੀ ਥੋੜ੍ਹੀ ਘਟਣ ਲੱਗਦੀ ਹੈ, ਪਰ ਫ਼ਿਲਮ ਫ਼ਿਰ ਵੀ ਤੁਹਾਨੂੰ ਨਾਲ ਜੋੜ ਕੇ ਰੱਖਦੀ ਹੈ। ਫਿਲਮ ਵਿੱਚ ਕਤਲ ਦੇ ਦ੍ਰਿਸ਼ ਤੁਹਾਨੂੰ ਹਿਲਾ ਦਿੰਦੇ ਹਨ। ਫ਼ਿਲਮ `ਚ ਕਤਲ ਦੇ ਸੀਨਾਂ ਨੂੰ ਬਹੁਤ ਹੀ ਬੇਦਰਦੀ ਨਾਲ ਦਿਖਾਇਆ ਗਿਆ ਹੈ। ਫ਼ਿਲਮ ;ਚ ਕਾਤਲ ਬੇਰਹਿਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਰਿਹਾ ਹੈ। ਕੁੱਲ ਮਿਲਾ ਕੇ ਇਹ ਫ਼ਿਲਮ ਬਹੁਤ ਤੇਜ਼ ਚੱਲਦੀ ਹੈ, ਕਿਤੇ ਵੀ ਫ਼ਿਲਮ ਦੀ ਰਫ਼ਤਾਰ ਹੌਲੀ ਨਹੀਂ ਹੁੰਦੀ, ਇਸੇ ਲਈ ਦਰਸ਼ਕ ਸ਼ੁਰੂ ਤੋਂ ਅਖੀਰ ਤੱਕ ਫ਼ਿਲਮ ਨਾਲ ਜੁੜੇ ਰਹਿੰਦੇ ਹਨ।
ਫਿਲਮ ਵਿੱਚ ਗੁਰੂ ਦੱਤ ਦਾ ਇੱਕ ਕਥਾਨਕ ਵੀ ਦਿਖਾਇਆ ਗਿਆ ਹੈ ਅਤੇ ਇਸ ਹਿੱਸੇ ਨੂੰ ਸ਼ਾਨਦਾਰ ਢੰਗ ਨਾਲ ਸ਼ੂਟ ਕੀਤਾ ਗਿਆ ਹੈ, ਇਹ ਦੇਖਣਾ ਮਜ਼ੇਦਾਰ ਹੈ। ਇਸ ਫ਼ਿਲਮ ਰਾਹੀਂ ਲੇਖਕ ਨੇ ਮੀਡੀਆ ਤੇ ਵੀ ਕਰਾਰਾ ਤੰਜ ਕੱਸਿਆ ਹੈ ਜਿਹੜੇ ਮੀਡੀਆ ਹਾਊਸ ਪੈਸਿਆਂ ਦੀ ਖਾਤਰ ਫ਼ਿਲਮ ਦੇ ਝੂਠੇ ਰਿਵਿਊ ਦਿੰਦੇ ਹਨ।ਪਰ ਇਸ ਦੇ ਨਾਲ ਹੀ ਆਰ ਬਲਕੀ ਨੇ ਆਪਣੇ ਸਾਥੀ ਫਿਲਮ ਨਿਰਮਾਤਾਵਾਂ ਨੂੰ ਵੀ ਨਹੀਂ ਬਖਸ਼ਿਆ ਅਤੇ ਮਾਮਲੇ ਨੂੰ ਸੰਤੁਲਿਤ ਕੀਤਾ।