Nikka Zaildar 4: ਵਿਵਾਦਾਂ 'ਚ ਫਸੀ ਪੰਜਾਬੀ ਫਿਲਮ 'ਨਿੱਕਾ ਜ਼ੈਲਦਾਰ 4', ਜਾਣੋ ਕਿਉਂ ਹੋ ਰਿਹਾ ਜ਼ਬਰਦਸਤ ਵਿਰੋਧ
ਸੋਨਮ ਬਾਜਵਾ ਅਤੇ ਐਮੀ ਵਿਰਕ ਦੀ ਆਉਣ ਵਾਲੀ ਫ਼ਿਲਮ 'ਨਿੱਕਾ ਜ਼ੈਲਦਾਰ 4' ਵਿਵਾਦਾਂ ਦੇ ਘੇਰੇ ਵਿੱਚ ਆ ਗਈ ਹੈ। ਜੀ ਹਾਂ ਹਾਲ ਦੇ ਵਿੱਚ ਫ਼ਿਲਮ ਦਾ ਟ੍ਰੇਲਰ ਦਰਸ਼ਕਾਂ ਦੇ ਰੂਬਰੂ ਹੋਇਆ ਹੈ। ਜਿਸ ਤੋਂ ਬਾਅਦ ਕੁੱਝ ਸੀਨਸ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ

ਪੰਜਾਬੀ ਸਿਨੇਮਾ ਦੀ ਚਰਚਿਤ ਫਿਲਮ 'ਨਿੱਕਾ ਜ਼ੈਲਦਾਰ 4' ਵਿਵਾਦਾਂ ਦੇ ਘੇਰੇ ਵਿੱਚ ਆ ਗਈ ਹੈ। ਫਿਲਮ ਵਿੱਚ ਦਿਖਾਏ ਗਏ ਕੁਝ ਸੀਨ ਨੂੰ ਲੈ ਕੇ ਦਰਸ਼ਕਾਂ ਅਤੇ ਸਿੱਖ ਸੰਗਠਨਾਂ ਨੇ ਅਸਹਿਮਤੀ ਜਤਾਈ ਹੈ। ਖਾਸ ਕਰਕੇ ਅਦਾਕਾਰਾ ਸੋਨਮ ਬਾਜਵਾ ਦੇ ਕਿਰਦਾਰ ਨੂੰ ਲੈ ਕੇ ਭਾਰੀ ਵਿਰੋਧ ਦੇਖਣ ਨੂੰ ਮਿਲ ਰਿਹਾ ਹੈ। ਜਾਣਕਾਰੀ ਮੁਤਾਬਕ, ਫਿਲਮ ਦੇ ਸੀਨ ਸਾਹਮਣੇ ਆਉਣ ਤੋਂ ਬਾਅਦ ਕਈ ਧਾਰਮਿਕ ਅਤੇ ਸਮਾਜਿਕ ਸੰਗਠਨਾਂ ਨੇ ਵਿਰੋਧ ਜਤਾਇਆ ਹੈ। ਵਿਵਾਦ ਦੀ ਅਸਲੀ ਵਜ੍ਹਾ ਇਹ ਹੈ ਕਿ ਫਿਲਮ ਵਿੱਚ ਪੰਜਾਬੀ ਅਦਾਕਾਰਾ ਸੋਨਮ ਬਾਜਵਾ ਨੂੰ ਸ਼ਰਾਬ ਅਤੇ ਸਿਗਰਟ ਪੀਂਦੇ ਹੋਏ ਦਿਖਾਇਆ ਗਿਆ ਹੈ। ਵਿਰੋਧੀਆਂ ਦਾ ਕਹਿਣਾ ਹੈ ਕਿ ਇਹ ਸੀਨ ਸਿੱਧੇ-ਸਿੱਧੇ ਸਿੱਖ ਧਰਮ ਦੀ ਮਰਿਆਦਾ ਅਤੇ ਪੰਜਾਬੀ ਸਭਿਆਚਾਰ ਦੇ ਖ਼ਿਲਾਫ਼ ਹਨ।
ਕਈ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਆਪਣੀ ਨਾਰਾਜ਼ਗੀ ਜਤਾਉਂਦੇ ਹੋਏ ਲਿਖਿਆ ਹੈ ਕਿ “ਸਿੱਖ ਸਮਾਜ ਦੀ ਲੜਕੀ ਨੂੰ ਸ਼ਰਾਬ ਅਤੇ ਸਿਗਰਟ ਪੀਂਦੇ ਹੋਏ ਦਿਖਾਉਣਾ ਨਾ ਸਿਰਫ਼ ਧਰਮ ਦੀ ਮਰਿਆਦਾ ਦੇ ਖ਼ਿਲਾਫ਼ ਹੈ, ਬਲਕਿ ਪੰਜਾਬ ਦੀ ਸੰਸਕ੍ਰਿਤੀ ਨੂੰ ਗਲਤ ਢੰਗ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਵੀ ਹੈ।” ਧਾਰਮਿਕ ਸੰਗਠਨਾਂ ਦਾ ਕਹਿਣਾ ਹੈ ਕਿ ਫਿਲਮਾਂ ਨੂੰ ਸਮਾਜ ਦਾ ਆਈਨਾ ਮੰਨਿਆ ਜਾਂਦਾ ਹੈ ਅਤੇ ਇਸ ਤਰ੍ਹਾਂ ਦੇ ਸੀਨ ਨੌਜਵਾਨਾਂ ਉੱਤੇ ਗਲਤ ਪ੍ਰਭਾਵ ਪਾ ਸਕਦੇ ਹਨ।
ਵਿਵਾਦ ਵਧਣ ਤੋਂ ਬਾਅਦ ਹੁਣ ਫਿਲਮ ਦੇ ਪ੍ਰੋਡਿਊਸਰ ਅਤੇ ਡਾਇਰੈਕਟਰ ਦੀ ਚਿੰਤਾ ਵਧ ਗਈ ਹੈ। ਫਿਲਮ ਦੀ ਟੀਮ ਨੇ ਹਾਲੇ ਤੱਕ ਕੋਈ ਅਧਿਕਾਰਕ ਬਿਆਨ ਜਾਰੀ ਨਹੀਂ ਕੀਤਾ ਹੈ, ਪਰ ਸੂਤਰਾਂ ਦੇ ਅਨੁਸਾਰ ਪ੍ਰੋਡਿਊਸਰ-ਡਾਇਰੈਕਟਰ ਇਸ ਗੱਲ ਨੂੰ ਲੈ ਕੇ ਬਹੁਤ ਪਰੇਸ਼ਾਨ ਹਨ ਕਿ ਉਹਨਾਂ ਦੀ ਫਿਲਮ ਵਿਰੋਧ ਦੀ ਅੱਗ ਵਿੱਚ ਫਸ ਗਈ ਹੈ। ਦੱਸਣਯੋਗ ਹੈ ਕਿ ਪਹਿਲਾਂ ਵਾਲੀ ਫਿਲਮ “ਨਿੱਕਾ ਜ਼ੈਲਦਾਰ” ਸੀਰੀਜ਼ ਪਹਿਲਾਂ ਹੀ ਪੰਜਾਬੀ ਦਰਸ਼ਕਾਂ ਵਿੱਚ ਕਾਫੀ ਲੋਕਪ੍ਰਿਯ ਰਹੀ ਹੈ। ਜਿਸ ਤੋਂ ਬਾਅਦ ਦੂਜਾ ਅਤੇ ਤੀਜਾ ਭਾਗ ਰਿਲੀਜ਼ ਤੋਂ ਬਾਅਦ ਹੁਣ ਚੌਥਾ ਭਾਗ ਦਰਸ਼ਕਾਂ ਦੇ ਰੂਬਰੂ ਹੋਣ ਲਈ ਤਿਆਰ ਹੈ। ਚੌਥੇ ਭਾਗ ਨੂੰ ਲੈ ਕੇ ਦਰਸ਼ਕਾਂ ਵਿੱਚ ਖਾਸਾ ਉਤਸ਼ਾਹ ਸੀ। ਪਰ ਰਿਲੀਜ਼ ਤੋਂ ਪਹਿਲਾਂ ਇਸ ਤਰ੍ਹਾਂ ਦਾ ਵਿਵਾਦ ਖੜਾ ਹੋ ਜਾਣਾ ਫਿਲਮ ਦੀ ਟੀਮ ਅਤੇ ਅਦਾਕਾਰਾਂ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਖਾਸ ਕਰਕੇ ਸੋਨਮ ਬਾਜਵਾ, ਜਿਨ੍ਹਾਂ ਦੀ ਫੈਨ ਫੋਲੋਇੰਗ ਸਿਰਫ਼ ਪੰਜਾਬ ਹੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਵੀ ਹੈ, ਹੁਣ ਧਾਰਮਿਕ ਸੰਗਠਨਾਂ ਦੇ ਨਿਸ਼ਾਨੇ 'ਤੇ ਆ ਗਈਆਂ ਹਨ।






















