ਫਿਲਮ 'ਯਾਰ ਮੇਰਾ ਤਿਤਲੀਆਂ ਵਰਗਾ' ਦਾ ਪੋਸਟਰ ਨਵੀਂ ਰਿਲੀਜ਼ ਡੇਟ ਨਾਲ ਆਇਆ ਸਾਹਮਣੇ
ਪੰਜਾਬੀ ਸਿਨੇਮਾ ਦੇ ਸੁਪਰਸਟਾਰ, ਗਿੱਪੀ ਗਰੇਵਾਲ ਨੇ ਆਪਣੀ ਆਉਣ ਵਾਲੀ ਫਿਲਮ 'ਯਾਰ ਮੇਰਾ ਤਿਤਲੀਆਂ ਵਰਗਾ' ਨੂੰ ਨਵੀਂ ਰਿਲੀਜ਼ ਡੇਟ ਯਾਨੀ 2 ਸਤੰਬਰ, 2022 ਦੇ ਨਾਲ ਰਿਲੀਜ਼ ਕਰਨ ਦਾ ਐਲਾਨ ਕੀਤਾ ਹੈ।
ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਸੁਪਰਸਟਾਰ, ਗਿੱਪੀ ਗਰੇਵਾਲ ਨੇ ਆਪਣੀ ਆਉਣ ਵਾਲੀ ਫਿਲਮ 'ਯਾਰ ਮੇਰਾ ਤਿਤਲੀਆਂ ਵਰਗਾ' ਨੂੰ ਨਵੀਂ ਰਿਲੀਜ਼ ਡੇਟ ਯਾਨੀ 2 ਸਤੰਬਰ, 2022 ਦੇ ਨਾਲ ਰਿਲੀਜ਼ ਕਰਨ ਦਾ ਐਲਾਨ ਕੀਤਾ ਹੈ। ਹੰਬਲ ਮੋਸ਼ਨ ਪਿਕਚਰਜ਼ ਨੇ ਓਮਜੀ ਸਟਾਰ ਸਟੂਡੀਓਜ਼ ਦੇ ਸਹਿਯੋਗ ਨਾਲ ਇਹ ਫਿਲਮ ਪੇਸ਼ ਕੀਤੀ ਹੈ। ਫਿਲਮ ਰਵਨੀਤ ਕੌਰ ਗਰੇਵਾਲ, ਗਿੱਪੀ ਗਰੇਵਾਲ ਅਤੇ ਆਸ਼ੂ ਮੁਨੀਸ਼ ਸਾਹਨੀ ਵੱਲੋਂ ਪ੍ਰਡਿਊਸ ਕੀਤੀ ਗਈ ਹੈ, ਭਾਨਾ ਐਲ.ਏ. ਅਤੇ ਵਿਨੋਦ ਅਸਵਾਲ ਕੋ-ਪ੍ਰੋਡਿਊਸਰ ਵਜੋਂ ਅਤੇ ਹਰਦੀਪ ਦੁੱਲਤ ਨੇ ਐਗਜ਼ੀਕਿਉਟਿਵ ਪ੍ਰੋਡਿਊਸਰ ਦੇ ਰੂਪ ਵਿੱਚ ਕੰਮ ਕੀਤਾ ਹੈ।
ਫਿਲਮ 'ਚ ਗਿੱਪੀ ਗਰੇਵਾਲ ਅਤੇ ਪੰਜਾਬੀ ਇੰਡਸਟਰੀ ਦੀ ਬੇਮਿਸਾਲ ਅਭਿਨੇਤਰੀ ਤਨੂ ਗਰੇਵਾਲ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ। ਇਸ ਜੋੜੀ ਦੇ ਨਾਲ, ਪ੍ਰਸ਼ੰਸਕ ਕਰਮਜੀਤ ਅਨਮੋਲ, ਅਤੇ ਰਾਜ ਧਾਲੀਵਾਲ ਨੂੰ ਵੀ ਫਿਲਮ ਵਿੱਚ ਦੇਖਣਗੇ। ਕਹਾਣੀ ਵਿਕਾਸ ਵਸ਼ਿਸ਼ਟ ਵੱਲੋਂ ਡਾਇਰੈਕਟ ਕੀਤੀ ਗਈ ਹੈ ਜੋ ਕਿ ਇਸਦੀ ਰਿਲੀਜ਼ ਦੇ ਨਾਲ ਹੀ ਆਪਣੇ ਨਿਰਦੇਸ਼ਨ ਦੀ ਸ਼ੁਰੂਆਤ ਕਰਨਗੇ ਅਤੇ ਫਿਲਮ ਦੀ ਕਹਾਣੀ ਨਰੇਸ਼ ਕਥੂਰੀਆ ਵੱਲੋਂ ਲਿਖੀ ਗਈ ਹੈ।
ਗਿੱਪੀ ਗਰੇਵਾਲ ਨੇ ਇੱਕ ਨਵਾਂ ਸੰਕਲਪ ਪੇਸ਼ ਕੀਤਾ ਜਿਸ ਵਿੱਚ ਕਹਾਣੀ ਅੱਜ ਦੇ ਸੋਸ਼ਲ ਮੀਡੀਆ ਜਨੂੰਨ ਅਤੇ ਨਵੇਂ ਯੁੱਗ ਦੀਆਂ ਡਿਜੀਟਲ ਗਲਤਫਹਿਮੀਆਂ ਨੂੰ ਦਰਸਾਉਂਦੀ ਹੈ। ਨਵੇਂ ਪੋਸਟਰ ਵਿੱਚ ਦਿਖਾਇਆ ਗਿਆ ਹੈ ਕਿ ਪਤਨੀ ਆਪਣੇ ਪਤੀ ਦਾ ਹੱਥ ਫੜ੍ਹਨ ਦੀ ਅਤੇ ਬੱਸ ਤੇ ਚੜ੍ਹਨ ਦੀ ਕੋਸ਼ਿਸ਼ ਕਰ ਰਹੀ ਹੈ। ਖੈਰ, ਪੋਸਟਰ ਦਾ ਧਿਆਨ ਖਿੱਚਣ ਵਾਲਾ ਤੱਤ ਬੱਸ 'ਤੇ ਲਿਖਿਆ ਡਾਇਲਾਗ ਹੈ, “ਕਦੀ ਐਸ ਬੱਸ ਤੇ-ਕਦੀ ਓਸ ਬੱਸ ਤੇ, ਯਾਰ ਮੇਰਾ ਤਿਤਲੀਆਂ ਵਰਗਾ”।
ਫਿਲਮ ਵਿੱਚ ਇਹ ਦੇਖਣਾ ਦਿਲਸ਼ਪ ਹੋਵੇਗਾ ਕਿ ਫਿਲਮ ਦੀ ਕਹਾਣੀ ਪ੍ਰਸ਼ੰਸਕਾਂ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਦੀ ਹੈ। ਯਾਰ ਮੇਰਾ ਤਿਤਲੀਆਂ ਵਰਗਾ 2 ਸਤੰਬਰ 2022 ਨੂੰ ਦੁਨੀਆ ਭਰ ਵਿੱਚ ਰਿਲੀਜ਼ ਹੋ ਰਹੀ ਹੈ।