Punjabi Singer Khan Saab: ਪੰਜਾਬੀ ਗਾਇਕ ‘ਤੇ ਟੁੱਟਿਆ ਦੁੱਖਾਂ ਦਾ ਪਹਾੜ! ਕੁੱਝ ਦਿਨ ਪਹਿਲਾਂ ਮਾਂ ਤੁਰੀ ਜਹਾਨੋਂ...ਹੁਣ ਪਿਤਾ ਦਾ ਹੋਇਆ ਦੇਹਾਂਤ
ਗਾਇਕ ਖਾਨ ਸਾਬ੍ਹ ਜਿਨ੍ਹਾਂ ਦੇ ਸਿਰ ਤੋਂ ਮਾਂ ਤੋਂ ਬਾਅਦ ਹੁਣ ਬਾਪ ਦਾ ਸਾਇਆ ਵੀ ਉੱਠ ਗਿਆ ਹੈ। ਦੱਸ ਦਈਏ ਕੁੱਝ ਦਿਨ ਪਹਿਲਾਂ ਹੀ ਗਾਇਕ ਦੀ ਮਾਂ ਦਾ ਦਿਹਾਂਤ ਹੋਇਆ ਸੀ। ਹਲੇ ਪਰਿਵਾਰ ਉਸ ਗਮ ਤੋਂ ਹੀ ਨਹੀਂ ਨਿਕਲਿਆ ਸੀ ਕਿ ਪਿਤਾ ਵੀ ਇਸ ਸੰਸਾਰ ਤੋਂ..

ਪੰਜਾਬੀ ਸੰਗੀਤ ਜਗਤ ਤੋਂ ਇੱਕ ਦੁੱਖਦਾਈ ਖ਼ਬਰ ਆਈ ਹੈ। ਮਸ਼ਹੂਰ ਗਾਇਕ ਖਾਨ ਸਾਬ੍ਹ ਦੇ ਪਿਤਾ ਇਕਬਾਲ ਮੁਹੰਮਦ (70) ਦਾ ਦੇਹਾਂਤ ਹੋ ਗਿਆ ਹੈ। ਪਰਿਵਾਰਕ ਸੂਤਰਾਂ ਮੁਤਾਬਕ, ਖਾਨ ਸਾਬ੍ਹ ਦੇ ਪਿਤਾ ਫਗਵਾੜਾ ਵਿੱਚ ਆਪਣੇ ਪੁੱਤਰ ਦੇ ਘਰ ਆਏ ਹੋਏ ਸਨ, ਜਿੱਥੇ ਉਨ੍ਹਾਂ ਨੂੰ ਸਾਇਲੈਂਟ ਹਾਰਟ ਅਟੈਕ ਆਇਆ ਅਤੇ ਉਹ ਓਥੇ ਹੀ ਦਮ ਤੋੜ ਬੈਠੇ। ਇਸ ਤੋਂ ਬਾਅਦ ਖਾਨ ਸਾਬ੍ਹ ਦੇ ਪਿਤਾ ਦਾ ਪਾਰਥਿਵ ਸਰੀਰ ਉਹਨਾਂ ਦੇ ਪਿੰਡ ਭੰਡਾਲ ਦੋਨਾ ਲੈ ਜਾਇਆ ਗਿਆ, ਜਿੱਥੇ ਅੱਜ ਦੁਪਹਿਰ 12 ਵਜੇ ਨਮਾਜ-ਏ-ਜਨਾਜ਼ਾ ਅਦਾ ਕੀਤਾ ਜਾਵੇਗਾ।
ਉਸੇ ਸਮੇਂ, 3 ਹਫ਼ਤਿਆਂ ਦੇ ਅੰਦਰ ਮਾਤਾ ਪਰਵੀਨ ਬੇਗਮ ਅਤੇ ਹੁਣ ਪਿਤਾ ਇਕਬਾਲ ਮੁਹੰਮਦ ਦੀ ਮੌਤ ਨਾਲ ਗਾਇਕ ਅਤੇ ਉਸਦੇ ਪਰਿਵਾਰ ਵਿੱਚ ਗਹਿਰਾ ਸ਼ੋਕ ਮਾਹੌਲ ਹੈ। ਸੰਗੀਤ ਜਗਤ ਦੀਆਂ ਹਸਤੀਆਂ ਅਤੇ ਖਾਨ ਸਾਬ੍ਹ ਦੇ ਪ੍ਰਸ਼ੰਸਕਾਂ ਨੇ ਇਸ ਘਟਨਾ ‘ਤੇ ਗਹਿਰਾ ਦੁੱਖ ਪ੍ਰਗਟਾਇਆ ਹੈ।
ਪਤਨੀ ਦੇ ਦੇਹਾਂਤ ਤੋਂ ਬਾਅਦ ਖਾਨ ਸਾਬ੍ਹ ਦੇ ਪਿਤਾ ਬਹੁਤ ਦੁਖੀ ਸਨ
ਖਾਨ ਸਾਬ੍ਹ ਦੇ ਨੇੜੇ ਮਿੱਤਰ ਸਰਬਰ ਗੁਲਾਮ ਸੱਬਾ ਨੇ ਦੱਸਿਆ ਕਿ ਖਾਨ ਸਾਬ੍ਹ ਦੇ ਪਿਤਾ ਇਕਬਾਲ ਮੁਹੰਮਦ ਕੁਝ ਸਮਾਂ ਪਹਿਲਾਂ ਆਪਣੀ ਪਤਨੀ ਦੇ ਦੇਹਾਂਤ ਤੋਂ ਬਾਅਦ ਕਾਫ਼ੀ ਉਦਾਸ ਰਹਿੰਦੇ ਸਨ। ਉਹ ਪਹਿਲਾਂ ਸਾਊਦੀ ਅਰਬ ਵਿੱਚ ਨੌਕਰੀ ਕਰਦੇ ਸਨ, ਪਰ ਜਦੋਂ ਖਾਨ ਸਾਬ੍ਹ ਇੱਕ ਸਫ਼ਲ ਗਾਇਕ ਬਣੇ ਤਾਂ ਉਨ੍ਹਾਂ ਨੇ ਆਪਣੇ ਪਿਤਾ ਨੂੰ ਸਾਊਦੀ ਅਰਬ ਤੋਂ ਭਾਰਤ ਬੁਲਾ ਲਿਆ। ਉਸ ਤੋਂ ਬਾਅਦ ਉਹ ਜ਼ਿਆਦਾਤਰ ਸਮਾਂ ਆਪਣੇ ਪਿੰਡ ਭੰਡਾਲ ਦੋਨਾ ਅਤੇ ਕੁਝ ਦਿਨ ਫਗਵਾਡਾ ਵਿੱਚ ਬਿਤਾਉਂਦੇ ਰਹਿੰਦੇ ਸਨ।
ਸੱਬਾ ਨੇ ਦੱਸਿਆ, “ਖਾਨ ਸਾਬ੍ਹ ਨੇ ਆਪਣੇ ਪਿਤਾ ਨੂੰ ਕਿਹਾ ਸੀ ਕਿ ਤੁਸੀਂ ਵਿਦੇਸ਼ ਵਿੱਚ ਰਹਿ ਕੇ ਸਾਡੀ ਚੰਗੀ ਪਰਵਰਿਸ਼ ਕੀਤੀ, ਹੁਣ ਭਾਰਤ ਵਿੱਚ ਰਹਿ ਕੇ ਪੰਜ ਵਕਤ ਦੀ ਨਮਾਜ਼ ਅਦਾ ਕਰੋ।” ਪਰ ਮਾਤਾ ਦੇ ਦੇਹਾਂਤ ਦੀ ਗੱਲ ਨੂੰ ਉਹਨਾਂ ਨੇ ਆਪਣੇ ਦਿਲ 'ਤੇ ਲੈ ਲਿਆ ਅਤੇ ਉਸ ਦਿਨ ਤੋਂ ਬਾਅਦ ਉਹ ਗੁੰਮਸੁਮ ਰਹਿਣ ਲੱਗੇ।
ਮਿਊਜ਼ਿਕ ਇੰਡਸਟਰੀ 'ਚ ਸੋਗ ਦੀ ਲਹਿਰ
ਖਾਨ ਸਾਬ੍ਹ ਦੇ ਪਿਤਾ ਦੇ ਦੇਹਾਂਤ ਦੀ ਖ਼ਬਰ ਨਾਲ ਪੰਜਾਬੀ ਸੰਗੀਤ ਅਤੇ ਫਿਲਮ ਜਗਤ ਵਿੱਚ ਸ਼ੋਕ ਦੀ ਲਹਿਰ ਦੌੜ ਗਈ ਹੈ। ਪੰਜਾਬੀ ਗਾਇਕ ਫਿਰੋਜ਼ ਖਾਨ ਨੇ ਕਿਹਾ, “ਖਾਨ ਸਾਬ੍ਹ ਦੇ ਪਿਤਾ ਬਹੁਤ ਹੀ ਮਿੱਠੇ ਸੁਭਾਵ ਦੇ ਵਿਅਕਤੀ ਸਨ, ਹਮੇਸ਼ਾ ਅੱਲਾਹ ਦੀ ਬੰਦਗੀ ਦੀਆਂ ਗੱਲਾਂ ਕਰਦੇ ਸਨ। ਅੱਲ੍ਹਾ ਤਾਲਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ।”
ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਮਨਮੋਹਨ ਵਾਰਿਸ਼ ਅਤੇ ਬੂਟਾ ਮੁਹੰਮਦ ਨੇ ਵੀ ਗਹਿਰਾ ਦੁੱਖ ਪ੍ਰਗਟਾਇਆ। ਬੂਟਾ ਮੁਹੰਮਦ ਨੇ ਕਿਹਾ, “ਖਾਨ ਸਾਬ੍ਹ ਨੂੰ ਇਹਨਾ ਵੱਡਾ ਘਾਟਾ ਹੋਇਆ ਹੈ, ਜੋ ਕਦੇ ਪੂਰਾ ਨਹੀਂ ਕੀਤਾ ਜਾ ਸਕਦਾ, ਪਰ ਅਸੀਂ ਉਹਨਾਂ ਦੇ ਨਾਲ ਹਾਂ। ਮਾਂ-ਬਾਪ ਦਾ ਹੱਥ ਸਿਰ ਤੋਂ ਚੁੱਕਿਆ ਜਾਣਾ ਜਹਾਨ ਖਤਮ ਹੋਣ ਦੇ ਬਰਾਬਰ ਹੈ।”





















