ਪੰਜਾਬੀ ਫ਼ਿਲਮੀ ਅਦਾਕਾਰ ਸੁਖਜਿੰਦਰ ਸ਼ੇਰਾ ਦਾ ਦੇਹਾਂਤ, 80ਵੇਂ ਦਹਾਕੇ ਦਾ ਸੀ ਚਮਕਦਾ ਸਿਤਾਰਾ
ਸੁਖਜਿੰਦਰ ਸ਼ੇਰਾ ਨੇ ਅਫਰੀਕੀ ਮੁਲਕ ਯੋਗਾਂਡਾ 'ਚ ਆਖਰੀ ਸਾਹ ਲਏ। ਦਰਅਸਲ ਉਹ ਉੱਥੇ ਆਪਣੇ ਦੋਸਤ ਕੋਲ ਗਏ ਸਨ ਜਿੱਥੇ ਉਹ ਬਿਮਾਰ ਹੋ ਗਏ।
ਲੁਧਿਆਣਾ: ਪੰਜਾਬੀ ਫ਼ਿਲਮ ਜਗਤ 'ਚ ਸੋਗ ਦੀ ਲਹਿਰ ਹੈ। ਦਰਅਸਲ ਪੰਜਾਬੀ ਫ਼ਿਲਮਾਂ ਦੇ ਮਸ਼ਹੂਰ ਅਦਾਕਾਰ ਤੇ ਡਾਇਰੈਕਟਰ ਸੁਖਜਿੰਦਰ ਸ਼ੇਰਾਂ ਦਾ ਦੇਹਾਂਤ ਹੋ ਗਿਆ। ਜਗਰਾਓਂ ਨੇੜਲੇ ਪਿੰਡ ਮਲਿਕ ਦੇ ਰਹਿਣ ਵਾਲੇ ਸੁਖਜਿੰਦਰ ਸ਼ੇਰਾ ਨੇ ਪੰਜਾਬੀ ਸਿਨੇਮਾ 'ਚ ਵੱਡਾ ਨਾਂ ਕਮਾਇਆ। ਸ਼ੇਰਾ ਨੇ ਮਰਹੂਮ ਅਦਾਕਾਰ ਵਰਿੰਦਰ ਦੀ ਫਿਲਮ 'ਯਾਰੀ ਜੱਟ ਦੀ' 'ਚ ਬਤੌਰ ਅਦਾਕਾਰ ਫਿਲਮੀ ਸਫ਼ਰ ਦੀ ਸ਼ੁਰੂਆਤ ਕੀਤੀ।
ਸੁਖਜਿੰਦਰ ਸ਼ੇਰਾ ਨੇ ਅਫਰੀਕੀ ਮੁਲਕ ਯੋਗਾਂਡਾ 'ਚ ਆਖਰੀ ਸਾਹ ਲਏ। ਦਰਅਸਲ ਉਹ ਉੱਥੇ ਆਪਣੇ ਦੋਸਤ ਕੋਲ ਗਏ ਸਨ ਜਿੱਥੇ ਉਹ ਬਿਮਾਰ ਹੋ ਗਏ। ਸੁਖਜਿੰਦਰ ਸ਼ੇਰਾ ਦੇ ਪਰਿਵਾਰ ਨੇ ਕੇਂਦਰ ਸਰਕਾਰ ਕੋਲ ਉਨ੍ਹਾਂ ਦੀ ਮ੍ਰਿਤਕ ਦੇਹ ਲਿਆਉਣ ਦੀ ਅਪੀਲ ਕੀਤੀ ਹੈ। ਦਰਅਸਲ ਕੋਵਿਡ ਕਾਰਨ ਉਨ੍ਹਾਂ ਨੂੰ ਮ੍ਰਿਤਕ ਦੇਹ ਲਿਆਉਣ 'ਚ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸੁਖਜਿੰਦਰ ਸ਼ੇਰਾ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ 'ਜੱਟ ਤੇ ਜ਼ਮੀਨ' ਫਿਲਮ ਤੋਂ ਪ੍ਰਸਿੱਧੀ ਖੱਟੀ। ਸੁਖਜਿੰਦਰ ਸ਼ੇਰਾ ਪੰਜਾਬੀ ਫ਼ਿਲਮ ਜਗਤ ਚ 80ਵੇਂ ਦਹਾਕੇ ਵਿਚ ਖੂਬ ਚਮਕਿਆ। ਸ਼ੇਰਾ ਦੀਆਂ ਹਿੱਟ ਫਿਲਮਾਂ ਦੀ ਗੱਲ ਕਰੀਏ ਤਾਂ ਸਿਰ ਧੜ ਦੀ ਬਾਜ਼ੀ ਦਾ ਨਾਂਅ ਸਿਖਰ ਤੇ ਆਉਂਦਾ ਹੈ। ਇਸ ਤੋਂ ਇਲਾਵਾ ਪਗੜੀ ਸੰਭਾਲ ਜੱਟਾ, ਧਰਮ ਜੱਟ ਦਾ, ਜੰਗੀਰਾ, ਕਤਲੇਆਮ, ਹਥਿਆਰ, ਗੈਰਤ, ਉੱਚਾ ਪਿੰਡ, ਯਾਰੀ ਜੱਟ ਦੀ ਆਦਿ ਹਨ।