ਪੰਜਾਬ 'ਚ ਫਿਲਮਾਂ ਤੇ ਗਾਣਿਆਂ ਦੀ ਸ਼ੂਟਿੰਗ ਲਈ ਗਾਈਡਲਾਈਨਜ਼ ਜਾਰੀ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ 'ਚ ਫ਼ਿਲਮਾਂ ਤੇ ਗਾਣਿਆਂ ਦੀ ਸ਼ੂਟਿੰਗ ਸਬੰਧੀ ਗਾਈਡਲਾਈਨਜ਼ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ 'ਚ ਫ਼ਿਲਮਾਂ ਤੇ ਗਾਣਿਆਂ ਦੀ ਸ਼ੂਟਿੰਗ ਸਬੰਧੀ ਗਾਈਡਲਾਈਨਜ਼ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਨ੍ਹਾਂ ਗਾਈਡਲਾਈਨਜ਼ ਮੁਤਾਬਕ ਸਿਰਫ 50 ਬੰਦੇ ਹੀ ਸ਼ੂਟਿੰਗ ਤੇ ਮੌਜੂਦ ਰਹਿ ਸਕਦੇ ਹਨ। ਇਸ ਤੋਂ ਇਲਾਵਾ ਕੋਰੋਨਾ ਤੋਂ ਸਾਵਧਾਨੀ ਲਈ ਜ਼ਰੂਰੀ ਹਦਾਇਤਾਂ ਦੀ ਪਾਲਣਾ ਕਰਨੀ ਹੋਏਗੀ। ਬੀਤੇ ਕੱਲ੍ਹ ਫ਼ਿਲਮ ਇੰਡਸਟਰੀ ਦੇ ਵਫ਼ਦ ਨੇ ਮੁੱਖ ਮੰਤਰੀ ਨੂੰ ਗਾਈਡਲਾਈਨਜ਼ ਜਾਰੀ ਕਰਨ ਦੀ ਅਪੀਲ ਕੀਤੀ ਸੀ ਜਿਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਸਕੱਤਰ ਵਿਨੀ ਮਹਾਜਨ ਨੂੰ ਇਹ ਗਾਈਡਲਾਈਨਜ਼ ਤਿਆਰ ਕਰਨ ਨੂੰ ਕਿਹਾ ਸੀ। ਮੁੱਖ ਮੰਤਰੀ ਵੱਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਵਿਸ਼ੇਸ਼ ਮੁੱਖ ਸਕੱਤਰ (ਗ੍ਰਹਿ) ਸਤੀਸ਼ ਚੰਦਰ ਨੇ ਪੰਜਾਬ 'ਚ ਫਿਲਮਾਂ 'ਤੇ ਗਾਣਿਆਂ ਦੀ ਵੀਡੀਓ ਸ਼ੂਟਿੰਗ ਕਰਨ ਦੀ ਆਗਿਆ ਦਿੰਦਿਆਂ ਕੁਝ ਸ਼ਰਤਾਂ ਦੇ ਅਧੀਨ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਸ਼ੂਟਿੰਗ ਕਰਨ ਤੋਂ ਪਹਿਲਾਂ ਇਲਾਕੇ ਦੇ ਡਿਪਟੀ ਕਮਿਸ਼ਨਰ ਨੂੰ ਆਗਿਆ ਲਈ ਲਿਖਤੀ ਅਰਜ਼ੀ ਦੇਣੀ ਹੋਏਗੀ ਤੇ ਸ਼ੂਟਿੰਗ ਸਬੰਧੀ ਵੇਰਵੇ ਦੇਣੇ ਹੋਣਗੇ ਕੀ ਕਿੰਨੇ ਲੋਕ ਸ਼ੂਟਿੰਗ ਤੇ ਮੌਜੂਦ ਹੋਣਗੇ, ਸ਼ੂਟਿੰਗ ਦਾ ਸਮਾਂ ਕੀ ਹੋਏਗਾ, ਸ਼ੂਟਿੰਗ ਕਿੰਨੇ ਦਿਨ ਚੱਲੇਗੀ ਆਦਿ। ਸ਼ੂਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਮੈਂਬਰਾਂ ਦੀ ਥਰਮਲ ਸਕ੍ਰੀਨਿੰਗ ਲਾਜ਼ਮੀ ਹੋਏਗੀ ਤੇ ਕੋਰੋਨਾ ਲੱਛਣਾ ਤੋਂ ਬਗੈਰ ਵਿਅਕਤੀ ਹੀ ਸ਼ੂਟਿੰਗ 'ਚ ਸ਼ਾਮਲ ਕੀਤੇ ਜਾਣਗੇ। ਸ਼ੂਟਿੰਗ ਵਾਲੀ ਥਾਂ 'ਤੇ ਸੈਨੀਟਾਈਜ਼ਰ ਜਾਂ ਸਾਬਣ ਅਤੇ ਪਾਣੀ ਹੋਣਾ ਚਾਹੀਦਾ ਹੈ ਤੇ ਮੌਜੂਦ ਮੈਂਬਰਾਂ ਨੂੰ ਆਪਣੇ ਹੱਥਾਂ ਨੂੰ ਸਮੇਂ ਸਮੇਂ ਸਿਰ ਧੋਣਾ ਹੋਵੇਗਾ। ਸਾਰਿਆਂ ਲਈ ਮਾਸਕ ਪਾਉਣਾ ਜ਼ਰੂਰੀ ਹੋਵੇਗਾ ਸਿਵਾਏ ਉਨ੍ਹਾਂ ਲਈ ਜੋ ਕੈਮਰੇ ਦੇ ਸਾਹਮਣੇ ਹਨ।