ਸਿੱਧੂ ਮੂਸੇਵਾਲਾ ਦੇ 'ਕਾਤਲ' ਦੀਪਕ ਮੁੰਡੀ ਦੇ ਖੁਲਾਸੇ ਮਗਰੋਂ ਦਹਿਲਿਆ ਬੌਲੀਵੁੱਡ, ਸਲਮਾਨ ਖ਼ਾਨ ਸੀ ਅਗਲਾ ਟਾਰਗੇਟ
Salman Khan: ਦੀਪਕ ਮੁੰਡੀ ਤੇ ਉਸ ਦੇਸਾਥੀਆਂ ਦੀ ਨੇਪਾਲ 'ਚੋਂ ਗ੍ਰਿਫ਼ਤਾਰੀ ਹੋਈ। ਇਸ ਬਾਰੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦਾਅਵਾ ਕੀਤਾ ਹੈ ਕਿ ਲਾਰੈਂਸ ਬਿਸ਼ਨੋਈ ਗਰੋਹ ਦੇ ਨਿਸ਼ਾਨੇ ’ਤੇ ਬੌਲੀਵੁੱਡ ਅਦਾਕਾਰ ਸਲਮਾਨ ਖ਼ਾਨ ਵੀ ਸੀ
ਚੰਡੀਗੜ੍ਹ: ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਕਤਲ ਕਾਂਡ ਨਾਲ ਜੁੜੇ ਆਖ਼ਰੀ ਤੇ ਛੇਵੇਂ ਸ਼ੂਟਰ ਦੀਪਕ ਮੁੰਡੀ ਨੇ ਅਹਿਮ ਖੁਲਾਸੇ ਕੀਤੇ ਹਨ। ਗੈਂਗਸਟਰ ਦੀਪਕ ਮੁੰਡੀ ਦੇ ਖੁਲਾਸਿਆਂ ਨਾਲ ਬੌਲੀਵੁੱਡ ਤੱਕ ਦਹਿਲ ਗਿਆ ਹੈ। ਦੀਪਕ ਮੁੰਡੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦਾ ਅਗਲਾ ਨਿਸ਼ਾਨਾ ਸਲਮਾਨ ਖਾਨ ਸੀ।
ਦੱਸ ਦਈਏ ਕਿ ਦੀਪਕ ਮੁੰਡੀ ਤੇ ਉਸ ਦੇ ਦੋ ਸਾਥੀਆਂ ਦੀ ਨੇਪਾਲ ਵਿੱਚੋਂ ਗ੍ਰਿਫ਼ਤਾਰੀ ਹੋਈ ਹੈ। ਉਨ੍ਹਾਂ ਨੂੰ ਪੰਜਾਬ ਲਿਆਂਦਾ ਗਿਆ ਹੈ। ਇਸ ਬਾਰੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦਾਅਵਾ ਕੀਤਾ ਹੈ ਕਿ ਲਾਰੈਂਸ ਬਿਸ਼ਨੋਈ ਗਰੋਹ ਦੇ ਨਿਸ਼ਾਨੇ ’ਤੇ ਬੌਲੀਵੁੱਡ ਅਦਾਕਾਰ ਸਲਮਾਨ ਖ਼ਾਨ ਵੀ ਸੀ। ਇਸ ਗਰੋਹ ਨੇ ਸੰਪਤ ਨਹਿਰਾ ਤੇ ਗੋਲਡੀ ਬਰਾੜ ਰਾਹੀਂ ਅਦਾਕਾਰ ਸਲਮਾਨ ਖ਼ਾਨ ਦੀ ਹੱਤਿਆ ਨੂੰ ਅੰਜਾਮ ਦੇਣ ਲਈ ਸੰਪਰਕ ਕੀਤਾ ਸੀ।
ਡੀਜੀਪੀ ਨੇ ਕਿਹਾ ਹੈ ਕਿ ਸਲਮਾਨ ਖ਼ਾਨ ਨੂੰ ਮਾਰਨ ਦੀ ਰਣਨੀਤੀ ਘੜਨ ਲਈ ਕਪਿਲ ਪੰਡਿਤ ਨੂੰ ਸਚਿਨ ਬਿਸ਼ਨੋਈ ਤੇ ਸੰਤੋਸ਼ ਯਾਦਵ ਨਾਲ ਮਿਲ ਕੇ ਰੇਕੀ ਕਰਨ ਲਈ ਕਿਹਾ ਗਿਆ ਸੀ। ਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ ਲੈਣ ਲਈ ਲਾਰੈਂਸ ਬਿਸ਼ਨੋਈ ਗਰੋਹ ਦੇ ਇਸ਼ਾਰੇ ’ਤੇ ਪਹਿਲਾਂ ਵੀ ਉਸ ਨੇ ਸਿੱਧੂ ਮੂਸੇਵਾਲਾ ਨੂੰ ਮਾਰਨ ਦੇ ਇਰਾਦੇ ਨਾਲ ਕਈ ਵਾਰ ਰੇਕੀ ਕੀਤੀ ਸੀ।
ਇਹ ਵੀ ਪੜ੍ਹੋ: ਆਈਏਐਸ ਦੀ ਪੜ੍ਹਾਈ ਮੁਫ਼ਤ `ਚ ਕਰਾਉਣਗੇ ਸੋਨੂੰ ਸੂਦ, ਜਾਣੋ ਕੀ ਹੈ ਐਕਟਰ ਦਾ ਪਲਾਨ
ਪੁਲਿਸ ਮੁਖੀ ਨੇ ਦੱਸਿਆ ਕਿ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਨੇ ਦਿੱਲੀ ਪੁਲਿਸ ਤੇ ਕੇਂਦਰੀ ਏਜੰਸੀਆਂ ਨਾਲ ਮਿਲ ਕੇ ਸਾਂਝੇ ਅਪਰੇਸ਼ਨ ਤਹਿਤ ਦੀਪਕ ਮੁੰਡੀ ਤੇ ਸਾਥੀਆਂ ਨੂੰ ਭਾਰਤ-ਨੇਪਾਲ ਸਰਹੱਦ ਤੋਂ ਗ੍ਰਿਫ਼ਤਾਰ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਸਿੱਧੂ ਮੂਸੇਵਾਲਾ ਦਾ ਮੁੱਖ ਕਾਤਲ ਦੀਪਕ ਮੁੰਡੀ ਹੀ ਸੀ। ਪੱਛਮੀ ਬੰਗਾਲ ਦੇ ਦਾਰਜੀਲਿੰਗ ਜ਼ਿਲ੍ਹੇ ਦੇ ਖਰੀਬਾੜੀ ਪੁਲਿਸ ਸਟੇਸ਼ਨ ਦੇ ਖੇਤਰ ਵਿੱਚੋਂ ਦੀਪਕ ਮੁੰਡੀ ਤੋਂ ਇਲਾਵਾ ਕਪਿਲ ਪੰਡਿਤ ਤੇ ਰਾਜਿੰਦਰ ਉਰਫ਼ ਜੋਕਰ ਵੀ ਗ੍ਰਿਫ਼ਤਾਰ ਕੀਤੇ ਗਏ ਹਨ। ਏਆਈਜੀ ਗੁਰਮੀਤ ਚੌਹਾਨ ਤੇ ਡੀਐਸਪੀ ਬਿਕਰਮ ਬਰਾੜ ਦੀ ਅਗਵਾਈ ਵਿੱਚ ਏਜੀਟੀਐਫ ਦੀ ਟੀਮ ਸ਼ਨਿਚਰਵਾਰ ਦੇਰ ਰਾਤ ਮੁੰਡੀ ਤੇ ਉਸ ਦੇ ਦੋ ਸਾਥੀਆਂ ਨੂੰ ਹਵਾਈ ਰਸਤੇ ਪੰਜਾਬ ਲੈ ਕੇ ਆਈ ਸੀ।