ਸਲੀਮ ਮਰਚੈਂਟ ਮੂਸੇਵਾਲਾ ਦਾ ਗੀਤ `ਜਾਂਦੀ ਵਾਰ` ਨਹੀਂ ਕਰਨਗੇ ਰਿਲੀਜ਼, ਕਿਹਾ- ਮੂਸੇਵਾਲਾ ਦੇ ਮਾਪਿਆਂ ਨੂੰ ਨਹੀਂ ਕਰਨਾ ਨਾਰਾਜ਼
Sidhu Moosewala: ਸਿੱਧੂ ਮੂਸੇਵਾਲਾ ਨੇ ਜੁਲਾਈ 2021 `ਚ ਜਾਂਦੀ ਵਾਰ ਗੀਤ ਰਿਕਾਰਡ ਕੀਤਾ, ਇਸ 'ਚ ਸਲੀਮ ਮਰਚੈਂਟ ਨੇ ਮਿਊਜ਼ਿਕ ਦਿਤਾ ਸੀ। ਜਦਕਿ ਗੀਤ ਨੂੰ ਮੂਸੇਵਾਲਾ ਤੇ ਅਫ਼ਸਾਨਾ ਨੇ ਸੁਰਾਂ ਨਾਲ ਸਜਾਇਆ ਸੀ। ਇਹ ਗੀਤ 2 ਸਤੰਬਰ ਨੂੰ ਰਿਲੀਜ਼ ਹੋਣਾ ਸੀ
Sidhu Moose Wala Song Jandi Waar: ਸਿੱਧੂ ਮੂਸੇਵਾਲਾ ਦੇ ਗੀਤ `ਜਾਂਦੀ ਵਾਰ` ਤੇ ਵਿਵਾਦ ਰੁਕ ਗਿਆ ਹੈ। ਦਰਅਸਲ, ਬਾਲੀਵੁੱਡ ਦੇ ਦਿੱਗਜ ਮਿਊਜ਼ਿਕ ਡਾਇਰੈਕਟਰ ਸਲੀਮ ਮਰਚੈਂਟ ਨੇ ਗੀਤ ਦੀ ਰਿਲੀਜ਼ ਟਾਲ ਦਿੱਤੀ ਹੈ। ਕਿਹਾ ਜਾ ਰਿਹਾ ਹੈ ਕਿ ਮੂਸੇਵਾਲਾ ਦੇ ਪਰਿਵਾਰ ਦੀ ਅਪੀਲ `ਤੇ ਉਨ੍ਹਾਂ ਨੇ ਇਹ ਕਦਮ ਚੁੱਕਿਆ ਹੈ।
ਇਸ ਬਾਰੇ ਮਰਚੈਂਟ ਨੇ ਸੋਸ਼ਲ ਮੀਡੀਆ `ਤੇ ਪੋਸਟ ਪਾ ਕੇ ਐਲਾਨ ਕਰ ਦਿਤਾ ਹੈ ਕਿ ਉਹ ਫ਼ਿਲਹਾਲ ਇਸ ਗੀਤ ਨੂੰ ਰਿਲੀਜ਼ ਨਹੀਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਮੂਸੇਵਾਲਾ ਦੇ ਮਾਪਿਆਂ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ।
View this post on Instagram
ਦਸ ਦਈਏ ਕਿ ਮੂਸੇਵਾਲਾ ਤੇ ਅਫ਼ਸਾਨਾ ਖਾਨ ਵੱਲੋਂ ਗਾਇਆ ਗੀਤ ਜਾਂਦੀ ਵਾਰ 2 ਸਤੰਬਰ ਨੂੰ ਰਿਲੀਜ਼ ਹੋਣਾ ਸੀ। ਇਸ ਗੀਤ ਨੂੰ ਲੈਕੇ ਕਾਫ਼ੀ ਵਿਵਾਦ ਹੋਇਆ ਸੀ। ਜਦੋਂ ਮਰਚੈਂਟ ਨੇ ਗੀਤ ਰਿਲੀਜ਼ ਕਰਨ ਦਾ ਐਲਾਨ ਕੀਤਾ ਤਾਂ ਪੰਜਾਬੀ ਇੰਡਸਟਰੀ ਦੇ ਦਿੱਗਜ ਗੀਤਕਾਰ ਤੇ ਲੇਖਕ ਬੰਟੀ ਬੈਂਸ ਨੇ ਮਰਚੈਂਟ ਦੇ ਨਾਂ ਇੱਕ ਲੰਬੀ ਚੌੜੀ ਪੋਸਟ ਲਿਖੀ ਸੀ। ਜਿਸ ਵਿੱਚ ਉਨ੍ਹਾਂ ਨੇ ਸਲੀਮ ਮਰਚੈਂਟ ਦੇ ਫ਼ੈਸਲੇ ਤੇ ਸਵਾਲ ਚੁੱਕੇ ਸੀ। ਬੈਂਸ ਨੇ ਕਿਹਾ ਸੀ ਕਿ ਮੂਸੇਵਾਲਾ ਦੇ 40-50 ਕਰੀਬ ਗੀਤ ਰਿਲੀਜ਼ ਲਈ ਪੈਂਡਿੰਗ ਹਨ। ਜੋ ਕਿ ਸਾਰੀਆਂ ਮਿਊਜ਼ਿਕ ਕੰਪਨੀਆਂ ਨੇ ਮੂਸੇਵਾਲਾ ਦੇ ਪਰਿਵਾਰ ਨੂੰ ਸੌਂਪ ਦਿਤੇ ਹਨ। ਮਰਚੈਂਟ ਨੂੰ ਵੀ ਮੂਸੇਵਾਲਾ ਦੇ ਪਰਿਵਾਰ ਦੀ ਅਪੀਲ ਮੰਨਣੀ ਚਾਹੀਦੀ ਹੈ।
ਇਸ ਗੀਤ ਨੂੰ ਲੈਕੇ ਮੂਸੇਵਾਲਾ ਦੇ ਪਰਿਵਾਰ ਨੇ ਵੀ ਡੂੰਘਾ ਇਤਰਾਜ਼ ਪ੍ਰਗਟਾਇਆ ਸੀ। ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਤਾਂ ਇੱਥੋਂ ਤੱਕ ਕਹਿ ਦਿਤਾ ਸੀ ਕਿ ਜੇ ਮਰਚੈਂਟ ਉਨ੍ਹਾਂ ਦੀ ਅਪੀਲ ਨਹੀਂ ਮੰਨਦੇ ਤਾਂ ਉਹ ਕੋਰਟ ਦਾ ਸਹਾਰਾ ਵੀ ਲੈ ਸਕਦੇ ਹਨ।
ਕਾਬਿਲੇਗ਼ੌਰ ਹੈ ਕਿ ਸਿੱਧੂ ਮੂਸੇਵਾਲਾ ਨੇ ਜੁਲਾਈ 2021 `ਚ ਜਾਂਦੀ ਵਾਰ ਗੀਤ ਰਿਕਾਰਡ ਕੀਤਾ ਸੀ। ਇਸ ਵਿੱਚ ਸਲੀਮ ਮਰਚੈਂਟ ਨੇ ਮਿਊਜ਼ਿਕ ਦਿਤਾ ਸੀ। ਜਦਕਿ ਗੀਤ ਨੂੰ ਮੂਸੇਵਾਲਾ ਤੇ ਅਫ਼ਸਾਨਾ ਨੇ ਸੁਰਾਂ ਨਾਲ ਸਜਾਇਆ ਸੀ। ਇਹ ਗੀਤ 2 ਸਤੰਬਰ ਨੂੰ ਰਿਲੀਜ਼ ਹੋਣਾ ਸੀ, ਪਰ ਹੁਣ ਇਸ ਦੀ ਰਿਲੀਜ਼ ਨੂੰ ਟਾਲ ਦਿਤਾ ਗਿਆ ਹੈ।