ਸਾਊਥ ਅਦਾਕਾਰ ਰਾਮ ਚਰਨ ਦੀ ਪਤਨੀ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ, ਲੰਗਰ ਲਈ ਦਿੱਤੇ 5 ਲੱਖ ਰੁਪਏ
ਅੰਮ੍ਰਿਤਸਰ: ਸਾਊਥ ਇੰਡੀਅਨ ਅਦਾਕਾਰ ਰਾਮ ਚਰਨ ਦੀ ਧਰਮ ਪਤਨੀ ਉਪਾਸਨਾ ਨੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ।
ਅੰਮ੍ਰਿਤਸਰ: ਸਾਊਥ ਇੰਡੀਅਨ ਅਦਾਕਾਰ ਰਾਮ ਚਰਨ ਦੀ ਧਰਮ ਪਤਨੀ ਉਪਾਸਨਾ ਨੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨੇ ਗੁਰਬਾਣੀ ਕੀਰਤਨ ਸੁਣਿਆ ਤੇ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਸਥਿਤ ਅਸਥਾਨਾਂ ਬਾਰੇ ਜਾਣਕਾਰੀ ਹਾਸਲ ਕੀਤੀ। ਇਸੇ ਦੌਰਾਨ ਮੈਡਮ ਉਪਾਸਨਾ ਤੇ ਹੋਰਾਂ ਨੂੰ ਸ਼੍ਰੋਮਣੀ ਕਮੇਟੀ ਦੇ ਸਕੱਤਰ ਮਹਿੰਦਰ ਸਿੰਘ ਆਹਲੀ ਤੇ ਮੈਨੇਜਰ ਸਤਨਾਮ ਸਿੰਘ ਮਾਂਗਾਸਰਾਏ ਨੇ ਗੁਰੂ ਬਖ਼ਸ਼ਿਸ਼ ਸਿਰੋਪਾਓ ਤੇ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਮੈਡਮ ਉਪਾਸਨਾ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਮਨ ਨੂੰ ਬਹੁਤ ਸ਼ਾਂਤੀ ਮਿਲੀ ਹੈ। ਇਸ ਦੇ ਨਾਲ ਹੀ ਉਨ੍ਹਾਂ ਸਾਊਥ ਦੀ ਸੰਗਤ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰਬਾਣੀ ਕੀਰਤਨ ਸੁਣਨਾ ਤੇ ਲੰਗਰ ਵਿਚ ਸੇਵਾ ਕਰਨਾ ਮਾਨਸਿਕ ਸੰਤੁਸ਼ਟੀ ਦਿੰਦਾ ਹੈ।
ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਸਕੱਤਰ ਮਹਿੰਦਰ ਸਿੰਘ ਆਹਲੀ ਨੇ ਕਿਹਾ ਕਿ ਮੈਡਮ ਉਪਾਸਨਾ ਨੇ ਲੰਗਰ ਸੇਵਾ ਤੇ ਸੰਗਤ ਦੀ ਸ਼ਰਧਾ ਭਾਵਨਾ ਤੋਂ ਖੁਸ਼ ਹੋ ਕੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਲਈ 5 ਲੱਖ ਰੁਪਏ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਅਪੋਲੋ ਫਾਰਮੇਸੀ ਵੱਲੋਂ ਸ੍ਰੀ ਗੁਰੂ ਰਾਮਦਾਸ ਜੀ ਸਰਾਂ ਵਿਖੇ ਦੋ ਦਿਨਾਂ ਮੈਡੀਕਲ ਕੈਂਪ ਵੀ ਲਗਾਇਆ ਗਿਆ ਹੈ, ਜਿਸ ਦੌਰਾਨ ਮਰੀਜ਼ਾਂ ਦਾ ਚੈੱਕਅਪ ਕੈਪ ਕੀਤਾ ਗਿਆ ਤੇ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ।