(Source: ECI/ABP News/ABP Majha)
Gadar: ਸੱਚੀ ਪ੍ਰੇਮ ਕਹਾਣੀ 'ਤੇ ਬਣੀ ਸੀ 'ਗਦਰ', ਪਾਕਿਸਤਾਨ ਗਏ ਸੀ ਬੂਟਾ ਸਿੰਘ, ਪਤਨੀ ਨੇ ਪਰਿਵਾਰ ਦੇ ਦਬਾਅ 'ਚ ਛੱਡਿਆ ਸੀ ਸਾਥ
'ਗਦਰ' ਦੀ ਰਿਲੀਜ਼ ਦੇ 22 ਸਾਲ ਬਾਅਦ, ਸੰਨੀ ਦਿਓਲ 'ਗਦਰ 2' ਦੇ ਨਾਲ ਵਾਪਸ ਆ ਗਏ ਹਨ ਪਰ ਕੀ ਤੁਸੀਂ ਜਾਣਦੇ ਹੋ ਤਾਰਾ ਸਿੰਘ ਅਤੇ ਸਕੀਨਾ ਦੀ ਕਹਾਣੀ ਸਾਬਕਾ ਫੌਜੀ ਬੂਟਾ ਸਿੰਘ ਅਤੇ ਪਾਕਿਸਤਾਨੀ ਲੜਕੀ ਜ਼ੈਨਬ ਦੀ ਸੱਚੀ ਪ੍ਰੇਮ ਕਹਾਣੀ ਤੋਂ ਪ੍ਰੇਰਿਤ ਹੈ
Boota Singh Zainab Love Story: ਜਦੋਂ ਵੀ ਫ਼ਿਲਮ ‘ਗਦਰ’ ਦਾ ਗੀਤ ‘ਉੜ ਜਾ ਕਾਲੇ ਕਾਵਾਂ’ ਵੱਜਦਾ ਹੈ ਤਾਂ ਕਈ ਸਾਲ ਪਹਿਲਾਂ ਦੀਆਂ ਖ਼ੂਬਸੂਰਤ ਯਾਦਾਂ ਸਾਨੂੰ ਘੇਰ ਲੈਂਦੀਆਂ ਹਨ। ਦੇਸ਼ ਦੀ ਵੰਡ ਸਮੇਂ ਦੀਆਂ ਸਮੱਸਿਆਵਾਂ ਨੂੰ ਫਿਲਮ ਰਾਹੀਂ ਦੱਸਿਆ ਗਿਆ ਹੈ। ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਦੀ ਹਿੱਟ ਜੋੜੀ ਲਗਭਗ 22 ਸਾਲਾਂ ਬਾਅਦ 'ਗਦਰ 2' ਵਿੱਚ ਤਾਰਾ ਸਿੰਘ ਅਤੇ ਸਕੀਨਾ ਦੇ ਰੋਲ ਵਿੱਚ ਵਾਪਸ ਆ ਗਈ ਹੈ। ਫਿਲਮ ਨੇ ਐਡਵਾਂਸ ਬੁਕਿੰਗ 'ਚ ਇਤਿਹਾਸ ਰਚ ਦਿੱਤਾ ਹੈ। ਪਰ ਕੀ ਤੁਹਾਨੂੰ ਪਤਾ ਹੈ ਕਿ ਸਾਲ 2001 ਦੀ ਫਿਲਮ 'ਗਦਰ ਏਕ ਪ੍ਰੇਮ ਕਥਾ' ਸੱਚੀ ਪ੍ਰੇਮ ਕਹਾਣੀ ਤੋਂ ਪ੍ਰੇਰਿਤ ਸੀ।
ਸੰਨੀ ਦਿਓਲ ਦਾ ਕਿਰਦਾਰ ਤਾਰਾ ਸਿੰਘ ਦੂਜੇ ਵਿਸ਼ਵ ਯੁੱਧ ਦੌਰਾਨ ਬਰਮਾ ਵਿੱਚ ਤਾਇਨਾਤ ਬਰਤਾਨਵੀ ਫੌਜ ਵਿੱਚ ਇੱਕ ਸਾਬਕਾ ਸੈਨਿਕ ਬੂਟਾ ਸਿੰਘ ਦੇ ਜੀਵਨ ਤੋਂ ਪ੍ਰੇਰਿਤ ਹੈ। ਜ਼ੈਨਬ ਨਾਂ ਦੀ ਕੁੜੀ ਨਾਲ ਉਸ ਦੀ ਪ੍ਰੇਮ ਕਹਾਣੀ ਭਾਰਤ ਅਤੇ ਪਾਕਿਸਤਾਨ ਵਿੱਚ ਮਸ਼ਹੂਰ ਹੈ। ਬੂਟਾ ਸਿੰਘ ਪੂਰਬੀ ਪੰਜਾਬ ਦੇ ਲੁਧਿਆਣਾ ਦਾ ਵਸਨੀਕ ਸੀ।
ਮੀਡੀਆ ਰਿਪੋਰਟਾਂ ਅਨੁਸਾਰ ਭਾਰਤ ਅਤੇ ਪਾਕਿਸਤਾਨ ਦੀ ਵੰਡ ਸਮੇਂ ਪੂਰਬੀ ਪੰਜਾਬ ਦੇ ਕਈ ਮੁਸਲਿਮ ਪਰਿਵਾਰਾਂ ਨੂੰ ਮਾਰ ਕੇ ਭਜਾ ਦਿੱਤਾ ਗਿਆ ਸੀ। ਪਾਕਿਸਤਾਨ ਵੱਲ ਜਾ ਰਹੇ ਕਾਫ਼ਲੇ ਵਿੱਚੋਂ ਇੱਕ ਮੁਸਲਿਮ ਕੁੜੀ ਜ਼ੈਨਬ ਨੂੰ ਅਗਵਾ ਕਰ ਲਿਆ ਗਿਆ। ਬੂਟਾ ਸਿੰਘ ਨੇ ਉਸ ਪਾਕਿਸਤਾਨੀ ਕੁੜੀ ਨੂੰ ਬਚਾਇਆ ਅਤੇ ਦੋਵਾਂ ਨੂੰ ਇੱਕ ਦੂਜੇ ਦੇ ਨਾਲ ਪਿਆਰ ਹੋ ਗਿਆ। ਬੂਟਾ ਤੇ ਜ਼ੈਨਬ ਦਾ ਵਿਆਹ ਹੋ ਗਿਆ। ਉਨ੍ਹਾਂ ਦੀਆਂ ਦੋ ਬੇਟੀਆਂ ਸਨ, ਜਿਨ੍ਹਾਂ ਦੇ ਨਾਂ ਤਨਵੀਰ ਅਤੇ ਦਿਲਵੀਰ ਸਨ।
ਬੂਟਾ ਸਿੰਘ ਅਤੇ ਜ਼ੈਨਬ ਦੀ ਪ੍ਰੇਮ ਕਹਾਣੀ ਨੇ ਉਸ ਸਮੇਂ ਦੁਖਦਾਈ ਮੋੜ ਲੈ ਲਿਆ, ਜਦੋਂ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਨੇ ਇੱਕ ਸਮਝੌਤੇ ਤਹਿਤ ਦੋਵਾਂ ਦੇਸ਼ਾਂ ਦੀਆਂ ਅਗਵਾ ਹੋਈਆਂ ਲੜਕੀਆਂ ਨੂੰ ਇੱਕ ਦੂਜੇ ਦੇ ਹਵਾਲੇ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ। ਰਿਪੋਰਟਾਂ ਦੀ ਮੰਨੀਏ ਤਾਂ ਬੂਟਾ ਸਿੰਘ ਦੇ ਭਤੀਜੇ ਨੇ ਜਾਂਚ ਟੀਮ ਨੂੰ ਜ਼ੈਨਬ ਬਾਰੇ ਦੱਸਿਆ ਸੀ। ਕਾਨੂੰਨ ਲਈ ਜ਼ੈਨਬ ਦੀ ਇੱਛਾ ਦੀ ਕੋਈ ਕੀਮਤ ਨਹੀਂ ਸੀ। ਦੱਸਿਆ ਜਾਂਦਾ ਹੈ ਕਿ ਜ਼ੈਨਬ ਦੀ ਵਿਦਾਈ ਮੌਕੇ ਸਾਰਾ ਪਿੰਡ ਉਸ ਨੂੰ ਦੇਖਣ ਲਈ ਇਕੱਠਾ ਹੋ ਗਿਆ ਸੀ, ਜੋ ਆਪਣੀ ਛੋਟੀ ਧੀ ਦਾ ਹੱਥ ਫੜ ਕੇ ਘਰੋਂ ਬਾਹਰ ਨਿਕਲੀ।
ਜ਼ੈਨਬ ਪਾਕਿਸਤਾਨ ਦੇ ਲਾਹੌਰ ਦੇ ਇੱਕ ਛੋਟੇ ਜਿਹੇ ਪਿੰਡ ਨੂਪੁਰ ਵਿੱਚ ਆਪਣੇ ਪਰਿਵਾਰ ਨਾਲ ਜਾ ਮਿਲੀ। ਜ਼ੈਨਬ ਦੀ ਜ਼ਿੰਦਗੀ ਉਸਦੇ ਮਾਤਾ-ਪਿਤਾ ਦੀ ਮੌਤ ਤੋਂ ਬਾਅਦ ਪੂਰੀ ਤਰ੍ਹਾਂ ਬਦਲ ਗਈ ਅਤੇ ਉਸਦੀ ਭੈਣ ਉਨ੍ਹਾਂ ਦੀ ਜਾਇਦਾਦ ਦੀ ਕਾਨੂੰਨੀ ਮਾਲਕ ਬਣ ਗਈ। ਜ਼ੈਨਬ ਦੇ ਕਰੀਬੀ ਦੋਸਤ ਨੇ ਉਸ ਨੂੰ ਆਪਣੇ ਪੁੱਤਰ ਨਾਲ ਵਿਆਹ ਕਰਨ ਲਈ ਮਜਬੂਰ ਕੀਤਾ। ਮੀਡੀਆ ਰਿਪੋਰਟਾਂ ਮੁਤਾਬਕ ਬੂਟਾ ਸਿੰਘ ਨੂੰ ਪਾਕਿਸਤਾਨ ਤੋਂ ਇਕ ਚਿੱਠੀ ਮਿਲੀ, ਜੋ ਜ਼ੈਨਬ ਦੇ ਗੁਆਂਢੀ ਨੇ ਉਸ ਦੀ ਬੇਨਤੀ 'ਤੇ ਲਿਖੀ ਸੀ।
ਬੂਟਾ ਸਿੰਘ ਫਿਰ ਦਿੱਲੀ ਵਿੱਚ ਅਧਿਕਾਰੀਆਂ ਨੂੰ ਮਿਲਿਆ ਅਤੇ ਉਨ੍ਹਾਂ ਨੂੰ ਆਪਣੀ ਪਤਨੀ ਅਤੇ ਬੱਚਿਆਂ ਨੂੰ ਵਾਪਸ ਲੈਕੇ ਆਉਣ ਦੀ ਬੇਨਤੀ ਕੀਤੀ। ਜਦੋਂ ਬੂਟਾ ਸਿੰਘ ਕੋਲ ਕੋਈ ਰਸਤਾ ਨਹੀਂ ਬਚਿਆ, ਤਾਂ ਉਸਨੇ ਇਸਲਾਮ ਕਬੂਲ ਕਰ ਲਿਆ। ਉਹ ਆਪਣੀ ਪਤਨੀ ਅਤੇ ਬੱਚਿਆਂ ਨੂੰ ਵਾਪਸ ਲਿਆਉਣ ਲਈ ਗੈਰ-ਕਾਨੂੰਨੀ ਤਰੀਕੇ ਨਾਲ ਪਾਕਿਸਤਾਨ ਵਿੱਚ ਦਾਖਲ ਹੋਇਆ ਸੀ। ਬੂਟਾ ਸਿੰਘ ਉਦੋਂ ਹੈਰਾਨ ਰਹਿ ਗਿਆ ਜਦੋਂ ਜ਼ੈਨਬ ਦੇ ਪਰਿਵਾਰ ਨੇ ਉਸ ਨੂੰ ਭਾਰਤ ਭੇਜਣ ਤੋਂ ਇਨਕਾਰ ਕਰ ਦਿੱਤਾ ਅਤੇ ਬੂਟਾ ਸਿੰਘ ਨੂੰ ਪਾਕਿਸਤਾਨੀ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ। ਦੱਸਿਆ ਜਾਂਦਾ ਹੈ ਕਿ ਪਰਿਵਾਰਕ ਦਬਾਅ ਹੇਠ ਜ਼ੈਨਬ ਨੇ ਅਦਾਲਤ ਦੇ ਸਾਹਮਣੇ ਬੂਟਾ ਸਿੰਘ ਦੇ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਅਥਾਰਟੀ ਨੂੰ ਆਪਣੀ ਧੀ ਨੂੰ ਬੂਟਾ ਸਿੰਘ ਨਾਲ ਭਾਰਤ ਵਾਪਸ ਭੇਜਣ ਲਈ ਕਿਹਾ ਸੀ।
ਇਸ ਨਾਲ ਬੂਟਾ ਸਿੰਘ ਨੂੰ ਕਾਫੀ ਸੱਟ ਪਹੁੰਚੀ ਸੀ। ਉਸ ਨੇ ਆਪਣੀ ਬੇਟੀ ਨਾਲ ਪਾਕਿਸਤਾਨ ਦੇ ਸ਼ਾਹਦਰਾ ਸਟੇਸ਼ਨ 'ਤੇ ਟਰੇਨ ਅੱਗੇ ਛਾਲ ਮਾਰ ਦਿੱਤੀ, ਜਿਸ 'ਚ ਉਸ ਦੀ ਬੇਟੀ ਦੀ ਜਾਨ ਬਚ ਗਈ। ਬੂਟਾ ਸਿੰਘ ਨੇ ਆਪਣੇ ਆਖ਼ਰੀ ਪੱਤਰ ਵਿੱਚ ਉਸ ਨੂੰ ਆਪਣੀ ਪ੍ਰੇਮਿਕਾ ਜ਼ੈਨਬ ਦੇ ਪਿੰਡ ਵਿੱਚ ਦਫ਼ਨਾਉਣ ਦੀ ਬੇਨਤੀ ਕੀਤੀ ਸੀ, ਪਰ ਪਰਿਵਾਰ ਨੇ ਇਜਾਜ਼ਤ ਨਹੀਂ ਦਿੱਤੀ। ਬੂਟਾ ਸਿੰਘ ਨੂੰ ਬਾਅਦ ਵਿਚ ਲਾਹੌਰ ਦੇ ਮਿਆਣੀ ਸਾਹਿਬ ਵਿਖੇ ਦਫ਼ਨਾਇਆ ਗਿਆ। ਬੂਟਾ ਸਿੰਘ ਅਤੇ ਜ਼ੈਨਬ ਦੀ ਪ੍ਰੇਮ ਕਹਾਣੀ ਦਾ ਅੰਤ ਦਰਦਨਾਕ ਸੀ। ਜਿੱਥੇ ਬੂਟਾ ਸਿੰਘ ਦਾ ਪਰਿਵਾਰ ਉਸ ਬਾਰੇ ਗੱਲ ਨਹੀਂ ਕਰਦਾ, ਉੱਥੇ ਜ਼ੈਨਬ ਦਾ ਪਰਿਵਾਰ ਇਸ ਘਟਨਾ ਨੂੰ ਯਾਦ ਕਰਨ ਤੋਂ ਵੀ ਬਚਦਾ ਹੈ।
ਇਹ ਵੀ ਪੜ੍ਹੋ: ਸੰਨੀ ਦਿਓਲ ਦੀ 'ਗਦਰ 2' ਨੇ ਰਚਿਆ ਇਤਿਹਾਸ, ਐਡਵਾਂਸ ਬੁਕਿੰਗ 'ਚ ਵਿਕੀਆਂ 20 ਲੱਖ ਟਿਕਟਾਂ