ਪੰਜਾਬ 'ਚ ਹੜ੍ਹ ਦੌਰਾਨ ਘਰ 'ਚੋਂ ਮਿਲੇ ਹਜ਼ਾਰਾਂ ਡਾਲਰ? ਜਾਣੋ ਵਾਇਰਲ ਵੀਡੀਓ ਦਾ ਪੂਰਾ ਸੱਚ!
ਰੋਜ਼ਾਨਾ ਹੀ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਹਨ। ਇੱਕ ਵੀਡੀਓ ਜਿਸ 'ਚ ਮਿੱਟੀ ਦੇ ਹੇਠਾਂ ਦਬੇ ਨੋਟਾਂ ਦੇ ਬੰਡਲ ਦਿਖਾਏ ਜਾ ਰਹੇ ਹਨ। ਨਾਲ ਹੀ ਇਹ ਅਫਵਾਹ ਫੈਲਾਈ ਜਾ ਰਹੀ ਹੈ ਕਿ ਇਹ ਵੀਡੀਓ ਪੰਜਾਬ ਹੜ੍ਹਾਂ ਦੀ..ਜਾਣੋ ਸੱਚ ਕੀ ਹੈ?

ਪੰਜਾਬ ਦੇ ਲੋਕ ਇਸ ਸਮੇਂ 40 ਸਾਲਾਂ ਦੀ ਸਭ ਤੋਂ ਭਿਆਨਕ ਹੜ੍ਹ ਦਾ ਸਾਹਮਣਾ ਕਰ ਰਹੇ ਹਨ। ਪੰਜਾਬ ਦੇ ਸਾਰੇ 23 ਜ਼ਿਲ੍ਹੇ ਇਸ ਸਮੇਂ ਹੜ੍ਹ ਦੀ ਚਪੇਟ ਵਿੱਚ ਹਨ, ਜਿਸ ਕਾਰਨ ਪੰਜਾਬ ਨੂੰ ਆਫਤ ਪ੍ਰਭਾਵਿਤ ਸੂਬਾ ਘੋਸ਼ਿਤ ਕਰ ਦਿੱਤਾ ਗਿਆ ਹੈ। ਸਰਕਾਰ ਅਤੇ ਕਈ ਸਮਾਜਿਕ ਸੰਸਥਾਵਾਂ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਅਤੇ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ।
ਇੰਸਟਾਗ੍ਰਾਮ 'ਚ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਮਿੱਟੀ ਦੇ ਹੇਠਾਂ ਦਬੇ ਨੋਟਾਂ ਦੇ ਬੰਡਲ ਦਿਖਾਏ ਜਾ ਰਹੇ ਹਨ। ਵੀਡੀਓ ਵਿੱਚ ਇੱਕ ਵਿਅਕਤੀ ਮਿੱਟੀ ਵਿੱਚੋਂ ਕਈ ਨੋਟ ਕੱਢਦਾ ਹੋਇਆ ਦਿਖਾਈ ਦੇ ਰਿਹਾ ਹੈ। ਵੀਡੀਓ ਦੇ ਨਾਲ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਅਮਰੀਕੀ ਡਾਲਰ ਹਨ ਜੋ ਪੰਜਾਬ ਵਿੱਚ ਆਏ ਹੜ੍ਹ ਦੌਰਾਨ ਇੱਕ ਘਰ ਵਿੱਚ ਮਿਲੇ ਸਨ। ਇਸ ਵਿੱਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਲੋਕਾਂ ਨੇ ਇਹ ਅਮਰੀਕੀ ਡਾਲਰ ਸੰਭਾਲ ਕੇ ਰੱਖੇ ਸਨ ਜੋ ਹੁਣ ਹੜ੍ਹ ਵਿੱਚ ਨਾਸ਼ ਹੋ ਗਏ ਹਨ।
ਇੰਸਟਾਗ੍ਰਾਮ 'ਤੇ ਵੀਡੀਓ ਸਾਂਝਾ ਕਰਦਿਆਂ ਇੱਕ ਵਿਅਕਤੀ ਨੇ ਲਿਖਿਆ, "ਪੰਜਾਬ ਦੇ ਇੱਕ ਪਰਿਵਾਰ ਨੇ ਆਪਣੀ ਜ਼ਮੀਨ ਵਿੱਚ ਅਮਰੀਕੀ ਡਾਲਰ ਦੱਬ ਦਿੱਤੇ ਸਨ, ਜੋ ਹੁਣ ਹੜ੍ਹ ਤੋਂ ਬਾਅਦ ਪੂਰੀ ਤਰ੍ਹਾਂ ਨਾਸ਼ ਹੋ ਗਏ ਹਨ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਇਹ ਪੈਸੇ ਕਿੱਥੋਂ ਆਏ? ਕਬੂਤਰਬਾਜ਼ੀ? ਗੈਰ-ਕਾਨੂੰਨੀ ਲਿੰਕ? ਜਾਂ ਫਿਰ ਕੁਦਰਤ ਦਾ ਤੋਹਫਾ?"। ਪਰ ਆਓ ਜਾਣਦੇ ਹਾਂ ਇਸ ਵਾਇਰਲ ਹੋ ਰਹੀ ਵੀਡੀਓ ਦਾ ਸੱਚ ਆਖੀਰ ਹੈ ਕੀ?

ਇਸ ਦੌਰਾਨ ਇਸ ਵੀਡੀਓ ਸਬੰਧੀ ਇੱਕ ਸੱਚ ਸਾਹਮਣੇ ਆਇਆ ਹੈ ਕਿ ਵਾਇਰਲ ਵੀਡੀਓ ਦਾ ਪੰਜਾਬ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਹ ਵੀਡੀਓ ਹੜ੍ਹ ਆਉਣ ਤੋਂ ਪਹਿਲਾਂ ਦਾ ਹੈ।
ਟਿਕਟੌਕ ਅਕਾਊਂਟ ‘ਤੇ ਇਸ ਵਾਇਰਲ ਵੀਡੀਓ ਨਾਲ ਮਿਲਦੇ-ਜੁਲਦੇ ਕਈ ਹੋਰ ਵੀਡੀਓਜ਼ ਵੀ ਮਿਲੇ, ਜਿਨ੍ਹਾਂ ਵਿੱਚ ਨੋਟਾਂ ਦੇ ਬੰਡਲ, ਮਹਿੰਗੇ ਫੋਨ ਅਤੇ ਗਹਿਣੇ ਆਦਿ ਮਿੱਟੀ ਵਿੱਚੋਂ ਨਿਕਲਦੇ ਹੋਏ ਦਿਖਾਈ ਦੇ ਰਹੇ ਹਨ। ਇਹਨਾਂ ਨੂੰ ਵੇਖ ਕੇ ਲੱਗਦਾ ਹੈ ਕਿ ਇਹ ਕਿਸੇ ਅਸਲ ਘਟਨਾ ਦੇ ਵੀਡੀਓ ਨਹੀਂ ਹਨ, ਬਲਕਿ ਜਾਣ-ਬੂਝ ਕੇ ਸੋਸ਼ਲ ਮੀਡੀਆ ਲਈ ਬਣਾਏ ਗਏ ਹਨ। ਇਸਦੇ ਨਾਲ-ਨਾਲ, ਪੰਜਾਬ ਵਿੱਚ ਹੜ੍ਹ ਦੌਰਾਨ ਕਿਸੇ ਘਰ ਵਿੱਚ ਜ਼ਮੀਨ ਵਿੱਚ ਦਬੇ ਡਾਲਰ ਮਿਲਣ ਵਾਲੀ ਅਫਵਾਹ ਪੂਰੀ ਤਰ੍ਹਾਂ ਗਲਤ ਹੈ। ਇਸ ਲਈ ਅਜਿਹੀਆਂ ਅਫਵਾਹਾਂ ਤੋਂ ਬਚ ਕੇ ਰਹੋ। ਇਹ ਵਾਇਰਲ ਵੀਡੀਓ ਕਿਸੇ ਅਸਲ ਘਟਨਾ ਦਾ ਹਿੱਸਾ ਨਹੀਂ ਹੈ, ਬਲਕਿ ਹੜ੍ਹ ਆਉਣ ਤੋਂ ਪਹਿਲਾਂ ਦਾ ਹੈ। ਇਹ ਵੀਡੀਓ ਜਾਂ ਤਾਂ ਪੂਰੀ ਤਰ੍ਹਾਂ ਨਕਲੀ ਅੰਦਾਜ਼ ਨਾਲ ਤਿਆਰ ਕੀਤੀ ਗਈ ਹੈ ਅਤੇ ਜਾਂ ਫਿਰ ਕਿਸੇ ਹੋਰ ਦੇਸ਼ ਦੀ ਹੈ।























