International Widow's Day: ਪਹਿਲੀ ਵਾਰ ਕਦੋਂ ਮਨਾਇਆ ਗਿਆ ਸੀ ਅੰਤਰਰਾਸ਼ਟਰੀ ਵਿਧਵਾ ਦਿਵਸ ? ਜਾਣੋ ਕਿਵੇਂ ਹੋਈ ਸੀ ਇਸਦੀ ਸ਼ੁਰੂਆਤ
ਜ਼ਿੰਦਗੀ ਦਾ ਸਭ ਤੋਂ ਔਖਾ ਸਮਾਂ ਤੁਹਾਡੇ ਜੀਵਨ ਸਾਥੀ ਨੂੰ ਗੁਆਉਣਾ ਹੈ। ਖ਼ਾਸ ਕਰਕੇ ਔਰਤਾਂ ਲਈ ਤਾਂ ਇਸ ਹਾਲਤ ਵਿੱਚ ਆਪਣਾ ਦੁੱਖ ਬਿਆਨ ਕਰਨਾ ਔਖਾ ਹੈ। ਜਾਣੋ ਅੰਤਰਰਾਸ਼ਟਰੀ ਵਿਧਵਾ ਦਿਵਸ ਦੀ ਸ਼ੁਰੂਆਤ ਕਿਵੇਂ ਹੋਈ।
ਜ਼ਿੰਦਗੀ ਦਾ ਸਭ ਤੋਂ ਵੱਡਾ ਦੁੱਖ ਕਿਸੇ ਅਜ਼ੀਜ਼ ਨੂੰ ਗੁਆਉਣਾ ਹੈ। ਪਰ ਜਦੋਂ ਕੋਈ ਆਪਣਾ ਜੀਵਨ ਸਾਥੀ ਗੁਆ ਬੈਠਦਾ ਹੈ, ਤਾਂ ਉਸ ਦੁੱਖ ਨੂੰ ਬਿਆਨ ਕਰਨਾ ਔਖਾ ਹੁੰਦਾ ਹੈ। ਖ਼ਾਸ ਕਰਕੇ ਜਦੋਂ ਕੋਈ ਔਰਤ ਆਪਣੇ ਜੀਵਨ ਸਾਥੀ ਯਾਨੀ ਪਤੀ ਨੂੰ ਗਵਾ ਦਿੰਦੀ ਹੈ ਤਾਂ ਦੁੱਖ ਦੇ ਨਾਲ-ਨਾਲ ਉਸ ਔਰਤ ਨੂੰ ਸਮਾਜਿਕ ਚੁਣੌਤੀਆਂ ਵਿੱਚੋਂ ਵੀ ਗੁਜ਼ਰਨਾ ਪੈਂਦਾ ਹੈ। ਅੰਤਰਰਾਸ਼ਟਰੀ ਵਿਧਵਾ ਦਿਵਸ ਹਰ ਸਾਲ 23 ਜੂਨ ਨੂੰ ਮਨਾਇਆ ਜਾਂਦਾ ਹੈ ਤਾਂ ਜੋ ਵਿਧਵਾ ਔਰਤਾਂ ਨੂੰ ਸਸ਼ਕਤ ਬਣਾਇਆ ਜਾ ਸਕੇ।
ਇਹ ਦਿਨ ਹਰ ਸਾਲ 23 ਜੂਨ ਨੂੰ ਵਿਸ਼ਵ ਭਰ ਵਿੱਚ ਵਿਧਵਾ ਔਰਤਾਂ ਨੂੰ ਜਾਗਰੂਕ ਕਰਨ ਅਤੇ ਉਨ੍ਹਾਂ ਦੇ ਸਸ਼ਕਤੀਕਰਨ ਲਈ ਮਨਾਇਆ ਜਾਂਦਾ ਹੈ। ਵਰਣਨਯੋਗ ਹੈ ਕਿ ਦੁਨੀਆ ਭਰ ਵਿਚ ਬਹੁਤ ਸਾਰੀਆਂ ਵਿਧਵਾ ਔਰਤਾਂ ਗਰੀਬੀ, ਵਿਤਕਰੇ ਤੇ ਸਮਾਜਿਕ ਬੇਦਖਲੀ ਦਾ ਸਾਹਮਣਾ ਕਰਦੀਆਂ ਹਨ। ਇਸ ਦਿਨ ਨੂੰ ਮਨਾਉਣ ਦਾ ਮੁੱਖ ਉਦੇਸ਼ ਵਿਸ਼ਵ ਪੱਧਰ 'ਤੇ ਵਿਧਵਾਵਾਂ ਦੇ ਸਸ਼ਕਤੀਕਰਨ ਦੀ ਮਹੱਤਤਾ ਨੂੰ ਉਤਸ਼ਾਹਿਤ ਕਰਨਾ ਹੈ।
ਅੰਤਰਰਾਸ਼ਟਰੀ ਵਿਧਵਾ ਦਿਵਸ ਦਾ ਇਤਿਹਾਸ
ਜਾਣਕਾਰੀ ਅਨੁਸਾਰ ਅੰਤਰਰਾਸ਼ਟਰੀ ਵਿਧਵਾ ਦਿਵਸ ਨੂੰ ਸੰਯੁਕਤ ਰਾਸ਼ਟਰ ਵੱਲੋਂ ਪਹਿਲੀ ਵਾਰ 23 ਜੂਨ 2011 ਨੂੰ ਮਾਨਤਾ ਦਿੱਤੀ ਗਈ ਸੀ। ਜਿਸ ਵਿਚ ਵਿਸ਼ਵ ਪੱਧਰ 'ਤੇ ਵਿਧਵਾਵਾਂ ਨੂੰ ਦਰਪੇਸ਼ ਮੁਸ਼ਕਿਲਾਂ, ਅਧਿਕਾਰਾਂ ਅਤੇ ਭਲਾਈ ਨੂੰ ਸੁਧਾਰਨ ਦੇ ਉਦੇਸ਼ ਨਾਲ ਇਸ ਦਿਵਸ ਨੂੰ ਮਨਾਉਣ ਦੀ ਮਾਨਤਾ ਦਿੱਤੀ ਗਈ। ਤਾਂ ਜੋ ਵਿਧਵਾ ਔਰਤਾਂ ਨੂੰ ਸਸ਼ਕਤ ਬਣਾਇਆ ਜਾ ਸਕੇ ਕਿਉਂਕਿ ਸਮਾਜ ਵਿੱਚ ਕਈ ਵਾਰ ਦੇਖਿਆ ਗਿਆ ਹੈ ਕਿ ਵਿਧਵਾ ਔਰਤਾਂ ਕੋਲ ਆਮਦਨ ਦਾ ਕੋਈ ਉਚਿਤ ਸਾਧਨ ਨਹੀਂ ਹੈ ਜਿਸ ਨਾਲ ਉਹ ਆਪਣਾ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਸਕਣ।
ਤੁਹਾਨੂੰ ਦੱਸ ਦੇਈਏ ਕਿ ਅੰਤਰਰਾਸ਼ਟਰੀ ਵਿਧਵਾ ਦਿਵਸ ਦੀ ਸਥਾਪਨਾ ਵੱਖ-ਵੱਖ ਸੰਸਥਾਵਾਂ ਦੇ ਯਤਨਾਂ ਤੋਂ ਪ੍ਰੇਰਿਤ ਸੀ ਜਿਸ ਵਿੱਚ ਮੁੱਖ ਤੌਰ 'ਤੇ ਲੂੰਬਾ ਫਾਊਂਡੇਸ਼ਨ ਵੀ ਸ਼ਾਮਲ ਸੀ। ਦਰਅਸਲ, ਇਹ ਇੱਕ ਅੰਤਰਰਾਸ਼ਟਰੀ ਚੈਰਿਟੀ ਹੈ, ਜੋ ਵਿਧਵਾਵਾਂ ਦੇ ਹੱਕਾਂ ਲਈ ਲੜਦੀ ਹੈ। ਹਾਲਾਂਕਿ, ਲੂੰਬਾ ਫਾਊਂਡੇਸ਼ਨ 2005 ਤੋਂ ਇਸ ਦਿਨ ਨੂੰ ਮਨਾ ਰਹੀ ਹੈ, ਇਸ ਤੋਂ ਪਹਿਲਾਂ ਵੀ ਕਿ ਇਸ ਨੂੰ ਸੰਯੁਕਤ ਰਾਸ਼ਟਰ ਦੁਆਰਾ ਸਵੀਕਾਰ ਕੀਤਾ ਗਿਆ ਸੀ। ਇਸ ਫਾਊਂਡੇਸ਼ਨ ਦੀ ਸਥਾਪਨਾ ਲੰਡਨ ਦੇ ਹਾਊਸ ਆਫ ਲਾਰਡਜ਼ ਦੇ ਮੈਂਬਰ ਰਜਿੰਦਰ ਪਾਲ ਲੂੰਬਾ ਨੇ ਵਿਕਾਸਸ਼ੀਲ ਦੇਸ਼ਾਂ ਵਿੱਚ ਵਿਧਵਾਵਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਕੀਤੀ ਸੀ।
ਆਪਣੇ ਜੀਵਨ ਸਾਥੀ ਨੂੰ ਗੁਆਉਣਾ ਸਭ ਤੋਂ ਵੱਡਾ ਦੁੱਖ ਹੈ। ਅੰਤਰਰਾਸ਼ਟਰੀ ਵਿਧਵਾ ਦਿਵਸ ਦਾ ਮੁੱਖ ਉਦੇਸ਼ ਦੁਨੀਆ ਭਰ ਦੀਆਂ ਵਿਧਵਾਵਾਂ ਦੇ ਜੀਵਨ ਨੂੰ ਬਿਹਤਰ ਬਣਾਉਣਾ ਹੈ। ਇਸ ਯਤਨ ਨੂੰ ਪੂਰਾ ਕਰਨ ਲਈ ਹਰ ਸਾਲ ਅੰਤਰਰਾਸ਼ਟਰੀ ਵਿਧਵਾ ਦਿਵਸ ਮਨਾਇਆ ਜਾਂਦਾ ਹੈ। ਇਸ ਤੋਂ ਇਲਾਵਾ ਇਸ ਦਿਨ ਦਾ ਉਦੇਸ਼ ਵਿਧਵਾਵਾਂ ਨੂੰ ਜਾਗਰੂਕ ਕਰਨਾ ਅਤੇ ਉਨ੍ਹਾਂ ਨੂੰ ਉਚਿਤ ਰੁਜ਼ਗਾਰ, ਆਮਦਨ, ਪੈਨਸ਼ਨ ਅਤੇ ਸਮਾਜਿਕ ਸੁਰੱਖਿਆ ਸਹੂਲਤਾਂ ਆਦਿ ਮੁਹੱਈਆ ਕਰਵਾਉਣ ਲਈ ਉਪਰਾਲੇ ਕਰਨਾ ਵੀ ਹੈ। ਹਰ ਸਾਲ ਇਹ ਦਿਨ ਇੱਕ ਥੀਮ ਨਾਲ ਮਨਾਇਆ ਜਾਂਦਾ ਹੈ। ਤਾਂ ਜੋ ਇਹ ਦੁਨੀਆ ਭਰ ਦੀਆਂ ਔਰਤਾਂ ਨੂੰ ਜਾਗਰੂਕ ਅਤੇ ਸਸ਼ਕਤ ਬਣਾਉਣ ਵਿੱਚ ਮਦਦ ਕਰ ਸਕੇ।