ਹਲਕੀ ਠੰਢ ‘ਚ ਖਾਓ ਗਰਮਾ-ਗਰਮ ਗਾਜਰ ਦਾ ਹਲਵਾ, ਇੰਝ ਘਰ 'ਚ ਤਿਆਰ ਕਰੋ ਬਾਜ਼ਾਰ ਵਰਗਾ ਹਲਵਾ, ਜਾਣੋ ਆਸਾਨ ਰੈਸਿਪੀ
ਹਰ ਮੌਸਮ ਦੀ ਆਪਣੀ ਖਾਸ ਡਿਸ਼ ਹੁੰਦੀ ਹੈ। ਇਸ ਵੇਲੇ ਸਰਦੀਆਂ ਦਾ ਸੀਜ਼ਨ ਚੱਲ ਰਿਹਾ ਹੈ। ਜਦੋਂ ਵੀ ਸਰਦੀਆਂ ਦੀ ਗੱਲ ਹੁੰਦੀ ਹੈ, ਸਭ ਤੋਂ ਪਹਿਲਾਂ ਗਾਜਰ ਦੇ ਹਲਵੇ ਦਾ ਖ਼ਿਆਲ ਆ ਜਾਂਦਾ ਹੈ। ਗਾਜਰ ਦੇ ਹਲਵੇ ਤੋਂ ਬਿਨਾਂ ਸਰਦੀਆਂ ਅਧੂਰੀਆਂ ਲੱਗਦੀਆਂ ਹਨ

ਹਰ ਮੌਸਮ ਦੀ ਆਪਣੀ ਖਾਸ ਡਿਸ਼ ਹੁੰਦੀ ਹੈ। ਇਸ ਵੇਲੇ ਸਰਦੀਆਂ ਦਾ ਸੀਜ਼ਨ ਚੱਲ ਰਿਹਾ ਹੈ। ਜਦੋਂ ਵੀ ਸਰਦੀਆਂ ਦੀ ਗੱਲ ਹੁੰਦੀ ਹੈ, ਸਭ ਤੋਂ ਪਹਿਲਾਂ ਗਾਜਰ ਦੇ ਹਲਵੇ ਦਾ ਖ਼ਿਆਲ ਆ ਜਾਂਦਾ ਹੈ। ਗਾਜਰ ਦੇ ਹਲਵੇ ਤੋਂ ਬਿਨਾਂ ਸਰਦੀਆਂ ਅਧੂਰੀਆਂ ਲੱਗਦੀਆਂ ਹਨ। ਭਾਰਤ ਵਿੱਚ ਸ਼ਾਇਦ ਹੀ ਕੋਈ ਘਰ ਹੋਵੇ ਜਿੱਥੇ ਇਸ ਮਿੱਠੇ ਹਲਵੇ ਨੂੰ ਸਰਦੀਆਂ ‘ਚ ਨਹੀਂ ਬਣਾਇਆ ਜਾਂਦਾ। ਇਹ ਹਰ ਵਿਆਹ-ਸ਼ਾਦੀ ਪ੍ਰੋਗਰਾਮ ਦੇ ਵਿੱਚ ਮਿੱਠਾ ਖਾਣ ਵਾਲੀਆਂ ਡਿਸ਼ਜ਼ ਦੇ ਵਿੱਚੋਂ ਹਰ ਕਿਸੇ ਦੀ ਪਹਿਲੀ ਪਸੰਦ ਹੁੰਦਾ ਹੈ।
ਫਿਰ ਵੀ, ਕਈ ਵਾਰ ਮਹਿਲਾਵਾਂ ਦੀ ਇਹ ਸ਼ਿਕਾਇਤ ਰਹਿੰਦੀ ਹੈ ਕਿ ਉਹਨਾਂ ਦਾ ਗਾਜਰ ਦਾ ਹਲਵਾ ਹਲਵਾਈ ਵਰਗਾ ਟੇਸਟੀ ਨਹੀਂ ਬਣਦਾ। ਜੇ ਤੁਹਾਨੂੰ ਵੀ ਇਹੀ ਸਮੱਸਿਆ ਹੈ, ਤਾਂ ਆਓ ਜਾਣੀਏ ਕਿ ਘਰ ਵਿੱਚ ਹੀ ਬਹੁਤ ਆਸਾਨੀ ਨਾਲ ਟੇਸਟੀ ਗਾਜਰ ਦਾ ਹਲਵਾ ਕਿਵੇਂ ਬਣਾਇਆ ਜਾ ਸਕਦਾ ਹੈ।
ਗਾਜਰ ਦਾ ਹਲਵਾ ਬਣਾਉਣ ਲਈ ਸਮੱਗਰੀ
500 ਗ੍ਰਾਮ ਲਾਲ ਗਾਜਰ
2 ਕੱਪ ਫੁੱਲ ਕ੍ਰੀਮ ਦੁੱਧ
60 ਗ੍ਰਾਮ ਘੀ
120 ਗ੍ਰਾਮ ਚੀਨੀ
120 ਗ੍ਰਾਮ ਖੋਆ (ਕਦੂਕਸ ਕੀਤਾ ਹੋਇਆ)
1 ਛੋਟਾ ਚਮਚ ਇਲਾਇਚੀ ਪਾਊਡਰ
4 ਵੱਡੇ ਚਮਚ ਕੱਟੇ ਹੋਏ ਮੇਵੇ
ਗਾਜਰ ਦਾ ਹਲਵਾ ਬਣਾਉਣ ਦਾ ਤਰੀਕਾ
ਗਾਜਰ ਦਾ ਹਲਵਾ ਬਣਾਉਣ ਲਈ ਸਭ ਤੋਂ ਪਹਿਲਾਂ ਗਾਜਰਾਂ ਨੂੰ ਚੰਗੀ ਤਰ੍ਹਾਂ ਧੋ ਕੇ ਪੀਲਰ ਜਾਂ ਚਾਕੂ ਨਾਲ ਛਿਲਕੇ ਉਤਾਰ ਲਓ। ਫਿਰ ਗਾਜਰ ਨੂੰ ਮੱਧਮ ਸਾਈਜ਼ ਵਾਲੇ ਕਦੂਕਸ ਦੀ ਮਦਦ ਨਾਲ ਕਦੂਕਸ ਕਰ ਲਓ। ਗਾਜਰ ਦਾ ਉੱਪਰਲਾ ਸਖ਼ਤ ਹਿੱਸਾ ਹਟਾ ਦਿਓ। ਇਹ ਸਾਰਾ ਕੰਮ ਤੁਸੀਂ ਫੂਡ ਪ੍ਰੋਸੈਸਰ ਦੇ ਗ੍ਰੇਟਰ ਅਟੈਚਮੈਂਟ ਨਾਲ ਵੀ ਕਰ ਸਕਦੇ ਹੋ।
ਹੁਣ ਇੱਕ ਭਾਰੀ ਤਲੇ ਵਾਲੇ ਪੈਨ ਵਿੱਚ ਕਦੂਕਸ ਕੀਤੀ ਗਈ ਗਾਜਰ ਅਤੇ ਦੁੱਧ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ। ਗਾਜਰ ਅਤੇ ਦੁੱਧ ਨੂੰ ਮੱਧਮ-ਹੌਲੀ ਅੱਗ ‘ਤੇ ਤਦੋਂ ਤੱਕ ਪਕਾਓ ਜਦੋਂ ਤੱਕ ਗਾਜਰ ਸਾਰਾ ਦੁੱਧ ਸੋਖ ਨਾ ਲਵੇ। ਇਸ ਦੌਰਾਨ ਗਾਜਰ ਨੂੰ ਵਾਰ-ਵਾਰ ਚਲਾਉਂਦੇ ਰਹੋ। ਇਸ ਵਿਚ ਲਗਭਗ 20-25 ਮਿੰਟ ਲੱਗ ਸਕਦੇ ਹਨ।
ਜਦੋਂ ਦੁੱਧ ਸੁੱਕ ਜਾਵੇ ਅਤੇ ਮਿਸ਼ਰਣ ਗਾੜਾ ਹੋਣਾ ਸ਼ੁਰੂ ਹੋ ਜਾਵੇ, ਤਾਂ ਪੈਨ ਵਿੱਚ ਘੀ ਪਾ ਕੇ 10 ਮਿੰਟ ਹੋਰ ਪਕਾਓ ਅਤੇ ਵਾਰ-ਵਾਰ ਚਲਾਉਂਦੇ ਰਹੋ। ਇਸ ਤੋਂ ਬਾਅਦ ਪੈਨ ਵਿੱਚ ਚੀਨੀ ਪਾ ਕੇ ਕਰੀਬ 5 ਮਿੰਟ ਹੋਰ ਪਕਾਓ।
ਜਦੋਂ ਚੀਨੀ ਪੂਰੀ ਤਰ੍ਹਾਂ ਘੁਲ ਜਾਵੇ, ਤਾਂ ਖੋਆ ਪਾ ਕੇ 30 ਮਿੰਟ ਤੱਕ ਹੋਰ ਪਕਾਓ। ਹਲਵਾ ਤਦੋਂ ਤੱਕ ਪਕਾਓ ਜਦੋਂ ਤੱਕ ਪੈਨ ਦੇ ਕਿਨਾਰਿਆਂ ਤੋਂ ਘੀ ਛੱਡਣਾ ਨਾ ਸ਼ੁਰੂ ਕਰ ਦੇਵੇ। ਪਕਾਉਂਦੇ ਸਮੇਂ ਮਿਸ਼ਰਣ ਨੂੰ ਵਾਰ-ਵਾਰ ਚਲਾਉਂਦੇ ਰਹੋ।
ਅਖੀਰ ਵਿੱਚ ਹਲਵੇ ਵਿੱਚ ਇਲਾਇਚੀ ਪਾਊਡਰ ਅਤੇ ਕੱਟੇ ਹੋਏ ਬਾਦਾਮ-ਪਿਸਤੇ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ ਅਤੇ ਗਰਮਾ-ਗਰਮ ਪਰੋਸੋ। ਦੇਖਣਾ ਤੁਹਾਡਾ ਪਰਿਵਾਰ ਵਾਲੇ ਵੀ ਖੂਬ ਤਾਰੀਫ ਕਰਨਗੇ।






















