Desi Ghee: ਬਿਨਾਂ ਦੁੱਧ ਤੇ ਮੱਖਣ ਤੋਂ ਹੀ ਬਣਾਓ 600 ਰੁਪਏ ਕਿੱਲੋ ਵਾਲਾ ਦੇਸੀ ਘਿਓ! ਸਿਹਤ ਲਈ ਵੀ ਬੇਹੱਦ ਲਾਹੇਵੰਦ
Desi Ghee: ਕੀ ਤੁਸੀਂ ਜਾਣਦੇ ਹੋ ਕਿ ਤੁਸੀਂ ਬਿਨਾਂ ਦੁੱਧ ਦੇ ਵੀ ਦੇਸੀ ਘਿਓ ਬਣਾ ਸਕਦੇ ਹੋ ਤੇ ਉਹ ਵੀ ਬਹੁਤ ਹੀ ਸਸਤੇ ਤੇ ਆਸਾਨ ਤਰੀਕੇ ਨਾਲ। ਆਓ ਜਾਣਦੇ ਹਾਂ ਇਸ ਦਾ ਸਰਲ ਨੁਸਖਾ।
How to Make Desi Ghee: ਦੇਸੀ ਘਿਓ ਨੂੰ ਤਾਕਤ ਦਾ ਖਜ਼ਾਨਾ ਮੰਨਿਆ ਜਾਂਦਾ ਹੈ। ਇਸ ਤੋਂ ਬਿਨਾਂ ਪੰਜਾਬੀਆਂ ਦੀ ਖੁਰਾਕ ਅਧੂਰੀ ਹੁੰਦੀ ਹੈ। ਇਸ ਲਈ ਜਦੋਂ ਤੱਕ ਦੇਸੀ ਘਿਓ ਦੇ ਤੜਕੇ ਦੀ ਮਹਿਕ ਰਸੋਈ ਵਿੱਚੋਂ ਨਹੀਂ ਆਉਂਦੀ, ਰੋਟੀਆਂ ਘਿਓ ਨਾਲ ਚੋਪੜੀਆਂ ਨਹੀਂ ਜਾਂਦੀਆਂ, ਆਲੂਆਂ ਦਾ ਪਰਾਠਾ ਘਿਓ ਵਿੱਚ ਗੜੁੱਚ ਨਹੀਂ ਹੁੰਦਾ, ਤਦ ਤੱਕ ਭੋਜਨ ਦਾ ਸੁਆਦ ਹੀ ਨਹੀਂ ਆਉਂਦਾ? ਇਹ ਸਵਾਦਿਸ਼ਟ ਹੋਣ ਦੇ ਨਾਲ ਹੀ ਸਿਹਤਮੰਦ ਵੀ ਹੁੰਦਾ ਹੈ।
ਉਂਝ ਵੀ ਹਿੰਦੂ ਧਰਮ ਵਿੱਚ ਅੱਜ-ਕੱਲ੍ਹ ਸ਼ੁੱਧ ਸ਼ਾਕਾਹਾਰੀ ਖੁਰਾਕ ਦਾ ਰੁਝਾਨ ਤੇਜ਼ੀ ਨਾਲ ਵੱਧ ਰਿਹਾ ਹੈ। ਸ਼ਾਕਾਹਾਰੀ ਖੁਰਾਕ ਵਿੱਚ, ਲੋਕ ਕਿਸੇ ਵੀ ਜਾਨਵਰ ਦੇ ਉਤਪਾਦ ਦਾ ਸੇਵਨ ਨਹੀਂ ਕਰਦੇ। ਅਜਿਹੇ 'ਚ ਸ਼ਾਕਾਹਾਰੀ ਲੋਕ ਦੇਸੀ ਘਿਓ ਦਾ ਸਵਾਦ ਵੀ ਨਹੀਂ ਚੱਖਦੇ ਪਰ ਕੀ ਤੁਸੀਂ ਜਾਣਦੇ ਹੋ ਕਿ ਤੁਸੀਂ ਬਿਨਾਂ ਦੁੱਧ ਦੇ ਵੀ ਦੇਸੀ ਘਿਓ ਬਣਾ ਸਕਦੇ ਹੋ ਤੇ ਉਹ ਵੀ ਬਹੁਤ ਹੀ ਸਸਤੇ ਤੇ ਆਸਾਨ ਤਰੀਕੇ ਨਾਲ। ਇਸ ਦਾ ਸਵਾਦ ਬਿਲਕੁਲ ਘਿਓ ਵਰਗਾ ਹੁੰਦਾ ਹੈ ਤੇ ਤੁਸੀਂ ਇਸ ਨੂੰ ਹਰ ਉਸ ਚੀਜ਼ ਲਈ ਵਰਤ ਸਕਦੇ ਹੋ ਜਿਸ ਲਈ ਤੁਸੀਂ ਹੁਣ ਤੱਕ ਘਿਓ ਦੀ ਵਰਤੋਂ ਕਰਦੇ ਰਹੇ ਹੋ। ਆਓ ਜਾਣਦੇ ਹਾਂ ਇਸ ਦਾ ਸਰਲ ਨੁਸਖਾ।
ਦੁੱਧ ਤੋਂ ਬਿਨਾਂ ਘਿਓ ਬਣਾਉਣ ਲਈ ਸਮੱਗਰੀ
ਬਿਨਾਂ ਦੁੱਧ ਦੇ ਸ਼ਾਕਾਹਾਰੀ ਘਿਓ ਬਣਾਉਣ ਲਈ ਤੁਹਾਨੂੰ ਬਹੁਤ ਆਸਾਨੀ ਨਾਲ ਉਪਲਬਧ ਚੀਜ਼ਾਂ ਦੀ ਜ਼ਰੂਰਤ ਹੋਏਗੀ। ਇਸ ਨੂੰ ਬਣਾਉਣ ਲਈ ਤੁਹਾਨੂੰ ਅੱਧਾ ਕੱਪ ਨਾਰੀਅਲ ਦਾ ਤੇਲ, ਦੋ ਚਮਚ ਸੂਰਜਮੁਖੀ ਦਾ ਤੇਲ, ਦੋ ਚਮਚ ਤਿਲ ਦਾ ਤੇਲ, 5-6 ਤਾਜ਼ੇ ਅਮਰੂਦ ਦੇ ਪੱਤੇ (ਜੇ ਅਮਰੂਦ ਦੇ ਪੱਤੇ ਉਪਲਬਧ ਨਹੀਂ ਤਾਂ ਤੁਸੀਂ ਕਰੀ ਪੱਤੇ ਦੀ ਵਰਤੋਂ ਕਰ ਸਕਦੇ ਹੋ) ਤੇ ਇੱਕ ਚਮਚ ਹਲਦੀ ਦੀ ਲੋੜ ਹੋਵੇਗੀ। ਇਨ੍ਹਾਂ ਸਮੱਗਰੀਆਂ ਨਾਲ ਤੁਸੀਂ ਸ਼ਾਕਾਹਾਰੀ ਦੇਸੀ ਘਿਓ ਤਿਆਰ ਕਰ ਸਕਦੇ ਹੋ।
ਘਿਓ ਬਣਾਉਣ ਦਾ ਤਰੀਕਾ
ਸ਼ਾਕਾਹਾਰੀ ਦੇਸੀ ਘਿਓ ਬਣਾਉਣ ਦਾ ਤਰੀਕਾ ਬਹੁਤ ਆਸਾਨ ਹੈ। ਇਸ ਲਈ, ਸਭ ਤੋਂ ਪਹਿਲਾਂ ਤਿੰਨਾਂ ਤੇਲ - ਨਾਰੀਅਲ ਦਾ ਤੇਲ, ਤਿਲ ਦਾ ਤੇਲ ਤੇ ਸੂਰਜਮੁਖੀ ਦਾ ਤੇਲ ਇੱਕ ਮੋਟੇ ਤਲੇ ਵਾਲੇ ਪੈਨ ਵਿੱਚ ਮਿਲਾ ਲਓ। ਹੁਣ ਇਨ੍ਹਾਂ ਨੂੰ ਮੱਧਮ ਅੱਗ 'ਤੇ ਪਕਾਉਣ ਲਈ ਛੱਡ ਦਿਓ। ਹੁਣ ਅਮਰੂਦ ਜਾਂ ਕਰੀ ਪੱਤੇ ਨੂੰ ਪੀਸ ਕੇ ਪੇਸਟ ਬਣਾ ਲਓ। ਧਿਆਨ ਰਹੇ ਕਿ ਇਸ ਵਿੱਚ ਪਾਣੀ ਬਿਲਕੁਲ ਵੀ ਨਾ ਮਿਲਾਓ। ਹੁਣ ਇਸ ਪੇਸਟ ਤੇ ਹਲਦੀ ਨੂੰ ਤੇਲ 'ਚ ਪਾਓ ਤੇ ਤੇਲ ਦਾ ਰੰਗ ਬਦਲਣ ਤੱਕ ਪਕਾਓ। ਹੁਣ ਗੈਸ ਬੰਦ ਕਰ ਦਿਓ। ਜਦੋਂ ਇਹ ਥੋੜ੍ਹਾ ਠੰਢਾ ਹੋ ਜਾਵੇ ਤਾਂ ਇਸ ਨੂੰ ਚੰਗੀ ਤਰ੍ਹਾਂ ਫਿਲਟਰ ਕਰੋ ਤੇ ਫਰਿੱਜ ਵਿੱਚ ਕੁਝ ਦੇਰ ਲਈ ਸੈੱਟ ਹੋਣ ਦਿਓ। ਇਹ ਦੇਖਣ 'ਚ ਬਿਲਕੁਲ ਗਾਂ ਦੇ ਘਿਓ ਵਰਗਾ ਹੈ ਤੇ ਸਵਾਦ 'ਚ ਵੀ ਇਹ ਦੇਸੀ ਘਿਓ ਵਰਗਾ ਹੀ ਲੱਗਦਾ ਹੈ।