Agriculture News: ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਵੱਲੋਂ ਕਿਸਾਨਾਂ ਲਈ ਵੱਡਾ ਐਲਾਨ
Agriculture News: ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਭਾਰਤ ਦੇ ਕਿਸਾਨਾਂ ਲਈ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਅਮਰੀਕਾ ਨਾਲ ਚੱਲ ਰਹੀ ਵਪਾਰਕ ਗੱਲਬਾਤ ਵਿੱਚ ਭਾਰਤ ਆਪਣੇ ਕਿਸਾਨਾਂ...

Agriculture News: ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਭਾਰਤ ਦੇ ਕਿਸਾਨਾਂ ਲਈ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਅਮਰੀਕਾ ਨਾਲ ਚੱਲ ਰਹੀ ਵਪਾਰਕ ਗੱਲਬਾਤ ਵਿੱਚ ਭਾਰਤ ਆਪਣੇ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਨੂੰ ਤਰਜੀਹ ਦੇਵੇਗਾ। ਉਨ੍ਹਾਂ ਕਿਹਾ ਕਿ ਭਾਰਤ ਖੇਤੀਬਾੜੀ ਖੇਤਰ ਵਿੱਚ ਅਮਰੀਕਾ ਨੂੰ ਵਧੇਰੇ ਬਾਜ਼ਾਰ ਪਹੁੰਚ ਦੇਣ ਦੇ ਮੁੱਦੇ 'ਤੇ ਆਪਣੇ ਨਫੇ-ਨੁਕਸਾਨ ਦਾ ਪੂਰੀ ਤਰ੍ਹਾਂ ਮੁਲਾਂਕਣ ਕਰੇਗਾ ਤੇ ਤਦ ਹੀ ਸਮਝੌਤਾ ਹੋਵੇਗਾ। ਮੰਤਰੀ ਨੇ ਅੱਗੇ ਕਿਹਾ, ਭਾਰਤ ਤੇ ਅਮਰੀਕਾ ਵਿਚਕਾਰ ਗੱਲਬਾਤ ਚੱਲ ਰਹੀ ਹੈ। ਇੱਕ ਗੱਲ ਸਪੱਸ਼ਟ ਹੈ ਕਿ ਅਸੀਂ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਕਰਾਂਗੇ। ਜਦੋਂ ਦੋ ਦੇਸ਼ਾਂ ਵਿਚਕਾਰ ਵਪਾਰਕ ਗੱਲਬਾਤ ਹੁੰਦੀ ਹੈ, ਤਾਂ ਸਾਨੂੰ ਸਮੁੱਚੇ ਵਪਾਰ ਨੂੰ ਧਿਆਨ ਵਿੱਚ ਰੱਖਣਾ ਪੈਂਦਾ ਹੈ।
ਸ਼ਿਵਰਾਜ ਸਿੰਘ ਚੌਹਾਨ ਨੇ 'ਪੀਟੀਆਈ' ਨਾਲ ਇੱਕ ਇੰਟਰਵਿਊ ਵਿੱਚ ਕਿਹਾ, ਸਾਡੀ ਤਰਜੀਹ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਕਰਨਾ ਹੈ। ਭਾਰਤ ਅੰਨ੍ਹੇਵਾਹ ਕੋਈ ਕਦਮ ਨਹੀਂ ਚੁੱਕੇਗਾ। ਅਸੀਂ ਨਫੇ-ਨੁਕਸਾਨ ਦਾ ਵਿਸ਼ਲੇਸ਼ਣ ਕਰਾਂਗੇ ਤੇ ਤਦ ਹੀ ਸਮਝੌਤਾ ਹੋਵੇਗਾ। ਕੇਂਦਰੀ ਮੰਤਰੀ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਅਮਰੀਕਾ ਭਾਰਤ ਤੋਂ ਆਪਣੇ ਖੇਤੀਬਾੜੀ ਤੇ ਬਾਗਬਾਨੀ ਉਤਪਾਦਾਂ ਲਈ ਵਧੇਰੇ ਬਾਜ਼ਾਰ ਪਹੁੰਚ ਦੀ ਮੰਗ ਕਰ ਰਿਹਾ ਹੈ। ਦੋਵਾਂ ਦੇਸ਼ਾਂ ਵਿਚਕਾਰ ਚੱਲ ਰਹੀ ਗੱਲਬਾਤ ਦੌਰਾਨ ਸਤੰਬਰ ਤੋਂ ਅਕਤੂਬਰ 2025 ਤੱਕ ਪਹਿਲੇ ਪੜਾਅ ਵਿੱਚ ਇੱਕ ਵਪਾਰ ਸਮਝੌਤਾ ਹੋਣ ਦੀ ਸੰਭਾਵਨਾ ਹੈ।
ਨੀਤੀ ਆਯੋਗ ਦੀ ਰਿਪੋਰਟ 'ਨਵੀਂ ਅਮਰੀਕੀ ਵਪਾਰ ਨੀਤੀ ਤਹਿਤ ਭਾਰਤ-ਅਮਰੀਕਾ ਖੇਤੀਬਾੜੀ ਵਪਾਰ ਨੂੰ ਉਤਸ਼ਾਹਿਤ ਕਰਨਾ' ਦੇ ਅਨੁਸਾਰ, 2024 ਤੱਕ ਦੇ ਤਿੰਨ ਸਾਲਾਂ ਵਿੱਚ, ਅਮਰੀਕਾ ਨੇ ਭਾਰਤ ਨੂੰ ਲਗਪਗ 2.22 ਬਿਲੀਅਨ ਡਾਲਰ ਦੇ ਖੇਤੀਬਾੜੀ ਤੇ ਸਬੰਧਤ ਉਤਪਾਦ ਨਿਰਯਾਤ ਕੀਤੇ, ਜਦੋਂਕਿ ਭਾਰਤ ਨੇ ਲਗਪਗ 5.75 ਬਿਲੀਅਨ ਡਾਲਰ ਦੇ ਖੇਤੀਬਾੜੀ ਉਤਪਾਦ ਅਮਰੀਕਾ ਨੂੰ ਨਿਰਯਾਤ ਕੀਤੇ।
ਭਾਰਤ ਦੁਆਰਾ ਅਮਰੀਕਾ ਨੂੰ ਨਿਰਯਾਤ ਕੀਤੇ ਜਾਣ ਵਾਲੇ ਮੁੱਖ ਖੇਤੀਬਾੜੀ ਉਤਪਾਦਾਂ ਵਿੱਚ ਜੰਮੇ ਹੋਏ ਝੀਂਗਾ, ਬਾਸਮਤੀ ਚੌਲ, ਮਸਾਲੇ, ਪ੍ਰੋਸੈਸਡ ਅਨਾਜ ਤੇ ਹੋਰ ਕੀਮਤੀ ਉਤਪਾਦ ਸ਼ਾਮਲ ਹਨ। ਇਸ ਦੇ ਨਾਲ ਹੀ ਅਮਰੀਕਾ ਭਾਰਤ ਨੂੰ ਮੱਕੀ, ਸੋਇਆਬੀਨ ਤੇ ਪਸ਼ੂਆਂ ਦੀ ਖੁਰਾਕ ਵਰਗੇ ਹੋਰ ਉਤਪਾਦ ਭੇਜਣਾ ਚਾਹੁੰਦਾ ਹੈ ਪਰ ਭਾਰਤ ਵਿੱਚ ਇਨ੍ਹਾਂ 'ਤੇ ਭਾਰੀ ਆਯਾਤ ਡਿਊਟੀ ਲਾਗੂ ਹੈ। ਖੇਤੀਬਾੜੀ ਖੇਤਰ ਵਿੱਚ ਭਾਰਤੀ ਡਿਊਟੀ ਦਰਾਂ 39 ਤੋਂ 50 ਪ੍ਰਤੀਸ਼ਤ ਤੱਕ ਹਨ।
ਭਾਰਤ ਤੇ ਅਮਰੀਕਾ ਵਿਚਕਾਰ ਖੇਤੀਬਾੜੀ ਵਪਾਰ ਨੂੰ ਵਧਾਉਣ ਲਈ ਗੱਲਬਾਤ ਚੱਲ ਰਹੀ ਹੈ। ਅਮਰੀਕਾ ਚਾਹੁੰਦਾ ਹੈ ਕਿ ਭਾਰਤ ਆਪਣੇ ਟੈਰਿਫ ਘਟਾਏ ਤੇ ਅਮਰੀਕੀ ਖੇਤੀਬਾੜੀ ਉਤਪਾਦਾਂ ਲਈ ਆਪਣੇ ਬਾਜ਼ਾਰ ਤੱਕ ਵਧੇਰੇ ਪਹੁੰਚ ਪ੍ਰਦਾਨ ਕਰੇ ਪਰ ਭਾਰਤ ਆਪਣੇ ਖੇਤੀਬਾੜੀ ਅਤੇ ਡੇਅਰੀ ਬਾਜ਼ਾਰਾਂ ਨੂੰ ਪੂਰੀ ਤਰ੍ਹਾਂ ਖੋਲ੍ਹਣ ਤੋਂ ਸੁਚੇਤ ਹੈ, ਕਿਉਂਕਿ ਇਸ ਨਾਲ ਪੇਂਡੂ ਭਾਈਚਾਰਿਆਂ ਵਿੱਚ ਨਾਰਾਜ਼ਗੀ ਪੈਦਾ ਹੋ ਸਕਦੀ ਹੈ ਤੇ ਵਿਸ਼ਵਵਿਆਪੀ ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਤੋਂ ਘਰੇਲੂ ਉਤਪਾਦਕਾਂ ਨੂੰ ਨੁਕਸਾਨ ਹੋ ਸਕਦਾ ਹੈ।






















