ਝੋਨੇ ਦੀ ਸਿੱਧੀ ਬਿਜਾਈ ਕਰਨ 'ਤੇ ਮਿਲੇਗਾ 1500 ਰੁ: ਪ੍ਰਤੀ ਏਕੜ, ਬੱਚ ਸਕਦਾ 30 ਤੋਂ 35 % ਪਾਣੀ
ਧਰਤੀ ਹੇਠਲੇ ਪਾਣੀ ਦੇ ਘੱਟ ਪੱਧਰ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਸਰਕਾਰ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਪ੍ਰੇਰਿਤ ਕਰ ਰਹੀ ਹੈ।
ਜਲੰਧਰ: ਧਰਤੀ ਹੇਠਲੇ ਪਾਣੀ ਦੇ ਘੱਟ ਪੱਧਰ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਸਰਕਾਰ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਪ੍ਰੇਰਿਤ ਕਰ ਰਹੀ ਹੈ।ਸਰਕਾਰ ਸਿੱਧੀ ਬਿਜਾਈ ਨੂੰ ਪ੍ਰਮੋਟ ਕਰਨ ਲਈ ਹਰ ਉਸ ਕਿਸਾਨ ਨੂੰ 1500 ਰੁਪਏ ਪ੍ਰਤੀ ਏਕੜ ਦੇਣ ਨੂੰ ਵੀ ਤਿਆਰ ਹੈ ਜੋ ਸਿੱਧੀ ਬਿਜਾਈ ਕਰਨਗੇ।
ਜੇਕਰ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਜਲੰਧਰ ਜ਼ਿਲ੍ਹੇ ਵਿੱਚ ਪਿਛਲੇ ਸਾਲ 1,73,000 ਹੈਕਟੇਅਰ ਜ਼ਮੀਨ ਤੇ ਝੋਨੇ ਦੀ ਬਿਜਾਈ ਹੋਈ ਸੀ। ਇਸ ਵਿੱਚੋਂ 22,000 ਹੈਕਟੇਅਰ ਤੇ ਬਾਸਮਤੀ ਲਗਾਈ ਗਈ ਸੀ ਜਦ ਕਿ ਬਾਕੀ ਦੇ ਰਕਬੇ ਉੱਪਰ ਪਰਮਲ ਲਗਾਇਆ ਗਿਆ ਸੀ।
ਜਲੰਧਰ ਵਿਖੇ ਜੋ ਪਿਛਲੇ ਸਾਲ 1,73,000 ਹੈਕਟੇਅਰ ਜ਼ਮੀਨ ਉੱਪਰ ਝੋਨੇ ਦੀ ਫਸਲ ਲਗਾਈ ਗਈ ਸੀ ਉਸ ਵਿੱਚੋਂ ਇੱਕ ਰਿਕਾਰਡ ਦੇ ਮੁਤਾਬਕ 22,800 ਹੈਕਟੇਅਰ ਜ਼ਮੀਨ ਉੱਪਰ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ ਸੀ।ਇਸ ਵਾਰ ਉਮੀਦ ਹੈ ਕਿ ਝੋਨੇ ਦੀ ਸਿੱਧੀ ਬਿਜਾਈ ਦਾ ਰਕਬਾ ਹੋਰ ਵਧੇਗਾ।
ਝੋਨੇ ਦੀ ਸਿੱਧੀ ਬਿਜਾਈ ਬਾਰੇ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਨਾਲ ਨਾ ਸਿਰਫ਼ ਜ਼ਮੀਨ ਦਾ ਪਾਣੀ ਬਚਦਾ ਹੈ ਬਲਕਿ ਝਾੜ ਵਿੱਚ ਵੀ ਵਾਧਾ ਹੁੰਦਾ ਹੈ।
ਕੀ ਕਹਿੰਦੇ ਨੇ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨ
ਜਲੰਧਰ ਦੇ ਕਿਸਾਨ ਸੁਰਿੰਦਰ ਸਿੰਘ ਚਾਵਲਾ ਦੱਸਦੇ ਨੇ ਕਿ ਉਹ ਪਿਛਲੇ 19 ਸਾਲਾਂ ਤੋਂ ਝੋਨੇ ਦੀ ਸਿੱਧੀ ਬਿਜਾਈ ਕਰ ਰਹੇ ਹਨ।ਉਨ੍ਹਾਂ ਮੁਤਾਬਿਕ ਉਹ ਕਰੀਬ 100 ਏਕੜ ਜ਼ਮੀਨ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰਦੇ ਹਨ।
ਉਨ੍ਹਾਂ ਅਨੁਸਾਰ ਸਿੱਧੀ ਬਿਜਾਈ ਵਿੱਚ ਜ਼ਮੀਨੀ ਪਾਣੀ ਦੀ ਘੱਟ ਤੋਂ ਘੱਟ 30 ਤੋਂ 35 ਫੀਸਦ ਬੱਚਤ ਹੁੰਦੀ ਹੈ ਕਿਉਂਕਿ ਸਿੱਧੀ ਬਿਜਾਈ ਕਰਨ ਨਾਲ ਝੋਨੇ ਨੂੰ ਸ਼ੁਰੂਆਤ ਵਿੱਚ ਓਨੇ ਪਾਣੀ ਦੀ ਲੋੜ ਨਹੀਂ ਪੈਂਦੀ ਜਿੰਨੀ ਖੇਤ ਨੂੰ ਕੱਦੂ ਕਰਕੇ ਝੋਨਾ ਲਗਾਉਣ ਵਿੱਚ ਹੁੰਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਨੀਰੀ ਲਗਾ ਕੇ ਝੋਨਾ ਲਗਾਉਣ ਲਈ ਖਰਚਾ ਵੀ ਬਹੁਤ ਹੁੰਦਾ ਹੈ।
ਸੁਰਿੰਦਰ ਸਿੰਘ ਮੁਤਾਬਿਕ ਪਿਛਲੇ 2 ਸਾਲ ਕਿਸਾਨਾਂ ਨੂੰ ਜੋ ਲੇਬਰ ਮਿਲੀ ਉਹ 5,000 ਰੁਪਏ ਪ੍ਰਤੀ ਏਕੜ ਤੱਕ ਪਹੁੰਚ ਗਈ ਸੀ। ਪਰ ਜੇ ਹੁਣ ਦੀ ਗੱਲ ਕਰੀਏ ਤਾਂ ਕੋਵਿਡ ਤੋਂ ਬਾਅਦ ਲੇਬਰ 3,000 ਤੋਂ 3,500 ਵਿੱਚ ਮਿਲ ਰਹੀ ਹੈ। ਸੁਰਿੰਦਰ ਸਿੰਘ ਦਾ ਕਹਿਣਾ ਹੈ ਕਿ ਜੋ ਲੇਬਰ ਕਿਸਾਨ ਝੋਨਾ ਲਵਾਉਣ ਵਾਸਤੇ ਆਪਣੇ ਖੇਤਾਂ ਵਿਚ ਲਗਾਉਂਦੇ ਨੇ ਉਹ ਲੇਬਰ ਇੱਕ ਖੇਤ ਵਿੱਚ ਕਰੀਬ ਪੰਜ ਕਿਲੋ ਝੋਨੇ ਦੀ ਪਨੀਰੀ ਹੀ ਲਗਾਉਂਦੀ ਹੈ। ਜਦਕਿ ਮਸ਼ੀਨ ਨਾਲ ਝੋਨਾ ਲਗਾਉਣ ਕਰਕੇ ਇੱਕ ਖੇਤ ਵਿੱਚ ਕਰੀਬ ਅੱਠ ਕਿੱਲੋ ਝੋਨੇ ਦਾ ਬੀਜ ਲੱਗ ਜਾਂਦਾ ਹੈ।
ਉਨ੍ਹਾਂ ਮੁਤਾਬਿਕ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਝੋਨੇ ਦੀ ਸਿੱਧੀ ਬਿਜਾਈ ਕਰਨ ਤਾਂ ਕਿ ਪੰਜਾਬ ਦੇ ਪਾਣੀ ਨੂੰ ਬਚਾਇਆ ਜਾ ਸਕੇ ਅਤੇ ਕਿਸਾਨਾਂ ਨੂੰ ਵੀ ਇਸਦਾ ਲਾਭ ਹੋਵੇ। ਉਨ੍ਹਾਂ ਮੁਤਾਬਿਕ ਜੇ ਪੂਰੇ ਪੰਜਾਬ ਵਿੱਚ ਝੋਨਾ ਸਿੱਧੀ ਬਿਜਾਈ ਨਾਲ ਲਗਾਇਆ ਜਾਵੇ ਤਾਂ ਅਸੀਂ ਪੰਜਾਬ ਦਾ 30 ਤੋਂ 35 ਫੀਸਦ ਪਾਣੀ ਬਚਾ ਸਕਦੇ ਹਾਂ।