ਕਿਸਾਨਾਂ ਲਈ ਖੁਸ਼ਖਬਰੀ! ਡੀਪੀਏ ਖਾਦ ਲਈ ਨਹੀਂ ਕਰਨੀ ਪਏਗੀ ਮਾਰੋ-ਮਾਰ
ਸੰਧਵਾਂ ਨੇ ਦੋਸ਼ ਲਾਇਆ ਕਿ ਖਾਦ ਦੀ ਘਾਟ ਕਾਰਨ ਕਾਲਾਬਾਜ਼ਾਰੀ ਵਧ ਗਈ ਹੈ ਤੇ ਕਿਸਾਨਾਂ ਦੀ ਆਰਥਿਕ ਲੁੱਟ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਹਾੜ੍ਹੀ ਦੀ ਫ਼ਸਲ ਦੀ ਬਿਜਾਈ ਲਈ 5.5 ਲੱਖ ਟਨ ਡੀਏਪੀ ਦੀ ਲੋੜ ਹੈ।
ਚੰਡੀਗੜ੍ਹ: ਪੰਜਾਬ 'ਚ ਡੀਪੀਏ ਖਾਦ ਦੀ ਕਿੱਲਤ ਜਲਦ ਦੂਰ ਹੋ ਜਾਏਗੀ। ਡਾ. ਬਲਦੇਵ ਸਿੰਘ ਸੰਯੁਕਤ ਡਾਇਰੈਕਟਰ (ਖਾਦਾਂ) ਖੇਤੀਬਾੜੀ ਵਿਭਾਗ ਪੰਜਾਬ ਨੇ ਦਾਅਵਾ ਕੀਤਾ ਹੈ ਕਿ ਅਗਲੇ ਦੋ ਹਫ਼ਤਿਆਂ 'ਚ ਪੰਜਾਬ 'ਚ 2 ਲੱਖ 56 ਹਜਾਰ ਮੀਟਰਿਕ ਟਨ ਡੀਏਪੀ ਖਾਦ ਪਹੁੰਚ ਰਹੀ ਹੈ। ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਹਰ ਰੋਜ਼ 7 ਰੈਕ ਪਹੁੰਚਣਗੇ, ਜਿਸ ਨਾਲ ਖਾਦ ਦੀ ਘਾਟ ਪੂਰੀ ਤਰ੍ਹਾਂ ਖ਼ਤਮ ਹੋ ਜਾਵੇਗੀ।
ਦੱਸ ਦਈਏ ਕਿ ਪੰਜਾਬ 'ਚ ਡੀਪੀਏ ਖਾਦ ਦੀ ਕਿੱਲਤ ਨੂੰ ਲੈ ਕੇ ਹਾਹਾਕਾਰ ਮੱਚੀ ਹੋਈ ਹੈ। ਕਣਕ, ਜੌਂ, ਸਰੋਂ, ਛੋਲਿਆਂ ਆਦਿ ਦੀ ਬਿਜਾਈ ਸ਼ੁਰੂ ਹੋ ਚੁੱਕੀ ਹੈ ਪਰ ਬਹੁਤ ਸਾਰੇ ਇਲਾਕਿਆਂ ਵਿੱਚ ਲੋੜੀਂਦੀ ਡੀਪੀਏ ਖਾਦ ਨਹੀਂ ਮਿਲ ਰਹੀ। ਕਣਕ ਦੀ ਬਿਜਾਈ ਵੇਲੇ ਹੀ ਡੀਏਪੀ ਖਾਦ ਦੀ ਲੋੜ ਪੈਂਦੀ ਹੈ। ਇਸ ਲਈ ਕਿਸਾਨ ਪ੍ਰੇਸ਼ਾਨ ਹਨ।
ਇਹ ਵੀ ਰਿਪੋਰਟਾਂ ਆ ਰਹੀਆਂ ਹਨ ਕਿ ਡੀਏਪੀ ਦੀ ਕਿੱਲਤ ਦੇ ਚੱਲਦਿਆਂ ਖਾਦ ਵਪਾਰੀ ਦੁਕਾਨਦਾਰਾਂ ਨੂੰ ਬੇਲੋੜਾ ਸਾਮਾਨ ਖਾਦ ਨਾਲ ਲਾ ਕੇ ਦੇ ਰਹੇ ਹਨ। ਕੁਝ ਕੁ ਜਗ੍ਹਾ 'ਤੇ ਡੀਏਪੀ ਖਾਦ ਤੈਅ ਕੀਮਤਾਂ ਤੋਂ ਉੱਪਰ ਵੇਚਿਆ ਜਾ ਰਿਹਾ ਹੈ। ਕਿਸਾਨ ਦੂਜੇ ਸੂਬਿਆਂ ਤੋਂ ਵੀ ਮਹਿੰਗੇ ਰੇਟਾਂ 'ਤੇ ਖਾਦ ਲਿਆ ਰਹੇ ਹਨ। ਕਿਸਾਨਾਂ ਦੀ ਮੰਗ ਹੈ ਕਿ ਪੰਜਾਬ ਸਰਕਾਰ ਜਲਦ ਤੋਂ ਜਲਦ ਡੀਏਪੀ ਖਾਦ ਕਿਸਾਨਾਂ ਨੂੰ ਮੁਹੱਈਆ ਕਰਵਾਏ।
ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ‘ਆਪ’ ਪੰਜਾਬ ਦੇ ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਡੀਏਪੀ ਖਾਦ ਦੀ ਘਾਟ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਖਾਦ ਦੀ ਘਾਟ ਕਾਰਨ ਹਾੜ੍ਹੀ ਦੀਆਂ ਫ਼ਸਲਾਂ ਖ਼ਾਸ ਕਰਕੇ ਕਣਕ ਦੀ ਬਿਜਾਈ ’ਤੇ ਮਾੜਾ ਅਸਰ ਪਵੇਗਾ। ਇਸ ਕਾਰਨ ਸੂਬੇ ਤੇ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਹੋਵੇਗਾ।
ਸੰਧਵਾਂ ਨੇ ਦੋਸ਼ ਲਾਇਆ ਕਿ ਖਾਦ ਦੀ ਘਾਟ ਕਾਰਨ ਕਾਲਾਬਾਜ਼ਾਰੀ ਵਧ ਗਈ ਹੈ ਤੇ ਕਿਸਾਨਾਂ ਦੀ ਆਰਥਿਕ ਲੁੱਟ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਹਾੜ੍ਹੀ ਦੀ ਫ਼ਸਲ ਦੀ ਬਿਜਾਈ ਲਈ 5.5 ਲੱਖ ਟਨ ਡੀਏਪੀ ਦੀ ਲੋੜ ਹੈ। ਡੀਏਪੀ ਖਾਦ ਦੀ ਸਮੇਂ ਸਿਰ ਸਪਲਾਈ ਨਾ ਦੇ ਕੇ ਕੇਂਦਰ ਸਰਕਾਰ ਪੰਜਾਬ ਤੇ ਪੰਜਾਬ ਦੇ ਕਿਸਾਨਾਂ ਨਾਲ ਕਿੜ੍ਹ ਕੱਢ ਰਹੀ ਹੈ, ਉੱਥੇ ਪੰਜਾਬ ਸਰਕਾਰ ਦੀ ਨਾਲਾਇਕੀ ਵੀ ਬੇਪਰਦ ਹੋਈ ਹੈ ਜਿਸ ਨੇ ਡੀਏਪੀ ਦੀ ਪੂਰਤੀ ਲਈ ਕੇਂਦਰ ਨਾਲ ਸਮੇਂ ਸਿਰ ਤਾਲਮੇਲ ਨਹੀਂ ਕੀਤਾ।