ਭਾਰੀ ਮੀਂਹ ਦਾ ਕਹਿਰ, ਸੈਂਕੜੇ ਏਕੜ ਰਕਬੇ 'ਚ ਫ਼ਸਲ ਤਬਾਹ, ਕਿਸਾਨਾਂ ਨੇ ਮੰਗਿਆ ਮੁਆਵਜ਼ਾ
ਫਾਜ਼ਿਲਕਾ ਜ਼ਿਲ੍ਹੇ ਦੇ ਸਰਹੱਦੀ ਪਿੰਡਾਂ ਵਿੱਚ ਸੈਂਕੜੇ ਏਕੜ ਰਕਬੇ ਵਿੱਚ ਖੜ੍ਹੀ ਫ਼ਸਲ ਪਾਣੀ ਵਿੱਚ ਡੁੱਬ ਗਈ ਹੈ।
ਚੰਡੀਗੜ੍ਹ/ਫਾਜ਼ਿਲਕਾ: ਜਿੱਥੇ ਬਾਰਸ਼ ਪੰਜਾਬ ਵਾਸੀਆਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ ਉਥੇ ਹੀ ਮੌਨਸੂਨ ਦੀ ਪਹਿਲੀ ਬਰਸਾਤ ਕਾਰਨ ਸਤਲੁਜ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਹੈ।ਜਿਸ ਕਾਰਨ ਫਾਜ਼ਿਲਕਾ ਜ਼ਿਲ੍ਹੇ ਦੇ ਸਰਹੱਦੀ ਪਿੰਡਾਂ ਵਿੱਚ ਸੈਂਕੜੇ ਏਕੜ ਰਕਬੇ ਵਿੱਚ ਖੜ੍ਹੀ ਫ਼ਸਲ ਪਾਣੀ ਵਿੱਚ ਡੁੱਬ ਗਈ ਹੈ।ਅੰਤਰਰਾਸ਼ਟਰੀ ਸਰਹੱਦ ਨਾਲ ਲੱਗਦੇ ਸਰਹੱਦੀ ਪਿੰਡਾਂ ਵਾਲੀਸ਼ਾਹ ਹਿਠਾੜ, ਝੰਗੜ ਭੈਣੀ, ਰੇਤੇਵਾਲੀ ਭੈਣੀ, ਢਾਣੀ ਸਾਧਾ ਸਿੰਘ, ਦੋਨਾ ਨਾਨਕਾ, ਮਹਾਤਮ ਨਗਰ ਅਤੇ ਤੇਜਾ ਰੋਹੇਲਾ ਦੇ ਖੇਤਾਂ ਵਿੱਚ ਪਾਣੀ ਭਰ ਗਿਆ ਹੈ।
ਪਿੰਡ ਰਤੇਵਾਲੀ ਭੈਣੀ ਦੇ ਸਰਪੰਚ ਗੁਰਮੀਤ ਸਿੰਘ ਨੇ ਦੱਸਿਆ ਕਿ ਇੱਕ ਅੰਦਾਜ਼ੇ ਅਨੁਸਾਰ ਕਰੀਬ 800 ਏਕੜ ਵਿੱਚ ਨਰਮੇ, ਝੋਨਾ, ਹਰਾ ਚਾਰਾ ਅਤੇ ਮੂੰਗੀ ਦੀ ਖੜ੍ਹੀ ਫ਼ਸਲ ਪਾਣੀ ਵਿੱਚ ਡੁੱਬ ਗਈ ਹੈ। ਕੁਝ ਪ੍ਰਭਾਵਿਤ ਪਿੰਡਾਂ ਚੱਕ ਰੱਖ ਅਮੀਰ, ਮੋਰਾਂਵਾਲਾ, ਦਰੋਗਾ, ਠੇਟੇਰਾ ਅਤੇ ਭੂਰਮਦੀਨਵਾਲਾ ਦਾ ਦੌਰਾ ਕਰਨ ਉਪਰੰਤ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਸਤਲੁਜ ਪਹਿਲਾਂ ਵੀ ਉਪਰਲੇ ਖੇਤਰਾਂ ਤੋਂ ਜ਼ਿਆਦਾ ਪਾਣੀ ਛੱਡਣ ਅਤੇ ਪਾਕਿਸਤਾਨ ਵੱਲੋਂ ਆਪਣੇ ਪਾਸੇ ਵਾਲੇ ਫਲੱਡ ਗੇਟਾਂ ਨੂੰ ਬੰਦ ਕਰਨ ਕਾਰਨ ਕੁਝ ਥਾਵਾਂ 'ਤੇ ਓਵਰਫਲੋ ਹੋ ਗਿਆ ਸੀ।
ਜ਼ਿਲ੍ਹਾ ਪ੍ਰਸ਼ਾਸਨ ਦੀ ਮੰਗ ’ਤੇ ਬੀਐਸਐਫ ਅਤੇ ਪਾਕਿਸਤਾਨ ਰੇਂਜਰਜ਼ ਦੇ ਅਧਿਕਾਰੀਆਂ ਨੇ ਮੀਟਿੰਗ ਕੀਤੀ, ਜਿਸ ਦੇ ਨਤੀਜੇ ਵਜੋਂ ਅੱਜ ਗੁਆਂਢੀ ਮੁਲਕ ਵੱਲੋਂ ਫਲੱਡ ਗੇਟ ਖੋਲ੍ਹ ਦਿੱਤੇ ਗਏ।ਡਿਪਟੀ ਕਮਿਸ਼ਨਰ ਨੇ ਦਾਅਵਾ ਕੀਤਾ ਕਿ ਹੁਣ ਪਾਣੀ ਘਟਣਾ ਸ਼ੁਰੂ ਹੋ ਗਿਆ ਹੈ।ਕਿਸਾਨਾਂ ਨੇ ਮੰਗ ਕੀਤੀ ਹੈ ਕਿ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਨੁਕਸਾਨੀਆਂ ਫ਼ਸਲਾਂ ਦਾ ਮੁਆਵਜ਼ਾ ਦਿੱਤਾ ਜਾਵੇ।
ਮਾਲਵਾ ਖੇਤਰ 'ਚ ਪਿਛਲੇ ਦੋ ਦਿਨਾਂ ਤੋਂ ਪੈ ਰਹੇ ਲਗਾਤਾਰ ਮੀਂਹ ਨੇ ਕਰੀਬ 1 ਲੱਖ ਏਕੜ 'ਚ ਝੋਨੇ ਦੀ ਫ਼ਸਲ ਨੂੰ ਨੁਕਸਾਨ ਪਹੁੰਚਾਇਆ ਹੈ।ਸਮੇਂ ਸਿਰ ਨਿਕਾਸੀ ਪ੍ਰਬੰਧ ਨਾ ਹੋਣ ਕਾਰਨ ਖੇਤਾਂ ਵਿੱਚ ਪਾਣੀ ਭਰ ਗਿਆ ਹੈ। ਇਸ ਦੌਰਾਨ ਖੇਤਾਂ ਵਿੱਚ ਪਾਣੀ ਭਰਨ ਦੇ ਵਿਰੋਧ ਵਿੱਚ ਐਤਵਾਰ ਨੂੰ ਕੁਝ ਪਿੰਡਾਂ ਦੇ ਕਿਸਾਨਾਂ ਨੇ ਫਾਜ਼ਿਲਕਾ-ਫਿਰੋਜ਼ਪੁਰ ਰੋਡ ਵੀ ਜਾਮ ਕੀਤਾ।