ਖੁਸ਼ਖਬਰੀ! ਪੰਜਾਬ 'ਚ ਮੁੜ ਲੱਗਣਗੀਆਂ ਬਾਰਸ਼ ਦੀਆਂ ਛਹਿਬਰਾਂ, ਜਾਣੋ ਮੌਸਮ ਦਾ ਹਾਲ
ਕਿਸਾਨਾਂ ਲਈ ਖੁਸ਼ਖਬਰੀ ਹੈ। ਪੰਜਾਬ 'ਚ ਮੁੜ ਬਾਰਸ਼ ਦੀਆਂ ਛਹਿਬਰਾਂ ਲੱਗਣਗੀਆਂ। ਮੌਸਮ ਵਿਭਾਗ ਮੁਤਾਬਕ 28 ਜੂਨ ਤੋਂ ਪੰਜਾਬ ਤੇ ਹਰਿਆਣਾ ਵਿੱਚ ਮਾਨਸੂਨ ਪੌਣਾਂ ਦਿੱਲੀ ਰਾਹੀਂ ਪ੍ਰਵੇਸ਼ ਕਰਨ ਦੀਆਂ ਸੰਭਾਵਨਾਵਾਂ ਪੈਦਾ ਹੋ ਗਈਆਂ ਹਨ
ਚੰਡੀਗੜ੍ਹ: ਕਿਸਾਨਾਂ ਲਈ ਖੁਸ਼ਖਬਰੀ ਹੈ। ਪੰਜਾਬ 'ਚ ਮੁੜ ਬਾਰਸ਼ ਦੀਆਂ ਛਹਿਬਰਾਂ ਲੱਗਣਗੀਆਂ। ਮੌਸਮ ਵਿਭਾਗ ਮੁਤਾਬਕ 28 ਜੂਨ ਤੋਂ ਪੰਜਾਬ ਤੇ ਹਰਿਆਣਾ ਵਿੱਚ ਮਾਨਸੂਨ ਪੌਣਾਂ ਦਿੱਲੀ ਰਾਹੀਂ ਪ੍ਰਵੇਸ਼ ਕਰਨ ਦੀਆਂ ਸੰਭਾਵਨਾਵਾਂ ਪੈਦਾ ਹੋ ਗਈਆਂ ਹਨ, ਜਦੋਂਕਿ ਜੁਲਾਈ ਦੇ ਪਹਿਲੇ ਹਫ਼ਤੇ ਭਰਵਾਂ ਮੀਂਹ ਪੈਣਾ ਸ਼ੁਰੂ ਹੋ ਜਾਵੇਗਾ।
ਦੱਸ ਦਈਏ ਕਿ ਲੰਘੇ ਹਫਤੇ ਬਾਰਸ਼ ਕਰਕੇ ਪੰਜਾਬ ਵਿੱਚ 46 ਡਿਗਰੀ ਤੋਂ ਉਪਰ ਚੱਲਣ ਵਾਲਾ ਪਾਰਾ ਅੱਜ-ਕੱਲ੍ਹ 32 ਤੋਂ 35 ਡਿਗਰੀ ਦੇ ਵਿਚਕਾਰ ਰਹਿਣ ਲੱਗਿਆ ਹੈ। ਥੱਲੇ ਡਿੱਗੇ ਇਸ ਪਾਰੇ ਨੇ ਲੋਕਾਂ ਨੂੰ ਗਰਮੀ ਦੇ ਕਹਿਰ ਤੋਂ ਠੰਢਕ ਮਹਿਸੂਸ ਕਰਵਾਈ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਮੌਸਮੀ ਬੁਲੇਟਿਨ ਅਨੁਸਾਰ ਹੁਣ ਅਗਲੇ 23 ਤੋਂ 27 ਜੂਨ ਤੱਕ ਮੌਸਮ ਵਿੱਚ ਖੁਸ਼ਕੀ ਆਵੇਗੀ। ਇਸ ਦੌਰਾਨ ਪਾਰਾ ਵੀ ਬਹੁਤਾ ਉਪਰ ਜਾਣ ਦੀ ਉਮੀਦ ਨਹੀਂ ਹੈ। ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਦੇ ਨੇੜੇ ਜਾ ਸਕਦਾ ਹੈ।
ਮੌਸਮ ਮਹਿਕਮੇ ਦੀ ਰਿਪੋਰਟ ਮੁਤਾਬਕ ਇਸ ਵਾਰ ਸਾਉਣੀ ਦੀਆਂ ਫ਼ਸਲਾਂ ਲਈ ਚੰਗਾ ਮੀਂਹ ਪੈਣ ਦੀਆਂ ਸੂਚਨਾਵਾਂ ਮਿਲਣ ਲੱਗੀਆਂ ਹਨ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜਿਸ ਰੂਪ ਵਿੱਚ ਜੂਨ ਦੌਰਾਨ ਠੰਢਕ ਰਹੀ ਹੈ, ਉਸੇ ਰੂਪ ਵਿੱਚ ਬਰਸਾਤਾਂ ਦੀ ਮਿਹਰਬਾਨੀ ਕਰਕੇ ਜੁਲਾਈ ਵੀ ਠੰਢੀ ਬਣੀ ਰਹੇਗੀ।
ਪੀਏਯੂ ਦੇ ਮੌਸਮ ਮਹਿਕਮੇ ਦੇ ਵਿਗਿਆਨੀ ਡਾ. ਰਾਜ ਕੁਮਾਰ ਪਾਲ ਨੇ ਦੱਸਿਆ ਕਿ ਆਉਣ ਵਾਲੇ ਤਿੰਨ-ਚਾਰ ਦਿਨਾਂ ਦੌਰਾਨ ਆਮ ਤੌਰ ’ਤੇ ਖੁਸ਼ਕ ਮੌਸਮ ਰਹੇਗਾ ਅਤੇ ਉਸ ਤੋਂ ਹਲਕੇ ਮੀਂਹ ਦੀ ਸੰਭਾਵਨਾ ਹੈ, ਜਦੋਂਕਿ ਵੱਧ ਤੋਂ ਵੱਧ ਤਾਪਮਾਨ 31 ਤੋਂ 41 ਡਿਗਰੀ ਅਤੇ ਘੱਟੋ ਘੱਟ ਤਾਪਮਾਨ 17 ਤੋਂ 25 ਡਿਗਰੀ ਵਿਚਕਾਰ ਅਤੇ ਹਵਾ ਵਿੱਚ ਨਮੀ ਔਸਤ ਮਾਤਰਾ 95.8 ਦੇ ਵਿਚਕਾਰ ਅਤੇ ਹਵਾਵਾਂ ਦੀ ਰਫ਼ਤਾਰ 8.2 ਤੋਂ 17.0 ਕਿਲੋਮੀਟਰ ਪ੍ਰਤੀ ਘੰਟਾ ਰਹਿਣ ਦਾ ਅਨੁਮਾਨ ਹੈ।
ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।