Punjab Milk Price: ਪੰਜਾਬ ਸਰਕਾਰ ਨੇ ਵਧਾਈ ਦੁੱਧ ਦੀ ਖਰੀਦ ਦੀ ਕੀਮਤ, 2.5 ਲੱਖ ਕਿਸਾਨਾਂ ਨੂੰ ਮਿਲੇਗਾ ਫਾਇਦਾ
Milk Price: ਮਿਲਕਫੈੱਡ ਨੇ ਆਪਣੇ ਨਾਲ ਜੁੜੇ ਢਾਈ ਲੱਖ ਦੁੱਧ ਉਤਪਾਦਕਾਂ ਦੀ ਆਰਥਿਕ ਹਾਲਤ ਸੁਧਾਰਨ ਲਈ ਦੁੱਧ ਦੀ ਕੀਮਤ ਵਿੱਚ 20 ਰੁਪਏ ਪ੍ਰਤੀ ਕਿਲੋ ਫੈਟ ਵਧਾਉਣ ਦਾ ਫੈਸਲਾ ਕੀਤਾ ਹੈ।
ਚੰਡੀਗੜ੍ਹ: ਪੰਜਾਬ ਦੇ ਸਹਿਕਾਰਤਾ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਡੇਅਰੀ ਕਾਰੋਬਾਰ ਨਾਲ ਜੁੜੇ ਕਿਸਾਨਾਂ ਲਈ ਖੁਸ਼ਖਬਰੀ ਦਿੱਤੀ ਹੈ। 1 ਅਪ੍ਰੈਲ 2022 ਤੋਂ ਦੁੱਧ ਖਰੀਦਣ ਦੀ ਕੀਮਤ 20 ਰੁਪਏ ਪ੍ਰਤੀ ਕਿਲੋ ਫੈਟ ਵਧਾ ਦਿੱਤੀ ਗਈ ਹੈ।
ਦੱਸ ਦਈਏ ਕਿ ਹਰਪਾਲ ਚੀਮਾ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਦੌਰਾਨ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਵਿੱਚ ਹੋਏ ਵਾਧੇ ਦੇ ਨਾਲ-ਨਾਲ ਕਿਸਾਨਾਂ ਨੂੰ ਪਸ਼ੂਆਂ ਦੀ ਖੁਰਾਕ 'ਤੇ ਵੱਧ ਖਰਚ ਕਰਨਾ ਪੈ ਰਿਹਾ ਹੈ। ਇਹੀ ਕਾਰਨ ਹੈ ਕਿ ਦੁੱਧ ਉਤਪਾਦਕਾਂ ਦਾ ਮੁਨਾਫਾ ਘਟਿਆ ਹੈ। ਹੁਣ ਮਿਲਕਫੈੱਡ ਨੇ ਇਸ ਨਾਲ ਜੁੜੇ ਢਾਈ ਲੱਖ ਦੁੱਧ ਉਤਪਾਦਕਾਂ ਦੀ ਆਰਥਿਕ ਹਾਲਤ ਸੁਧਾਰਨ ਲਈ ਦੁੱਧ ਦੀ ਕੀਮਤ ਵਿੱਚ 20 ਰੁਪਏ ਪ੍ਰਤੀ ਕਿਲੋ ਫੈਟ ਦਾ ਵਾਧਾ ਕਰਨ ਦਾ ਫੈਸਲਾ ਕੀਤਾ ਹੈ।
ਇਸ ਤੋਂ ਪਹਿਲਾਂ ਵੀ ਮਿਲਕਫੈੱਡ ਨੇ 1 ਮਾਰਚ 2022 ਨੂੰ ਦੁੱਧ ਦੀ ਖਰੀਦ ਦੇ ਰੇਟ ਵਿੱਚ 20 ਰੁਪਏ ਪ੍ਰਤੀ ਕਿਲੋ ਫੈਟ ਦਾ ਵਾਧਾ ਕੀਤਾ ਸੀ। ਸਹਿਕਾਰਤਾ ਮੰਤਰੀ ਨੇ ਸਮੂਹ ਦੁੱਧ ਉਤਪਾਦਕਾਂ ਨੂੰ ਵੇਰਕਾ ਦੀਆਂ ਪਿੰਡ ਪੱਧਰੀ ਦੁੱਧ ਸਹਿਕਾਰੀ ਸਭਾਵਾਂ ਨਾਲ ਜੁੜਨ ਅਤੇ ਸਹਿਕਾਰਤਾ ਲਹਿਰ ਨੂੰ ਹੋਰ ਮਜ਼ਬੂਤ ਕਰਨ ਲਈ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਇਸ ਫੈਸਲੇ ਬਾਰੇ ਵਧੀਕ ਮੁੱਖ ਸਕੱਤਰ ਸਹਿਕਾਰਤਾ ਅਨੁਰਾਗ ਅਗਰਵਾਲ ਨੇ ਕਿਹਾ ਕਿ ਮਿਲਕਫੈੱਡ ਨੇ ਹਮੇਸ਼ਾ ਹੀ ਡੇਅਰੀ ਕਾਰੋਬਾਰ ਨਾਲ ਜੁੜੇ ਕਿਸਾਨਾਂ ਦੀ ਬਾਂਹ ਫੜੀ ਹੈ।
ਸੂਬੇ ਦੇ ਵਧੀਕ ਮੁੱਖ ਸਕੱਤਰ, ਸਹਿਕਾਰਤਾ ਅਨੁਰਾਗ ਅਗਰਵਾਲ ਨੇ ਦੱਸਿਆ ਕਿ ਕੋਵਿਡ ਮਹਾਂਮਾਰੀ ਦੇ ਸਮੇਂ ਜਦੋਂ ਨਿੱਜੀ ਖਰੀਦਦਾਰਾਂ ਨੇ ਦੁੱਧ ਖਰੀਦਣਾ ਬੰਦ ਕਰ ਦਿੱਤਾ ਸੀ। ਮਿਲਕਫੈੱਡ ਨੇ ਆਪਣੇ ਸੀਮਤ ਸਾਧਨਾਂ ਦੇ ਬਾਵਜੂਦ ਸਾਰਾ ਦੁੱਧ ਖਰੀਦਿਆ।
ਉਨ੍ਹਾਂ ਕਿਹਾ ਕਿ ਮਿਲਕਫੈੱਡ ਦੀ ਹਮੇਸ਼ਾ ਹੀ ਕੋਸ਼ਿਸ਼ ਰਹੀ ਹੈ ਕਿ ਦੁੱਧ ਉਤਪਾਦਕਾਂ ਦਾ ਉਤਪਾਦਨ ਵਧਾਇਆ ਜਾਵੇ ਅਤੇ ਚੰਗੀ ਗੁਣਵੱਤਾ ਵਾਲਾ ਦੁੱਧ ਪੈਦਾ ਕੀਤਾ ਜਾਵੇ, ਤਾਂ ਜੋ ਖਪਤਕਾਰ ਨੂੰ ਵੀ ਮਿਆਰੀ ਵੇਰਕਾ ਦੁੱਧ ਮਿਲ ਸਕੇ।
ਇਹ ਵੀ ਪੜ੍ਹੋ: ਜੰਮੂ-ਕਸ਼ਮੀਰ ਦੇ ਸ਼ੋਪੀਆਂ 'ਚ ਫੌਜ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ, ਇੱਕ ਅੱਤਵਾਦੀ ਢੇਰ, ਆਪਰੇਸ਼ਨ ਜਾਰੀ