Punjab Weather Update : ਪੰਜਾਬ 'ਚ ਪ੍ਰੇਸ਼ਾਨ ਕਰਨ ਲੱਗੀ ਗਰਮੀ , ਟੁੱਟਿਆ ਕਈ ਸਾਲਾਂ ਦਾ ਰਿਕਾਰਡ, ਅਜੇ ਹੋਰ ਵਧੇਗਾ ਤਾਪਮਾਨ
Punjab Weather Report : ਪੰਜਾਬ ਦਾ ਮੌਸਮ ਤੇਜ਼ੀ ਨਾਲ ਬਦਲ ਰਿਹਾ ਹੈ। ਇਸ ਦੇ ਨਾਲ ਹੀ ਤਾਪਮਾਨ ਨਿੱਤ ਨਵੇਂ ਰਿਕਾਰਡ ਬਣਾ ਰਿਹਾ ਹੈ। ਫਰਵਰੀ ਮਹੀਨੇ ਦੀ ਗਰਮੀ ਨੇ ਸਾਲ 2015 ਦਾ ਰਿਕਾਰਡ ਤੋੜ ਦਿੱਤਾ ਹੈ। ਸਾਲ 2015 ਵਿੱਚ ਵੱਧ ਤੋਂ ਵੱਧ ਤਾਪਮਾਨ 26 ਡਿਗਰੀ ਤੱਕ ਦਰਜ ਕੀਤਾ ਗਿਆ
ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਦੀ ਰਿਪੋਰਟ ਮੁਤਾਬਕ ਤਾਪਮਾਨ ਲਗਾਤਾਰ ਵਧਦਾ ਰਹੇਗਾ। ਤਾਪਮਾਨ ਆਮ ਨਾਲੋਂ ਵੱਧ ਦਰਜ ਕੀਤਾ ਜਾ ਰਿਹਾ ਹੈ। ਇਸ ਦੌਰਾਨ ਪਾਕਿਸਤਾਨ ਦੇ ਇਕ ਹਿੱਸੇ 'ਤੇ ਘੱਟ ਦਬਾਅ ਵਾਲਾ ਖੇਤਰ ਬਣ ਗਿਆ ਹੈ, ਜਿਸ ਕਾਰਨ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਨਾਲ ਤਾਪਮਾਨ ਵਿੱਚ ਗਿਰਾਵਟ ਆ ਸਕਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 2011 ਤੋਂ ਬਾਅਦ ਜਲੰਧਰ ਵਿੱਚ ਫਰਵਰੀ ਮਹੀਨੇ ਦਾ ਔਸਤ ਤਾਪਮਾਨ 5.9 ਡਿਗਰੀ ਵੱਧ ਗਿਆ ਹੈ। ਫਰਵਰੀ 2011 ਵਿੱਚ ਆਮ ਦਿਨ ਦਾ ਤਾਪਮਾਨ 22 ਡਿਗਰੀ ਸੀ ,ਜੋ ਵੱਧ ਕੇ 23 ਤੋਂ 25 ਹੋ ਗਿਆ ਹੈ। ਇਸ ਦੌਰਾਨ 2015 ਵਿੱਚ ਇਹ 26 ਡਿਗਰੀ ਤੱਕ ਪਹੁੰਚ ਗਿਆ ਸੀ। ਹੁਣ ਇਹ ਰਿਕਾਰਡ ਟੁੱਟ ਗਿਆ ਹੈ।
ਇਹ ਵੀ ਪੜ੍ਹੋ : NIA ਦੇ ਨਿਸ਼ਾਨੇ 'ਤੇ ਗੈਂਗਸਟਰ ਤੇ ਅੱਤਵਾਦੀ, ਬਿਸ਼ਨੋਈ-ਲੰਡਾ ਦੇ 70 ਟਿਕਾਣਿਆਂ 'ਤੇ ਛਾਪੇਮਾਰੀ, ਖੁੱਲ੍ਹਣਗੇ ਰਾਜ਼
ਆਮ ਨਾਲੋਂ ਕਈ ਡਿਗਰੀ ਵੱਧ ਚੱਲ ਰਿਹਾ ਘੱਟੋ-ਘੱਟ ਤਾਪਮਾਨ
ਮੌਸਮ ਵਿਭਾਗ ਦੀ ਰਿਪੋਰਟ ਅਨੁਸਾਰ ਮੰਗਲਵਾਰ ਨੂੰ ਪੰਜਾਬ ਅਤੇ ਹਰਿਆਣਾ ਵਿੱਚ ਘੱਟੋ-ਘੱਟ ਤਾਪਮਾਨ ਆਮ ਨਾਲੋਂ ਕਈ ਡਿਗਰੀ ਵੱਧ ਰਿਹਾ। ਮੌਸਮ ਵਿਭਾਗ ਦੀ ਰਿਪੋਰਟ ਅਨੁਸਾਰ ਪੰਜਾਬ ਦੇ ਅੰਮ੍ਰਿਤਸਰ ਵਿੱਚ ਘੱਟੋ-ਘੱਟ ਤਾਪਮਾਨ 16.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਨੌਂ ਡਿਗਰੀ ਵੱਧ ਹੈ, ਜਦੋਂ ਕਿ ਲੁਧਿਆਣਾ ਵਿੱਚ ਘੱਟੋ-ਘੱਟ ਤਾਪਮਾਨ 14.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ ਛੇ ਡਿਗਰੀ ਵੱਧ ਹੈ।
ਬਠਿੰਡਾ ਵਿੱਚ ਸਭ ਤੋਂ ਵੱਧ ਤਾਪਮਾਨ ਦਰਜ
ਇਸ ਤੋਂ ਇਲਾਵਾ ਪਟਿਆਲਾ ਦਾ ਘੱਟੋ-ਘੱਟ ਤਾਪਮਾਨ 14.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਪੰਜ ਡਿਗਰੀ ਵੱਧ ਸੀ, ਜਦਕਿ ਪਠਾਨਕੋਟ ਦਾ ਘੱਟੋ-ਘੱਟ ਤਾਪਮਾਨ 15.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਬਠਿੰਡਾ ਵਿੱਚ ਘੱਟੋ-ਘੱਟ ਤਾਪਮਾਨ 11.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਤਿੰਨ ਡਿਗਰੀ ਵੱਧ ਸੀ, ਜਦੋਂ ਕਿ ਫਰੀਦਕੋਟ ਅਤੇ ਗੁਰਦਾਸਪੁਰ ਵਿੱਚ ਘੱਟੋ-ਘੱਟ ਤਾਪਮਾਨ 14.6 ਅਤੇ 12 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਅਤੇ ਸ਼ਿਮਲਾ ਵਿੱਚ 17 ਸਾਲਾਂ ਵਿੱਚ ਫਰਵਰੀ ਦਾ ਸਭ ਤੋਂ ਗਰਮ ਦਿਨ ਦਰਜ ਕੀਤਾ ਗਿਆ।