Agriculture ; ਨਰਮੇ ਦਾ ਵੱਧ ਝਾੜ ਪਾਉਣ ਲਈ ਅਪਣਾਓ ਆਹ ਤਰੀਕੇ, ਕਿਸਾਨ ਵੀ ਹੋਵੇਗਾ ਖੁਸ਼ਹਾਲ
Farmer ਨਰਮਾ ਪੰਜਾਬ ਦੀ ਵਪਾਰਕ ਫ਼ਸਲ ਹੈ। ਅੱਜਕੱਲ੍ਹ ਇਸਦੀ ਪੈਦਾਵਾਰ ਘੱਟ ਰਹੀ ਹੈ, ਨਰਮੇ ਦੀ ਪੈਦਾਵਾਰ ਘਟਣ ਦੇ ਮੁੱਖ ਕਾਰਨਾਂ ਵਿਚੋਂ ਕੀੜੇ ਤੇ ਬਿਮਾਰੀਆਂ ਦਾ ਹਮਲਾ ਹੈ...
Agriculture : ਨਰਮਾ ਪੰਜਾਬ ਦੀ ਵਪਾਰਕ ਫ਼ਸਲ ਹੈ। ਅੱਜਕੱਲ੍ਹ ਇਸਦੀ ਪੈਦਾਵਾਰ ਘੱਟ ਰਹੀ ਹੈ, ਨਰਮੇ ਦੀ ਪੈਦਾਵਾਰ ਘਟਣ ਦੇ ਮੁੱਖ ਕਾਰਨਾਂ ਵਿਚੋਂ ਕੀੜੇ ਤੇ ਬਿਮਾਰੀਆਂ ਦਾ ਹਮਲਾ ਹੈ। ਨਰਮੇ 'ਤੇ ਪਾਏ ਜਾਣੇ ਵਾਲੇ ਕੀੜਿਆਂ ਨੂੰ ਦੋ ਭਾਗਾਂ 'ਚ ਵੰਡਿਆ ਜਾ ਸਕਦਾ ਹੈ, ਜਿਵੇਂ ਰਸ ਚੂਸਣ ਵਾਲੇ ਕੀੜੇ ਤੇ ਟੀਂਡਿਆਂ ਦੀ ਸੁੰਡੀ। ਬੀਟੀ ਨਰਮੇ ਉੱਪਰ ਟੀਂਡੇ ਦੀਆਂ ਸੁੰਡੀਆਂ ਦਾ ਹਮਲੇ ਘਟਿਆ ਹੈ ਪਰ ਰਸ ਚੂਸਣ ਵਾਲੇ ਕੀੜਿਆਂ ਚਿੱਟੀ ਮੱਖੀ, ਹਰਾ ਤੇਲਾ, ਜੂੰ ਤੇ ਮੀਲੀ ਬੱਗ ਦੇ ਹਮਲੇ 'ਚ ਵਾਧਾ ਹੋਇਆ ਹੈ। ਇਨ੍ਹਾਂ ਕੀੜਿਆਂ ਦੀ ਰੋਕਥਾਮ ਲਈ ਰਸਾਇਣਕ ਤੇ ਗ਼ੈਰ-ਰਸਾਇਣਕ ਢੰਗਾਂ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਕੀੜਿਆਂ ਦੀਆਂ ਕਿਸਮਾਂ -
ਚਿੱਟੀ ਮੱਖੀ - ਇਸ ਕੀੜੇ ਦੇ ਜੀਵਨ 'ਚ ਚਾਰ ਅਵਸਥਾ ਹੁੰਦੀਆਂ ਹਨ-ਆਂਡਾ, ਬੱਚਾ, ਪਿਊਪਾ ਤੇ ਬਾਲਗ। ਬਾਲਗ ਛੋਟੇ ਆਕਾਰ ਦੇ, ਚਿੱਟੇ ਰੰਗ ਦੇ ਹੁੰਦੇ ਹਨ। ਮਾਦਾ ਮੱਖੀ ਔਸਤ 57 ਆਂਡੇ ਦਿੰਦੀ ਹੈ। ਮੁਢਲੀ ਅਵਸਥਾ ਵਾਲੇ ਬੱਚੇ ਭੋਜਨ ਲਈ ਪੱਤੇ ਦੇ ਹੇਠਲੇ ਪਾਸੇ ਚਿਪਕ ਜਾਂਦੇ ਹਨ। ਬੱਚੇ ਦੀਆਂ ਪਹਿਲੀਆਂ ਤਿੰਨ ਅਵਸਥਾ 9-15 ਦਿਨ ਤਕ ਰਹਿੰਦੀਆਂ ਹਨ। ਬੱਚੇ ਦੀ ਅਖ਼ੀਰਲੀ ਅਵਸਥਾ (ਪਿਊਪਾ) 3-9 ਦਿਨ ਦੀ ਹੁੰਦੀ ਹੈ। ਮਾਦਾ ਮੱਖੀ ਦਾ ਜੀਵਨ ਕਾਲ 5-6 ਦਿਨ ਤੇ ਨਰ ਮੱਖੀ ਦਾ 4-5 ਦਿਨ ਹੁੰਦਾ ਹੈ। ਚਿੱਟੀ ਮੱਖੀ ਆਪਣਾ ਪੂਰਾ ਜੀਵਨ ਚੱਕਰ 26-44 ਦਿਨਾਂ 'ਚ ਪੂਰਾ ਕਰਦੀ ਹੈ। ਫ਼ਸਲ ਉੱਪਰ ਇਹ ਕੀੜਾ ਆਪਣੀਆਂ 11 ਪੁਸ਼ਤਾਂ ਪੂਰੀਆਂ ਕਰ ਸਕਦਾ ਹੈ।
ਹਰਾ ਤੇਲਾ - ਇਸ ਕੀੜੇ ਦੀਆਂ ਤਿੰਨ ਅਵਸਥਾ ਹਨ। ਬਾਲਗ ਹਲਕੇ ਹਰੇ ਜਾਂ ਪੀਲੇ ਰੰਗ ਦੇ ਹੁੰਦੇ ਹਨ ਤੇ ਇਨ੍ਹਾਂ ਦੇ ਅਗਲੇ ਖੰਭਾਂ ਦੇ ਅਖ਼ੀਰ 'ਚ ਕਾਲੇ ਧੱਬੇ ਹੁੰਦੇ ਹਨ। ਇਹ ਕੀੜਾ ਬਹੁਤ ਤੇਜ਼ ਉੱਡਣ ਦੇ ਸਮਰੱਥ ਹੈ। ਮਾਦਾ ਔਸਤ 40-60 ਆਂਡੇ ਦਿੰਦੀ ਹੈ। ਬੱਚੇ ਦਾ ਜੀਵਨ 4-8 ਦਿਨਾਂ ਦਾ ਹੁੰਦਾ ਹੈ ਤੇ ਬਾਲਗ 14-21 ਦਿਨ ਜਿਊਂਦੇ ਹਨ। ਨਰਮੇ ਦੀ ਫ਼ਸਲ ਦੌਰਾਨ ਇਹ ਕੀੜਾ 8-10 ਪੀੜ੍ਹੀਆਂ ਪੂਰੀਆਂ ਕਰ ਲੈਂਦਾ ਹੈ। ਪਹਿਲੀ ਤੇ ਦੂਸਰੀ ਅਵਸਥਾ ਪੱਤੇ ਦੀਆਂ ਨਾੜੀਆਂ ਨੇੜੇ ਤੇ ਬਾਅਦ ਵਾਲੀ ਅਵਸਥਾ ਸਾਰੇ ਪੱਤੇ ਤੋਂ ਰਸ ਚੂਸਦੀ ਹੈ। ਬਾਲਗ ਤੇ ਬੱਚੇ ਦੋਵੇਂ ਪੱਤਿਆਂ ਦੇ ਹੇਠਲੀ ਤਹਿ ਤੋਂ ਰਸ ਚੂਸਦੇ ਹਨ, ਜਿਸ ਕਰਕੇ ਪੱਤੇ ਕੰਨੀਆਂ ਤੋਂ ਪੀਲੇ ਪੈ ਕੇ ਹੇਠਾਂ ਵੱਲ ਮੁੜਨੇ ਸ਼ੁਰੂ ਹੋ ਜਾਂਦੇ ਹਨ। ਹੌਲੀ-ਹੌਲੀ ਹਮਲੇ ਵਾਲੇ ਪੱਤੇ ਪੂਰੀ ਤਰ੍ਹਾਂ ਝੁਰੜ-ਮੁਰੜ ਹੋ ਕੇ ਲਾਲ ਰੰਗ ਦੇ ਹੋ ਜਾਂਦੇ ਹਨ, ਜਿਸ ਨੂੰ 'ਹਾਪਰ ਬਰਨ' ਆਖਦੇ ਹਨ।
ਭੂਰੀ ਜੂੰ - ਇਸ ਕੀੜੇ ਦੇ ਜੀਵਨ ਦੀਆਂ ਪੰਜ ਅਵਸਥਾ ਹਨ-ਆਂਡਾ, ਬੱਚਾ, ਪ੍ਰੀ-ਪਿਊਪਾ, ਪਿਊਪਾ (ਕੋਆ) ਤੇ ਬਾਲਗ। ਬਾਲਗ ਪੀਲੇ ਭੂਰੇ ਤੇ ਇਕ ਮਿਲੀਮੀਟਰ ਲੰਬੇ ਹੁੰਦੇ ਹਨ। ਨਰ ਖੰਭ ਰਹਿਤ ਤੇ ਮਾਦਾ ਦੇ ਸਾਰੇ ਖੰਭਾਂ 'ਤੇ ਛੋਟੇ ਵਾਲਾਂ ਦੀ ਝਾਲਰ ਹੁੰਦੀ ਹੈ। ਮਾਦਾ 50-60 ਆਂਡੇ ਦਿੰਦੀ ਹੈ। ਬੱਚੇ ਦਾ ਜੀਵਨ 5-7 ਦਿਨ ਤੇ ਬਾਲਗ ਦਾ 3-10 ਦਿਨ ਹੁੰਦਾ ਹੈ। ਨਰਮੇ ਦੀ ਫ਼ਸਲ 'ਤੇ ਇਹ ਕੀੜਾ 7-9 ਪੀੜ੍ਹੀਆਂ ਪੂਰੀਆਂ ਕਰਦਾ ਹੈ। ਕੀੜੇ ਦੇ ਬਾਲਗ ਤੇ ਬੱਚੇ ਪੱਤੇ ਦੀ ਉਪਰਲੀ ਤਹਿ ਨੂੰ ਖੁਰਚਦੇ ਹਨ ਤੇ ਪੱਤਿਆਂ ਦਾ ਰਸ ਚੂਸਦੇ ਹਨ। ਸ਼ੁਰੂਆਤੀ ਅਵਸਥਾ 'ਚ ਪੱਤੇ ਦੀਆਂ ਨਾੜੀਆਂ ਦੁਆਲੇ ਚਮਕੀਲੀ ਧਾਰੀਆਂ ਦਿਖਾਈ ਦਿੰਦੀਆਂ ਹਨ ਤੇ ਬਾਅਦ 'ਚ ਇਹ ਧਾਰੀਆਂ ਸਾਰੇ ਪੱਤੇ 'ਤੇ ਫੈਲ ਜਾਂਦੀਆਂ ਹਨ। ਜ਼ਿਆਦਾ ਹਮਲਾ ਹੋਣ 'ਤੇ ਪੱਤੇ ਦੂਰੋਂ ਹੀ ਖ਼ਾਕੀ ਤੇ ਝੁਰੜ-ਮੁਰੜ ਜਾਪਦੇ ਹਨ।
ਨਰਮੇ ਦੇ ਚੰਗੇ ਝਾੜ ਲਈ - ਬੀਟੀ ਨਰਮੇ ਦੀਆਂ ਸਿਫ਼ਾਰਸ਼ ਕੀਤੀਆਂ ਕਿਸਮਾਂ ਦੀ ਬਿਜਾਈ ਕਰੋ। ਚਿੱਟੀ ਮੱਖੀ ਤੇ ਪੱਤਾ ਮਰੋੜ ਬਿਮਾਰੀ ਨਾਲ ਪ੍ਰਭਾਵਿਤ ਇਲਾਕਿਆਂ 'ਚ ਦੇਸੀ ਕਪਾਹ ਬੀਜੋ। ਖੇਤ ਨੂੰ ਡੂੰਘਾ ਵਾਹੋ ਤੇ ਬਿਜਾਈ ਤੋਂ ਪਹਿਲਾਂ ਭਰਵੀਂ ਰੌਣੀ ਕਰੋ। ਬਿਜਾਈ ਸਹੀ ਸਮੇਂ 'ਤੇ ਕਰੋ। ਨਾਈਟ੍ਰੋਜਨ ਖਾਦ ਸਿਫ਼ਾਰਸ਼ ਗਈ ਮਾਤਰਾ ਤੋਂ ਵੱਧ ਨਾ ਪਾਓ ਕਿਉਂਕਿ ਜ਼ਿਆਦਾ ਖਾਦ ਪਾਉਣ ਨਾਲ ਰਸ ਚੂਸਣ ਵਾਲੇ ਕੀੜਿਆਂ ਦੀ ਗਿਣਤੀ ਵਧਦੀ ਹੈ। ਜ਼ਮੀਨ ਦੀ ਕਿਸਮ ਅਨੁਸਾਰ ਨਰਮੇ ਨੂੰ ਪਹਿਲਾ ਪਾਣੀ 4-6 ਹਫ਼ਤੇ ਮਗਰੋਂ ਲਗਾਓ। ਆਖ਼ਰੀ ਪਾਣੀ ਸਤੰਬਰ ਦੇ ਅਖ਼ੀਰ 'ਚ ਲਗਾਓ। ਨਰਮੇ-ਕਪਾਹ ਦਾ ਜ਼ਿਆਦਾ ਝਾੜ ਲੈਣ ਲਈ 2 ਫ਼ੀਸਦੀ ਪੋਟਾਸ਼ੀਅਮ ਨਾਈਟਰੇਟ (13:0:45) ਦੇ ਚਾਰ ਛਿੜਕਾਅ ਇਕ ਹਫ਼ਤੇ ਦੇ ਵਕਫ਼ੇ 'ਤੇ ਕਰੋ ਤੇ ਪਹਿਲਾ ਛਿੜਕਾਅ ਫੁੱਲ ਪੈਣ ਦੇ ਸਮੇਂ ਕਰੋ।






















