ਪੰਜਾਬ 'ਚ ਦੀਵਾਲੀ ਮੌਕੇ ਕਿੰਝ ਰਹੇਗਾ ਮੌਸਮ? ਜਾਣੋ ਅਗਲੇ ਹਫਤੇ ਦਾ ਪੂਰਾ ਹਾਲ
ਪੰਜਾਬ 'ਚ ਇਸ ਸਾਲ ਦੀਵਾਲੀ ਮੌਕੇ ਵੀ ਮੌਸਮ ਸਾਫ਼ ਰਹੇਗਾ। ਵਿਭਾਗ ਦੀ ਭਵਿੱਖਬਾਣੀ ਮੁਤਾਬਕ 8 ਨਵੰਬਰ ਤੋਂ ਬਾਅਦ ਮੌਸਮ ਕਰਵਟ ਲਵੇਗਾ।
Weather Forecast Punjab: ਪੰਜਾਬ 'ਚ ਇਸ ਸਾਲ ਦੀਵਾਲੀ ਮੌਕੇ ਵੀ ਮੌਸਮ ਸਾਫ਼ ਰਹੇਗਾ। ਵਿਭਾਗ ਦੀ ਭਵਿੱਖਬਾਣੀ ਮੁਤਾਬਕ 8 ਨਵੰਬਰ ਤੋਂ ਬਾਅਦ ਮੌਸਮ ਕਰਵਟ ਲਵੇਗਾ। ਇਸ ਤੋਂ ਬਾਅਦ ਸੂਬੇ 'ਚ ਮੀਂਹ ਅਤੇ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਦੋ ਦਿਨ ਤਕ ਮੌਸਮ ਦਾ ਇਹੀ ਰੂਪ ਰਹੇਗਾ, ਜਿਸ ਕਾਰਨ ਕਿਸਾਨਾਂ ਦੀ ਚਿੰਤਾ ਵੱਧ ਸਕਦੀ ਹੈ। ਹਾਲਾਂਕਿ ਉਦੋਂ ਤਕ ਝੋਨੇ ਦੀ ਕਟਾਈ ਦਾ ਬਹੁਤਾ ਕੰਮ ਪੂਰਾ ਹੋ ਚੁੱਕਾ ਹੋਵੇਗਾ।
ਲੁਧਿਆਣਾ 'ਚ ਛਾਏ ਬੱਦਲ ਆਖਰਕਾਰ ਹਟ ਚੁੱਕੇ ਹਨ। ਬੁੱਧਵਾਰ ਦੀ ਸਵੇਰ ਧੁੱਪ ਸੀ। ਜਦੋਂ ਸੂਰਜ ਚੜ੍ਹਿਆ ਤਾਂ ਪਾਰਾ ਵੀ ਚੜ੍ਹ ਗਿਆ। ਸਵੇਰੇ 8 ਵਜੇ ਦੇ ਕਰੀਬ ਤਾਪਮਾਨ 18 ਡਿਗਰੀ ਸੈਲਸੀਅਸ ਸੀ। ਹਵਾ ਵੀ ਬੰਦ ਰਹਿਣ ਨਾਲ ਠੰਢ ਤੋਂ ਰਾਹਤ ਮਿਲੀ। ਮੌਸਮ ਵਿਭਾਗ ਅਨੁਸਾਰ ਹੁਣ ਆਉਣ ਵਾਲੇ ਹਫ਼ਤੇ ਤਕ ਤੇਜ਼ ਧੁੱਪ ਨਿਕਲੇਗੀ। ਇਸ ਕਾਰਨ ਦਿਨ ਦਾ ਤਾਪਮਾਨ ਵਧੇਗਾ, ਜਦਕਿ ਰਾਤ ਦਾ ਤਾਪਮਾਨ ਘੱਟ ਜਾਵੇਗਾ।
ਜਲੰਧਰ 'ਚ ਮੰਗਲਵਾਰ ਸਵੇਰੇ ਅਸਮਾਨ 'ਚ ਸੰਘਣੇ ਬੱਦਲ ਛਾਏ ਰਹਿਣ ਤੋਂ ਬਾਅਦ ਤੇਜ਼ ਮੀਂਹ ਪਿਆ। ਸਵੇਰੇ ਕੁਝ ਸਮੇਂ ਲਈ ਹਵਾ 'ਚ ਠੰਢਕ ਛਾਈ ਹੋਈ ਸੀ। ਇਸ ਤੋਂ ਬਾਅਦ ਦੁਪਹਿਰ ਤਕ ਤਾਪਮਾਨ 'ਚ ਤੇਜ਼ ਵਾਧਾ ਦਰਜ ਕੀਤਾ ਗਿਆ। ਬੁੱਧਵਾਰ ਤੋਂ ਮੌਸਮ ਸਾਫ਼ ਹੋ ਜਾਵੇਗਾ। ਦੀਵਾਲੀ ਤੋਂ ਬਾਅਦ ਤਾਪਮਾਨ 'ਚ ਗਿਰਾਵਟ ਆਵੇਗੀ। ਹਵਾ 'ਚ ਠੰਢਕ ਹੋਣ ਕਾਰਨ ਸਵੇਰ ਦੀ ਸੈਰ ਲਈ ਜਾਣ ਵਾਲੇ ਲੋਕ ਗਰਮ ਕੱਪੜੇ ਪਾ ਕੇ ਬਾਹਰ ਨਿਕਲੇ।
ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਇਕ ਹਫ਼ਤੇ 'ਚ ਘੱਟੋ-ਘੱਟ ਤਾਪਮਾਨ 'ਚ 3 ਡਿਗਰੀ ਸੈਲਸੀਅਸ ਦੀ ਗਿਰਾਵਟ ਆਉਣ ਦੀ ਸੰਭਾਵਨਾ ਹੈ। ਇਸ ਕਾਰਨ ਸਵੇਰ ਤੇ ਰਾਤ ਦੀ ਠੰਢ ਬਰਕਰਾਰ ਰਹੇਗੀ। ਬੁੱਧਵਾਰ ਨੂੰ ਵੱਧ ਤੋਂ ਵੱਧ 26 ਅਤੇ ਘੱਟ ਤੋਂ ਘੱਟ 15 ਡਿਗਰੀ ਸੈਲਸੀਅਸ ਤਕ ਪਹੁੰਚ ਸਕਦਾ ਹੈ।
ਹਾਸਲ ਜਾਣਕਾਰੀ ਅਨੁਸਾਰ ਨਵੰਬਰ ਦੇ ਦੂਜੇ ਹਫ਼ਤੇ ਤਕ ਪੰਜਾਬ 'ਚ 80 ਫੀਸਦੀ ਤੋਂ ਵੱਧ ਝੋਨੇ ਦੀ ਕਟਾਈ ਹੋ ਜਾਵੇਗੀ ਅਤੇ ਕਣਕ ਦੀ ਬਿਜਾਈ ਸ਼ੁਰੂ ਹੋ ਜਾਵੇਗੀ। ਹਾਲਾਂਕਿ ਜੇਕਰ ਇਸ ਵਾਰ ਮੀਂਹ ਪੈਂਦਾ ਹੈ ਤਾਂ ਕਿਸਾਨਾਂ ਨੂੰ ਕਾਫੀ ਨੁਕਸਾਨ ਸਹਿਣਾ ਪੈ ਸਕਦਾ ਹੈ।
ਮਾਹਿਰਾਂ ਨੂੰ ਡਰ ਹੈ ਕਿ ਜੇਕਰ ਕਿਸਾਨ ਅਜਿਹੇ ਮੌਸਮ ਦੌਰਾਨ ਖੇਤਾਂ 'ਚ ਪਰਾਲੀ ਨੂੰ ਅੱਗ ਲਗਾ ਦਿੰਦੇ ਹਨ ਤਾਂ ਲੋਕਾਂ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ। ਹਵਾ ਦੀ ਘਾਟ ਕਾਰਨ ਪਰਾਲੀ ਦੇ ਧੂੰਏਂ ਨਾਲ ਵਾਤਾਵਰਨ 'ਚ ਛਾਇਆ ਰਹਿੰਦਾ ਹੈ, ਲੋਕਾਂ ਨੂੰ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਕਿਸਾਨਾਂ ਨੂੰ ਪਰਾਲੀ ਨਹੀਂ ਸਾੜਨੀ ਚਾਹੀਦੀ ਹੈ।