ਚੰਡੀਗੜ੍ਹ: ਔਰਗੈਨਿਕ ਖੇਤੀ ਉਹ ਵਿਧੀ ਹੈ ਜਿਸ 'ਚ ਬਿਨਾਂ ਕੀਟਨਾਸ਼ਕ ਦਵਾਈਆਂ, ਬਿਨਾਂ ਸਪਰੇਆਂ ਕੁਦਰਤੀ ਢੰਗ ਨਾਲ ਖੇਤੀ ਕੀਤੀ ਜਾਂਦੀ ਹੈ। ਇਸ 'ਚ ਗੋਹੇ ਦੀ ਖਾਦ ਹਰੀ ਖਾਦ, ਜੈਵਿਕ ਖਾਦ ਆਦਿ ਦਾ ਇਸਤੇਮਾਲ ਕੀਤਾ ਜਾਂਦਾ ਹੈ। ਕਈ ਲੋਕ ਅੱਜਕੱਲ੍ਹ ਔਰਗੈਨਿਕ ਖੇਤੀ ਵੱਲ ਉਤਸ਼ਾਹਤ ਹੋਏ ਹਨ। ਇਸੇ ਤਰ੍ਹਾਂ ਰਾਜਸਥਾਨ ਦੀ ਇੱਕ ਔਰਤ ਕਿਸਾਨ ਨੇ ਜੈਵਿਕ ਖੇਤੀ ਨਾਲ ਆਪਣੀ ਤੇ ਪਰਿਵਾਰ ਦੀ ਜ਼ਿੰਦਗੀ 'ਚ ਨਵਾਂ ਬਦਲਾਅ ਲਿਆਂਦਾ ਹੈ।


ਰਾਜਸਥਾਨ ਦੇ ਸੀਕਰ ਜ਼ਿਲ੍ਹੇ ਦੇ ਪਿੰਡ ਬੇਰੀ ਦੀ ਰਹਿਣ ਵਾਲੀ ਸੰਤੋਸ਼ ਖੇਦੜ ਨੇ 2008 'ਚ ਅਨਾਰ ਦਾ ਬਾਗ ਲਾ ਕੇ ਖੇਤੀ ਸ਼ੁਰੂ ਕੀਤੀ। ਇਸ ਤੋਂ ਬਾਅਦ 2013 'ਚ ਨਰਸਰੀ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਹੀ ਮੋਸੰਮੀ, ਨਿੰਬੂ, ਸੰਤਰੇ, ਸੇਬ ਸਮੇਤ ਕਈ ਬੂਟੇ ਲਾਏ। ਕਰੀਬ ਇੱਕ ਏਕੜ ਦੀ ਖੇਤੀ ਤੋਂ ਹੀ ਸੰਤੋਸ਼ ਆਪਣੇ ਪਰਿਵਾਰ ਦਾ ਖਰਚ ਕੱਢਦੀ ਹੈ।


ਖੇਤੀਬਾੜੀ ਨੂੰ ਮੁਨਾਫੇ ਦਾ ਕਿੱਤਾ ਮੰਨਦਿਆਂ ਸੰਤੋਸ਼ ਨੇ ਆਪਣੇ ਬੱਚਿਆਂ ਨੂੰ ਇਸੇ ਵਿਸ਼ੇ 'ਚ ਪੜ੍ਹਾਈ ਕਰਵਾਈ ਹੈ। ਇਸ ਮਹਿਲਾ ਦੇ ਇੱਕ ਏਕੜ ਖੇਤ 'ਚ 450 ਪੌਦੇ ਹਨ। ਫਲਦਾਰ ਬੂਟਿਆਂ ਦੀ ਉਪਜ ਨੂੰ ਮਿਲਾ ਕੇ ਕਰੀਬ 13 ਲੱਖ ਰੁਪਏ ਆਮਦਨੀ ਹੁੰਦੀ ਹੈ। ਇਸ ਤੋਂ ਇਲਾਵਾ ਤਿਆਰ ਕੀਤੀ ਗਈ ਪਨੀਰੀ ਤੋਂ 15 ਤੋਂ 20 ਲੱਖ ਰੁਪਏ ਆਮਦਨ ਹੁੰਦੀ ਹੈ।


ਖੇਤੀਬਾੜੀ ਜੋ ਮੌਜੂਦਾ ਸਮੇਂ ਘਾਟੇ ਦਾ ਕਿੱਤਾ ਸਾਬਤ ਹੋਣ ਲੱਗਾ ਹੈ ਪਰ ਜੇਕਰ ਸਹੀ ਢੰਗ ਨਾਲ ਖੇਤੀ ਕੀਤੀ ਜਾਵੇ ਤਾਂ ਕਿਸਾਨ ਇਸ ਤੋਂ ਲਾਹਾ ਲੈ ਸਕਦੇ ਹਨ ਤੇ ਵੱਡੇ ਪੱਧਰ 'ਤੇ ਮੁਨਾਫਾ ਕਮਾ ਸਕਦੇ ਹਨ।


ਇਹ ਵੀ ਪੜ੍ਹੋ: